500 ਤੋਂ ਵੱਧ ਕੋਰੋਨਾ ਪਾਜ਼ਿਟਿਵ ਨੂੰ ਫ਼ਤਹਿ ਕਿੱਟ ਦਿੱਤੀਆਂ
ਅਸ਼ੋਕ ਵਰਮਾ ਬਠਿੰਡਾ , 12 ਮਈ 2021
ਸਿਵਲ ਸਰਜਨ ਬਠਿੰਡਾ ਡਾ ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਅੰਜੂ ਕਾਂਸਲ ਦੀ ਯੋਗ ਅਗਵਾਈ ਹੇਠ ਬਲਾਕ ਸੰਗਤ ਦੇ ਵੱਖ ਵੱਖ ਪਿੰਡਾਂ ਵਿੱਚ ਕੋਰੋਨਾ ਮਰੀਜ਼ਾਂ ਨੂੰ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਕੋਰੋਨਾ ਮਹਾਂਮਾਰੀ ਚ’ ਹੁਣ ਤੱਕ 505 ਕੋਰੋਨਾ ਪਾਜ਼ਿਟਿਵ ਕੇਸਾਂ ਨੂੰ ਕੋਰੋਨਾ ਫ਼ਤਹਿ ਕਿੱਟ ਦਿੱਤੀਆਂ ਜਾ ਚੁੱਕੀਆਂ ਹਨ। ਜਿਸ ਵਿਚ ਅਕਸੀਮੀਟਰ, ਸਟੀਮਰ ਅਤੇ ਹੋਰ ਦਵਾਈਆਂ ਆਦਿ ਸ਼ਾਮਲ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ ਐੱਮ ਓ ਡਾ ਅੰਜੂ ਕਾਂਸਲ ਨੇ ਕਿਹਾ ਕਿ ਬੇਸ਼ੱਕ ਕੋਰੋਨਾ ਮਹਾਂਮਾਰੀ ਕਾਰਨ ਪਿੰਡਾਂ ਵਿਚੋਂ ਕੋਰੋਨਾ ਪਾਜ਼ਿਟਿਵ ਮਰੀਜ਼ ਸਾਹਮਣੇ ਆ ਰਹੇ ਹਨ, ਲੇਕਿਨ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਮਹਾਂਮਾਰੀ ਚ’ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤਣਾਅ ਤੋਂ ਦੂਰ ਰਹਿਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ ਲੋਕਾਂ ਦੇ ਨਾਲ ਸਿਹਤ ਵਿਭਾਗ ਦਾ ਹਰ ਇੱਕ ਮੁਲਾਜ਼ਮ ਖੜ੍ਹਾ ਹੈ ਇਸ ਲਈ ਬਲਾਕ ਪੱਧਰ ਤੇ ਫ਼ੀਲਡ ਸਟਾਫ਼ ਦੀਆਂ ਰੈਪੀਡ ਰਿਸਪਾਂਸ ਟੀਮਾਂ ਗਠਿਤ ਹਨ ਜੋ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦਾ ਰੋਜ਼ਾਨਾ ਖ਼ੂਨ ਚ’ ਆਕਸੀਜਨ, ਬੁਖ਼ਾਰ ਆਦਿ ਰਿਕਾਰਡ ਤਿਆਰ ਕਰਦੇ ਹਨ ਅਤੇ ਸਮੇਂ ਸਮੇਂ ਤੇ ਡਾਕਟਰੀ ਸਲਾਹ ਦੇ ਲਈ ਦਸਦੇ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਪਿੰਡ ਕੋਈ ਵਿਅਕਤੀ ਕੋਰੋਨਾ ਪਾਜ਼ਿਟਿਵ ਆਉਂਦਾ ਹੈ ਤਾਂ ਉਸ ਨੂੰ ਘਬਰਾਉਣ ਦੀ ਲੋੜ ਨਹੀਂ , ਪਰਿਵਾਰਕ ਮੈਂਬਰ ਪਿੰਡ ਦੀ ਆਸ਼ਾ, ਹੈਲਥ ਵਰਕਰ ਜਾਂ ਏ ਐਨ ਐਮ ਨਾਲ ਸੰਪਰਕ ਕਰਕੇ ਕੋਰੋਨਾ ਫ਼ਤਿਹ ਕਿੱਟ ਪ੍ਰਾਪਤ ਕਰਨ ਦੇ ਨਾਲ ਸਲਾਹਕਾਰੀ ਪ੍ਰਾਪਤ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਫ਼ੈਲਣ ਤੋਂ ਬਚਾਅ ਲਈ ਲਗਾਤਰ ਬੁਖ਼ਾਰ, ਸਰੀਰ ਦਰਦ, ਖੰਘ ਜਾਂ ਸਾਂਹ ਲੈਣ ਚ’ ਦਿੱਕਤ ਜਿਹੇ ਲੱਛਣ ਸਾਹਮਣੇ ਆਉਣ ਤੇ ਤੁਰੰਤ ਨਜ਼ਦੀਕੀ ਸਿਹਤ ਸੰਸਥਾਂ ਨਾਲ ਸੰਪਰਕ ਕਰਕੇ ਆਪਣਾ ਕੋਰੋਨਾ ਟੈਸਟ ਕਰਵਾਇਆ ਜਾਵੇ ਤਾਂ ਜੋ ਸਮੇਂ ਸਿਰ ਇਲਾਜ਼ ਸ਼ੁਰੂ ਹੋ ਸਕੇ।
ਇਸ ਮੌਕੇ ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਲੜੀ ਨੂੰ ਤੋੜਨ ਦੇ ਲਈ ਮਾਸਕ ਦੀ ਵਰਤੋਂ, ਸਮਾਜਕ ਦੂਰੀ ਅਤੇ ਸਮੇਂ ਸਮੇਂ ਹੱਥ ਧੋਣ ਦੇ ਨਿਯਮਾਂ ਦਾ ਧਿਆਨ ਰੱਖਣ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਜੇਕਰ ਕੋਈ ਪੰਚਾਇਤ ਜਾਂ ਕਲੱਬ ਆਦਿ ਪਿੰਡ ਵਿੱਚ ਟੀਕਾਕਰਨ ਕਰਵਾਉਣਾ ਚਾਹੁੰਦੇ ਹਨ ਤਾਂ ਨਜ਼ਦੀਕੀ ਸਿਹਤ ਸੰਸਥਾਂ ਨਾਲ ਸੰਪਰਕ ਕਰ ਸਕਦੇ ਹਨ।
Advertisement