ਕਾਮਰੇਡ ਬਲਵੀਰ ਸਿੰਘ ਨੇ ਕਿਹਾ , ਇਨਸਾਫ ਨਾ ਮਿਲਿਆ ਤਾਂ ਵਿੱਢਾਗੇ ਸੰਘਰਸ਼
ਪ੍ਰਦੀਪ ਕਸਬਾ , ਬਰਨਾਲਾ 26 ਅਪ੍ਰੈਲ 2021
ਪੁਲਿਸ ਚੌਂਕੀ ਹੰਡਿਆਇਆ ਵੱਲੋਂ ਘਟਨਾ ਦੀ ਹਕੀਕਤ ਅਤੇ ਤੱਥਾਂ ਨੂੰ ਅਣਗੌਲਿਆਂ ਕਰਕੇ ਗਰੀਬ ਦਲਿਤ ਨੌਜਵਾਨ ਖਿਲਾਫ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਕੇਸ ਦਰਜ਼ ਕੀਤੇ ਜਾਣ ਤੋਂ ਬਾਅਦ ਦਲਿਤਾਂ ਵਿੱਚ ਕਾਫੀ ਰੋਸ ਫੈਲ ਗਿਆ ਹੈ । ਮੁਕਾਮੀ ਪੁਲਿਸ ਦੀ ਕਥਿਤ ਧੱਕੇਸ਼ਾਹੀ ਦੇ ਵਿਰੁੱਧ ਮੋਰਚਾ ਲਾਉਣ ਦੀ ਤਿਆਰੀ ਕਰ ਰਹੇ ਖੇਤ ਮਜਦੂਰ ਯੂਨੀਅਨ ਸੀਪੀਆਈਐਮ ਦੇ ਜਰਨਲ ਸਕੱਤਰ ਕਾਮਰੇਡ ਬਲਵੀਰ ਸਿੰਘ ਨੇ ਦੱਸਿਆ ਕਿ 24 ਅਪ੍ਰੈਲ ਨੂੰ ਲੜਕੀ ਦੇ ਪਰਿਵਾਰ ਦੀ ਜਿਆਦਤੀ ਤੋਂ ਖਫਾ ਹੋ ਕੇ ਲੜਕੇ ਅਤੇ ਲੜਕੀ ਵੱਲੋਂ ਇੱਕ ਖੇਤ ਦੀ ਮੋਟਰ ਦੇ ਕਮਰੇ ਵਿੱਚ ਲੁਕ ਕੇ ਕੋਈ ਜਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਦੀ ਕੋਸ਼ਿਸ਼ ਦੀ ਘਟਨਾ ਨੂੰ ਪੁਲਿਸ ਥਾਣੇਦਾਰ ਅਣਗੌਲਿਆਂ ਕਰਕੇ ਉਲਟਾ ਲੜਕੇ ਦੇ ਖਿਲਾਫ ਹੀ ਅਗਵਾ ਦਾ ਕੇਸ ਦਰਜ਼ ਕਰ ਦਿੱਤਾ। ਉਨਾਂ ਕਿਹਾ ਕਿ ਅਸੀਂ ਦਲਿਤ ਨੌਜਵਾਨ ਖਿਲਾਫ ਦਰਜ਼ ਝੂਠੇ ਕੇਸ ਨੂੰ ਚੁੱਪ ਚਾਪ ਬਰਦਾਸ਼ਤ ਨਹੀਂ ਕਰਾਂਗੇ । ਉਨਾਂ ਕਿਹਾ ਕਿ ਘਟਨਾ ਦੀ ਪੂਰੀ ਹਕੀਕਤ ਬਾਰੇ ਪੁਲਿਸ ਥਾਣੇਦਾਰ ਨੂੰ ਦੱਸਿਆ ਗਿਆ, ਪਰੰਤੂ ਉਸ ਨੇ ਉਨਾਂ ਦੀ ਇੱਕ ਨਹੀਂ ਸੁਣੀ। ਉਨਾਂ ਕਿਹਾ ਕਿ ਘਟਨਾ ਦੀ ਹਕੀਕਤ ਬਿਆਨ ਕਰਦਿਆਂ ਪੀੜਤ ਲੜਕੇ ਵੱਲੋਂ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੂੰ ਸ਼ਕਾਇਤਾਂ ਭੇਜ਼ੀਆਂ ਗਈਆਂ ਹਨ । ਉਨਾਂ ਕਿਹਾ ਕਿ ਜੇਕਰ ਪੁਲਿਸ ਨੇ ਅਸਲ ਦੋਸ਼ੀਆਂ ਖਿਲਾਫ ਕੇਸ ਦਰਜ਼ ਨਾ ਕੀਤਾ ਅਤੇ ਝੂਠਾ ਅਗਵਾ ਦਾ ਕੇਸ ਰੱਦ ਨਾ ਕੀਤਾ, ਫਿਰ ਅਸੀਂ ਸਮੂਹ ਇਨਸਾਫ ਪਸੰਦ ਧਿਰਾਂ ਨੂੰ ਨਾਲ ਲੈ ਕੇ ਸੰਘਰਸ਼ ਦਾ ਰਾਹ ਅਪਣਾਉਣ ਨੂੰ ਮਜਬੂਰ ਹੋਵਾਂਗੇ।
ਅੱਤਿਆਚਾਰ ਤੋਂ ਪੀੜਤ ਨੌਜਵਾਨ ਨੇ ਦੱਸਿਆ,,,
ਬਲਜਿੰਦਰ ਸਿੰਘ ਉਰਫ ਬਲਵਿੰਦਰ ਸਿੰਘ ਵਾਸੀ ਸਲਾਣੀ ਪੱਤੀ ਹੰਡਿਆਇਆ ਨੇ ਲਿਖਤੀ ਦੁਰਖਾਸਤ ਵਿੱਚ ਦੱਸਿਆ ਕਿ ਉਸ ਦਾ ਧਨੌਲਾ ਖੁਰਦ ਦੀ ਲੜਕੀ ਨਾਲ ਕਰੀਬ 2 ਵਰ੍ਹਿਆਂ ਤੋਂ ਪਿਆਰ ਚੱਲ ਰਿਹਾ ਸੀ। ਦੋਵੇਂ ਜਣੇ ਜਾਤੀ ਬੰਧਨ ਨੂੰ ਤੋੜ ਕੇ ਵਿਆਹ ਕਰਵਾਉਣਾ ਚਾਹੁੰਦੇ ਸਨ। ਪਰੰਤੂ ਇਹ ਗੱਲ ਅਖੌਤੀ ਉੱਚ ਜਾਤੀ ਨਾਲ ਸਬੰਧਿਤ ਕਹਾਉਂਦੇ ਲੜਕੀ ਦੇ ਪਰਿਵਾਰ ਨੂੰ ਪ੍ਰਵਾਨ ਨਹੀਂ ਸੀ। ਉਸ ਨੇ ਦੱਸਿਆ ਕਿ ਮੈਨੂੰ ਲੜਕੀ ਅਕਸਰ ਫੋਨ ਤੇ ਦੱਸਦੀ ਸੀ ਕਿ ਮੇਰੇ ਪਰਿਵਾਰ ਦੇ ਮੈਂਬਰ ਤੇਰੇ ਛੋਟੀ ਜਾਤੀ ਦਾ ਬਹਾਨਾ ਲਾ ਕੇ ਮੇਰੇ ਨਾਲ ਤੇਰਾ ਵਿਆਹ ਨਹੀਂ ਕਰਦੇ | ਉਨਾਂ ਕਿਹਾ ਕਿ ਲੜਕੀ ਦੇ ਪਰਿਵਾਰਿਕ ਮੈਂਬਰ ਸਾਡੇ ਪਿਆਰ ਤੋਂ ਖਫਾ ਸਨ ਅਤੇ ਪਹਿਲਾ ਵੀ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ।
24 ਅਪ੍ਰੈਲ ਨੂੰ ਕੀ ਹੋਇਆ ,,,
ਬਲਜਿੰਦਰ ਸਿੰਘ ਨੇ ਦੱਸਿਆ ਕਿ 24 ਅਪ੍ਰੈਲ ਨੂੰ ਲੜਕੀ ਨੇ ਉਸ ਨੂੰ ਫੋਨ ਕਰਕੇ ਬੁਲਾਇਆ ਤਾਂ ਅਸੀਂ ਧਨੌਲਾ ਖੁਰਦ ਤੋਂ ਹੰਡਿਆਇਆ-ਧਨੌਲਾ ਲਿੰਕ ਰੋਡ ਤੇ ਜਾ ਰਹੇ ਸੀ ਤਾਂ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਭਿਣਕ ਪੈਣ ਤੇ ਸਾਡਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਿੰਨਾ ਤੋਂ ਡਰਦੇ ਹੋਏ ਅਸੀਂ ਮਨੀ ਨਾਮ ਦੇ ਵਿਅਕਤੀ ਦੇ ਖੇਤ ਦੀ ਮੋਟਰ ਦੇ ਬਣੇ ਕਮਰੇ ਵਿਚ ਜਾ ਕੇ ਲੁਕ ਗਏ । ਜਿੱਥੇ ਉਕਤ ਸਾਰਿਆਂ ਨੇ ਆ ਕੇ ਸਾਡੀ ਦੋਵਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਕਮਰੇ ਨੂੰ ਜਿੰਦਾ ਲਾ ਦਿੱਤਾ । ਉਸੇ ਵਖਤ ਹੀ ਮੈਂ ਕਮਰੇ ਦੇ ਅੰਦਰੋਂ ਹੀ ਆਪਣੇ ਤਾਏ ਦੇ ਲੜਕੇ ਗੁਰਦੀਪ ਸਿੰਘ ਵਾਸੀ ਹੰਡਿਆਇਆ ਨੂੰ ਫੋਨ ਤੇ ਸਾਨੂੰ ਬੰਦੀ ਬਣਾਉਣ ਬਾਰੇ ਦੱਸਿਆ ਤਾਂ ਉਹ ਵੀ ਮੌਕੇ ਤੇ ਪਹੁੰਚ ਗਿਆ। ਉਸ ਨੇ ਮੌਕੇ ਤੇ ਆ ਕੇ ਵੀ ਉਕਤ ਵਿਅਕਤੀਆਂ ਦੀਆਂ ਮਿੰਨਤਾ ਤਰਲੇ ਕੀਤੇ । ਪਰੰਤੂ ਉਕਤ ਵਿਅਕਤੀਆਂ ਨੇ ਉਸ ਨਾਲ ਵੀ ਧੱਕਾ ਮੁੱਕੀ ਕੀਤੀ ਅਤੇ ਸਾਨੂੰ ਉਸ ਦੀ ਹਾਜ਼ਿਰੀ ਵਿੱਚ ਵੀ ਜਾਨ ਤੋਂ ਮਾਰਨ ਲਈ ਕਹਿੰਦੇ ਰਹੇ ਤਾਂ ਅਸੀਂ ਹੋਰ ਡਰ ਗਏ । ਅਸੀਂ ਉਕਤ ਵਿਅਕਤੀਆਂ ਦੇ ਡਰ ਤੋਂ ਦੋਵਾਂ ਨੇ ਕਮਰੇ ਅੰਦਰ ਪਈ ਕੀਟਨਾਸ਼ਕ ਦਵਾਈ ਪੀ ਲਈ , ਦਵਾਈ ਪੀਣ ਤੋਂ ਬਾਅਦ ਅਸੀਂ ਦੋਵਾਂ ਨੇ ਚੀਕਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸਾਨੂੰ ਤੜਫਦਿਆਂ ਦੇਖ ਕੇ ਮੇਰੇ ਤਾਏ ਦੇ ਲੜਕੇ ਗੁਰਦੀਪ ਸਿੰਘ ਨੇ ਆਪਣੇ ਭਰਾ ਨੂੰ ਫੋਨ ਕੀਤਾ ਤਾਂ ਉਹ ਵੀ ਮੌਕਾ ਪਰ ਆ ਗਿਆ । ਜਿਸ ਨੇ ਮੌਕੇ ਤੇ ਆ ਕੇ ਜਿੰਦਾ ਖੁਲਵਾਇਆ ਅਤੇ ਸਾਨੂੰ ਦੋਵਾਂ ਨੂੰ ਗੰਭੀਰ ਹਾਲਤ ਵਿੱਚ ਗੱਡੀ ਵਿੱਚ ਪਾ ਕੇ ਸਰਕਾਰੀ ਹਸਤਪਾਲ ਬਰਨਾਲਾ ਵਿਖੇ ਦਾਖਿਲ ਕਰਵਾਇਆ। ਪਰੰਤੂ ਡਾਕਟਰਾਂ ਵੱਲੋਂ ਹਾਲਤ ਗੰਭੀਰ ਕਾਰਨ ਸਾਨੂੰ ਦੋਵਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ।
ਬਲਜਿੰਦਰ ਸਿੰਘ ਨੇ ਦੱਸਿਆ ਕਿ ਇੱਕ ਏ ਐਸ ਆਈ ਪਟਿਆਲਾ ਹਸਪਤਾਲ ਵਿਖੇ ਪਹੁੰਚਿਆ ਅਤੇ ਮੇਰੇ ਪਰਿਵਾਰ ਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ । ਮੇਰੇ ਪਰਿਵਾਰ ਨੇ ਹੋਰ ਮੋਹਤਵਰ ਵਿਅਕਤੀਆਂ ਦੀ ਹਾਜਰੀ ਵਿੱਚ ਇੱਕ ਰਾਜੀਨਾਮਾ ਲਿਖ ਦਿੱਤਾ । ਜਿਸ ਵਿੱਚ ਇਹ ਤਹਿ ਹੋਇਆ ਕਿ ਮੇਰੇ ਪਰਿਵਾਰ ਵੱਲੋਂ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਜੋ ਸਾਡਾ ਇਲਾਜ ਚੱਲ ਰਿਹਾ ਸੀ । ਜਿਸ ਤੇ ਆਉਣ ਵਾਲਾ ਸਾਰਾ ਖਰਚਾ ਮੇਰੇ ਪਰਿਵਾਰ ਵੱਲੋਂ ਕੀਤਾ ਜਾਵੇਗਾ । ਪਰੰਤੂ ਲੜਕੀ ਦੇ ਪਰਿਵਾਰ ਵਾਲੇ ਉਸ ਨੂੰ ਕਿਸੇ ਨਿੱਜੀ ਹਸਪਤਾਲ ਵਿੱਚੋਂ ਇਲਾਜ ਕਰਵਾਉਣ ਲਈ ਡਾਕਟਰ ਨਾਲ ਗੱਲਬਾਤ ਕਰਕੇ ਹਸਪਤਾਲ ਵਿੱਚੋਂ ਲੈ ਗਏ । ਬਲਜਿੰਦਰ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਕੱਲ ਮਿਤੀ 25 ਅਪ੍ਰੈਲ ਨੂੰ ਏ ਐਸ ਆਈ ਨੂੰ ਵਾਰ ਵਾਰ ਸਾਡੇ ਦੋਵਾਂ ਦੇ ਬਿਆਨ ਲੈਣ ਲਈ ਕਿਹਾ ਗਿਆ । ਪਰੰਤੂ ਉਹ ਸਾਡੇ ਬਿਆਨ ਲੈਣ ਲਈ ਟਾਲਮਟੋਲ ਕਰਨ ਲੱਗਿਆ । ਉਸ ਨੇ ਕਿਹਾ ਕਿ ਅਨੁਸੂਚਿਤ ਜਾਤੀ ਦਾ ਵਿਅਕਤੀ ਹੋਣ ਕਾਰਨ ਮੈਨੂੰ ਇੱਕ ਝੂਠੇ ਕੇਸ ਵਿਚ ਫਸਾਇਆ ਜਾ ਰਿਹਾ ਹੈ ਅਤੇ ਅਸਲ ਤੱਥਾਂ ਨੂੰ ਲੁਕਾਇਆ ਜਾ ਰਿਹਾ ਹੈ । ਮੈਨੂੰ ਡਰ ਹੈ ਕਿ ਦੋਸ਼ੀ ਪ੍ਰਭਾਵਸ਼ਾਲੀ ਵਿਅਕਤੀ ਹਨ, ਪੁਲਿਸ ਮੁਲਾਜਮਾਂ ਨਾਲ ਸਾਜਬਾਜ ਕਰਕੇ ਮੈਨੂੰ ਝੂਠੇ ਕੇਸ ਵਿੱਚ ਨਾ ਫਸਾ ਦੇਣ । ਉੱਧਰ ਹੰਡਿਆਇਆ ਪੁਲਿਸ ਚੌਂਕੀ ਦੇ ਇੰਚਾਰਜ ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਲੜਕੀ ਨਾਬਾਲਿਗ ਹੈ, ਉਸ ਦੇ ਪਿਤਾ ਦੇ ਬਿਆਨ ਪਰ ਫਿਲਹਾਲ ਬਲਜਿੰਦਰ ਸਿੰਘ ਦੇ ਖਿਲਾਫ ਅਧੀਨ ਜੁਰਮ 363/366 ਆਈਪੀਸੀ ਦੇ ਤਹਿਤ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ਼ ਕੀਤਾ ਗਿਆ ਹੈ। ਮਾਮਲੇ ਦੀ ਤਫਤੀਸ਼ ਜਾਰੀ ਹੈ। ਤਫਤੀਸ਼ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।