ਸੰਤ ਰਾਮ ਉਦਾਸੀ  ਨੇ ਵਰਗ ਚੇਤਨਾ ਕਵਿਤਾ ਚ ਢਾਲ ਕੇ ਲੋਕ ਕਾਵਿ ਪਰੰਪਰਾ ਨੂੰ ਮਜ਼ਬੂਤ ਕੀਤਾ -ਡਾ: ਸ ਪ ਸਿੰਘ

Advertisement
Spread information

ਸੰਤ ਰਾਮ ਉਦਾਸੀ ਕਾਮਿਆਂ ਦਾ ਕਵੀ ਸੀ – ਗੁਰਭਜਨ ਗਿੱਲ

ਦਵਿੰਦਰ ਡੀਕੇ, ਲੁਧਿਆਣਾ: 23 ਅਪ੍ਰੈਲ 2021
ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਅਸੋਸੀਏਸ਼ਨ ਦੇ  ਸਹਿਯੋਗ ਨਾਲ ਲੋਕ ਕਵੀ ਸੰਤ ਰਾਮ ਉਦਾਸੀ ਦੇ 80 ਵੇਂ ਜਨਮ ਦਿਵਸ ਮੌਕੇ ਆਨਲਾਈਨ ਸਮਾਗਮ ਕਰਵਾਇਆ ਗਿਆ। ਸੁਆਗਤੀ ਸ਼ਬਦ ਬੋਲਦਿਆਂ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਗੁਰਭਜਨ ਗਿੱਲ ਨੇ ਕਿਹਾ ਕਿ ਸੰਤ ਰਾਮ ਉਦਾਸੀ ਕਾਮਿਆਂ ਦਾ ਕਵੀ ਸੀ ਜਿਸ ਨੇ 1939 ਤੋਂ 1986 ਤੀਕ ਦੇ ਸੰਖੇਪ ਜੀਵਨ ਕਾਲ ਚ ਅਨੇਕ ਸਿਖਰਾਂ ਛੋਹੀਆਂ। ਉਹ ਸੰਘਰਸ਼ਾਂ ਚ ਸਰਕਾਰੀ ਜਬਰ ਦਾ ਸ਼ਿਕਾਰ ਵੀ ਹੋਇਆ ਤੇ ਹਰ ਵਰਗ ਦੀ ਲੁੱਟ ਦੇ ਖਿਲਾਫਂ ਖੁੱਲ੍ਹ ਕੇ ਬੋਲਿਆ। ਕਵੀ ਦਰਬਾਰਾਂ ਚ ਉਸ ਦੀ ਆਵਾਜ਼ ਇੰਜ ਗੂੰਜਦੀ ਸੀ ਜਿਵੇਂ ਧਰਤੀ ਆਪਣੀ ਪੀੜ ਅੰਬਰ ਨੂੰ ਉਦਾਸੀ ਦੀ ਆਵਾਜ਼ ਰਾਹੀਂ ਸੁਣਾ ਰਹੀ ਹੋਵੇ।
ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਕਰਦਿਆਂ ਕਿਹਾ ਕਿ ਲੋਕ ਪੱਖੀ ਕਵਿਤਾ ਦੀ ਆਰੰਭਤਾ ਗੁਰੂ ਨਾਨਕ ਦੇਵ ਜੀ ਨੇ 14 ਵੀਂ ਸਦੀ ਚ ਆਰੰਭੀ ਜਿਸ ਨੂੰ ਲੋਕ ਸੰਘਰਸ਼ ਦੇ ਰਾਹ ਗੁਰੂ ਗੋਬਿੰਦ ਸਿੰਘ ਜੀ ਨੇ ਤੋਰਿਆ। ਪੰਜਾਬੀ ਜਨ ਜੀਵਨ ਵਿੱਚ ਬਾਹਰਲੀਆਂ ਸ਼ਕਤੀਆਂ ਦੇ ਵਿਰੋਧ ਦੀ ਜਵਾਲਾ ਹੁਣ ਤੀਕ ਬਲ ਰਹੀ ਹੈ। ਸੰਤ ਰਾਮ ਉਦਾਸੀ ਕਾਵਿ ਉਸ ਦਾ ਅਹਿਮ ਪੜਾਅ ਹੈ। ਉਨ੍ਹਾਂ ਕਿਹਾ ਕਿ ਲੋਕ ਪੱਖੀ ਕਾਵਿ ਪਰੰਪਰਾ ਦਾ ਮੁਲਾਂਕਣ ਵਿਸ਼ਾਲ ਪ੍ਰਸੰਗ ਚ ਕਰਨ ਦੀ ਲੋੜ ਹੈ। ਉਸ ਵਰਗ ਚੇਤਨਾ ਨੂੰ ਕਵਿਤਾ ਚ ਢਾਲ ਕੇ ਲੋਕ ਕਾਵਿ ਪਰੰਪਰਾ ਨੂੰ ਮਜ਼ਬੂਤ ਕੀਤਾ।
ਮੁੱਖ ਭਾਸ਼ਨ ਦਿੰਦਿਆਂ ਡਾ. ਹਰਿੰਦਰ ਕੌਰ ਸੋਹਲ ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕਿਹਾ ਕਿ ਸੰਤ ਰਾਮ ਉਦਾਸੀ ਦਾ ਜੀਵਨ ਤੇ ਕਲਾਮ ਸੰਰਸ਼ ਦੀ ਉਪਜ ਹੈ। ਇਸ ਦੇ ਲੋਕ ਧਾਰਾਈ ਕਾਵਿ ਧਰਾਤਲ ਦਾ ਅਧਿਐਨ ਕਰਨ ਲਈ ਉਹ ਨੇੜ ਭਵਿੱਖ ਚ ਯੋਜਨਾ ਬਣਾਉਣਗੇ। ਪੰਜਾਬੀ ਕਹਾਣੀਕਾਰ ਤੇ ਸੰਤ ਰਾਮ ਉਦਾਸੀ ਕਾਵਿ ਆਲੋਚਨਾ ਦੇ ਸੰਪਾਦਕ ਅਜਮੇਰ ਸਿੱਧੂ ਨੇ  ਵਿਸ਼ੇਸ਼ ਮਹਿਮਾਨ ਵਜੋਂ ਸਮੇਟਵੀਂ ਚਰਚਾ ਕਰਦਿਆਂ ਕਿਹਾ ਕਿ ਲੋਕ ਸੰਘਰਸ਼ਾਂ ਚ ਅੱਜ ਵੀ ਉਦਾਸੀ ਸਭ ਤੋਂ ਕਾਰਗਰ ਹਥਿਆਰ ਵਾਂਗ ਪੇਸ਼ ਕੀਤਾ ਜਾ ਰਿਹਾ ਹੈ। ਕਵੀ ਦਰਬਾਰ ਵਿੱਚ ਗੁਰਚਰਨ ਕੌਰ ਕੋਚਰ ਡਾ. ਦੇਵਿੰਦਰ ਦਿਲਰੂਪ, ਗੁਰਜੰਟ ਸਿੰਘ ਕਾਲਾ ਪਾਇਲ ਵਾਲਾ, ਤ੍ਰੈਲੋਚਨ ਲੋਚੀ , ਮਨਜਿੰਦਰ ਧਨੋਆ , ਰਵੀਦੀਪ ਰਵੀ , ਡਾ: ਅਸ਼ਵਨੀ ਭੱਲਾ ਤੇ ਗੁਰਭਜਨ ਗਿੱਲ ਸ਼ਾਮਿਲ ਹੋਏ।
ਇਸ ਸਮਾਗਮ ਵਿੱਚ ਸੰਤ ਰਾਮ ਉਦਾਸੀ ਦੇ ਸਭ ਤੋਂ ਵੱਧ ਗੀਤ ਗਾਉਣ ਵਾਲੇ ਗਾਇਕ ਸ਼ਿੰਗਾਰਾ ਸਿੰਘ ਚਾਹਲ,ਵਿਜੈ ਯਮਲਾ ਜੱਟ ਪੰਜਾਬੀ ਯੂਨੀਵਰਸਿਟੀ, ਕਰਮਜੀਤ ਗਰੇਵਾਲ ਲਲਤੋਂ, ਰਾਮ ਸਿੰਘ ਅਲਬੇਲਾ, ਸੰਪੂਰਨ ਸਿੰਘ ਅਮਨਦੀਪ ਸਿੰਘ ਤੇ ਦਰਸ਼ਨ ਸਿੰਘ ਗੁਰੂ ਦਾ ਟੱਲੇਵਾਲੀਆ ਕਵੀਸ਼ਰੀ ਜਥਾ ਤੇ ਪ੍ਰੋ: ਸ਼ੁਭਾਸ਼ ਦੁੱਗਲ ਜਲੰਧਰ ਨੇ ਆਪੋ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ।
ਇਸ ਸਮਾਗਮ ਵਿੱਚ ਲੋਕ ਕਵੀ ਸੰਤ ਰਾਮ ਉਦਾਸੀ ਜੀ ਦਾ ਪਰਿਵਾਰ ਵਿੱਚੋਂ ਉਸ ਦੇ ਨਿੱਕੇ ਵੀਰ ਤੇ ਲੋਕ ਗਾਇਕ ਗੁਰਦੇਵ ਸਿੰਘ ਕੋਇਲ ਜਲੰਧਰ ਤੇ ਵੱਡੀ ਬੇਟੀ ਇਕਬਾਲ ਕੌਰ ਉਦਾਸੀ ਤੋਂ ਇਲਾਵਾ ਹੋਰ ਸਬੰਧੀ ਵੀ ਸ਼ਾਮਿਲ ਹੋਏ। ਇਕਬਾਲ ਉਦਾਸੀ ਨੇ ਪਰਿਵਾਰ ਵੱਲੋਂ ਇਹ ਸੁੰਦਰ ਸਮਾਗਮ ਔਨਲਾਈਨ ਰੂਪ ਚ ਕਰਵਾਉਣ ਲਈ ਧੰਨਵਾਦ ਕੀਤਾ।
Advertisement
Advertisement
Advertisement
Advertisement
Advertisement
error: Content is protected !!