ਹਨੀ ਟ੍ਰੈਪ ‘ਚ ਲੋਕਾਂ ਨੂੰ ਫਸਾਉਣ ਵਾਲਾ ਗੈਂਗ ਆਖਿਰ ਪੁਲਿਸ ਦੇ ਟ੍ਰੈਪ ਵਿੱਚ ਫਸਿਆ, 1 ਔਰਤ ਸਣੇ 5 ਦੋਸ਼ੀ ਕਾਬੂ

Advertisement
Spread information

ਹੈਲੋ- ਹੈਲੋ ,,, ਜੀ, ਤੁਸੀਂ ਮੈਨੂੰ ਬਹੁਤ ਸੋਹਣੇ ਲੱਗਦੇ ਉਂ , ਮੈਨੂੰ ਥੋਡ੍ਹਾ ਪਿਆਰ ਆਉਂਦੈ,,,,

ਸ਼ੱਕ ਦੇ ਘੇਰੇ ‘ਚ ਆਈ 2 ਥਾਣੇਦਾਰਾਂ , 1 ਵਿਜੀਲੈਂਸ ਮੁਲਾਜ਼ਮ ਅਤੇ ਪਟਿਆਲਾ ਜਿਲ੍ਹੇ ਦੀ 1 ਬਲਾਕ ਸੰਮਤੀ ਦੇ ਚੇਅਰਮੈਨ ਦੀ ਭੂਮਿਕਾ

ਐਸ.ਐਸ.ਪੀ. ਸੰਦੀਪ ਗੋਇਲ ਦੀ ਕਪਤਾਨੀ ਬੜ੍ਹਕ, ਦੋਸ਼ੀ ਕਿੰਨ੍ਹੇ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਣ, ਬਖਸ਼ੇ ਨਹੀਂ ਜਾਣਗੇ


ਹਰਿੰਦਰ ਨਿੱਕਾ , ਬਰਨਾਲਾ 23 ਅਪ੍ਰੈਲ 2021

    ਹੈਲੋ, ਹੈਲੋ ,,, ਜੀ, ਤੁਸੀਂ ਮੈਨੂੰ ਬਹੁਤ ਸੋਹਣੇ ਲੱਗਦੇ ਉਂ , ਮੈਨੂੰ ਥੋਡਾ ਬਹੁਤ ਪਿਆਰ ਆਉਂਦੈ,,,, ਥੋਨੂੰ ਮਿਲਣ ਨੂੰ ਜੀਅ ਕਰਦੈ , ਜੀ ਹਾਂ ਕਿਸੇ ਕੁੜੀ ਦੀ ਅਜਿਹੀ ਮਨ ਨੂੰ ਮੋਹ ਲੈਣ ਵਾਲੀ ਬੜੀ ਮਿੱਠੀ ਤੇ ਪਿਆਰੀ ਜਿਹੀ ਫੋਨ ਕਾਲ ਕਦੇ ਤੁਹਾਨੂੰ ਵੀ ਆ ਸਕਦੀ ਹੈ। ਜਰਾ ਸੰਭਲ ਕੇ , ਕਿਤੇ ਬਣਾਉਟੀ ਮੋਹ ਦੇ ਜਾਲ ਵਿੱਚ ਫਸ ਕੇ ਲੁੱਟੇ ਨਾ ਜਾਇਉ । ਲੰਬੇ ਅਰਸੇ ਤੋਂ ਹਨੀ ਟ੍ਰੈਪ ‘ਚ ਲੋਕਾਂ ਨੂੰ ਫਸਾ ਕੇ ਲੱਖਾਂ ਰੁਪਏ ਬਟੋਰਨ  ਵਾਲੇ ਅਜਿਹੇ ਹੀ ਇੱਕ ਵੱਡੇ ਗੈਂਗ ਦਾ ਬਰਨਾਲਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਬਰਨਾਲਾ ਜਿਲ੍ਹੇ ਦੇ ਗੁਆਂਢੀ ਹੋਰ ਕਈ ਜਿਲ੍ਹਿਆਂ ਵਿੱਚ ਫੈਲੇ ਇਸ ਹਨੀ ਟ੍ਰੈਪ ਗੈਂਗ ਦੇ ਬੇਨਕਾਬ  ਹੋਣ ਤੋਂ ਬਾਅਦ ਅਜਿਹਾ ਕੌੜਾ ਸੱਚ ਵੀ ਸਾਹਮਣੇ ਆਇਆ ਹੈ ਕਿ ਗੈਂਗ ਵਿੱਚ ਕੁੱਝ ਪੁਲਿਸ ਅਧਿਕਾਰੀਆਂ ਅਤੇ ਵਿਜੀਲੈਂਸ ਵਿਭਾਗ ਦੇ ਮੁਲਾਜਮ ਤੋਂ ਇਲਾਵਾ ਇੱਕ ਰਾਜਨੀਤਕ ਵਿਅਕਤੀ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੁਲਿਸ ਨੇ ਕੇਸ ਦਰਜ਼ ਕਰਦਿਆਂ ਹੀ ਗੈਂਗ ਦੀ ਸਰਗਨਾ 1 ਔਰਤ ਸਮੇਤ ਗੈਂਗ ਦੇ 5 ਮੈਂਬਰਾਂ ਨੂੰ ਗਿਰਫਤਾਰ ਵੀ ਕਰ ਲਿਆ ਹੈ। ਜਿੰਨ੍ਹਾਂ ਦਾ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਿਲ ਕਰਕੇ ਗੈਂਗ ਦੀਆਂ ਹੋਰ ਪਰਤਾਂ ਵੀ ਉਧੇੜੀਆਂ ਜਾਣਗੀਆਂ। ਹਨੀ ਟ੍ਰੈਪ ਗੈਂਗ ਦੇ ਬੇਨਕਾਬ ਹੋ ਜਾਣ ਨਾਲ ਜਿੱਥੇ ਭੋਲੀਆਂ-ਭਾਲੀਆਂ ਨਾਬਾਲਿਗ ਕੁੜੀਆਂ ਦੇ ਸ਼ਰੀਰਿਕ ਸੋਸ਼ਣ ਨੂੰ ਠੱਲ੍ਹ ਪੈ ਸਕਦੀ ਹੈ। ਉੱਥੇ ਹੀ ਹਨੀ ਟ੍ਰੈਪ ਵਿੱਚ ਉਲਝ ਕੇ, ਆਪਣੀ ਇੱਜਤ ਤੇ ਪੈਸਾ ਗੁਆਉਣ ਵਾਲੇ ਲੋਕਾਂ ਨੂੰ ਵੀ ਕੁਝ ਸਮੇਂ ਲਈ ਹੀ ਸਹੀ, ਸੁੱਖ ਦਾ ਸਾਂਹ ਜਰੂਰ ਆ ਸਕਦੈ । ਹਨੀ ਟ੍ਰੈਪ ਗੈਂਗ ਦੇ ਪੁਲਿਸ ਦੀ ਪਕੜ੍ਹ ਵਿੱਚ ਆ ਜਾਣ ਕਾਰਣ ਗੈਂਗ ਨਾਲ ਸਿੱਧੇ-ਅਸਿੱਧੇ ਢੰਗ ਨਾਲ ਸੰਪਰਕ ਰੱਖਣ ਵਾਲਿਆਂ ਦੀ ਰਾਤਾਂ ਦੀ ਨੀਂਦ ਵੀ ਉੱਡ ਪੁੱਡ ਗਈ ਹੈ।

Advertisement

ਆਖਿਰ ਕਿਵੇਂ ਬੇਨਕਾਬ ਹੋਇਆ ਹਨੀ ਟ੍ਰੈਪ ਗੈਂਗ

   ਲੰਘੀ 15 ਮਾਰਚ ਦੀ ਸ਼ਾਮ ਦਾ ਸਮਾਂ ਹੋਵੇਗਾ, ਪਿੰਡ ਅਕਲੀਆਂ ,ਜਿਲ੍ਹਾ ਮਾਨਸਾ ਦੇ ਰਹਿਣ ਵਾਲੇ ਗੁਰਤੇਜ਼ ਸਿੰਘ ਦੇ ਫੋਨ ਦੀ ਘੰਟੀ ਖੜ੍ਹਕੀ, ਬੜੀ ਪਿਆਰੀ ਤੇ ਮਿੱਠੀ ਜਿਹੀ ਅਵਾਜ ਵਿੱਚ ਇੱਕ ਔਰਤ ਬੋਲੀ, ਤੁਸੀਂ ਗੁਰਤੇਜ਼ ਸਿੰਘ ਬੋਲ ਰਹੇ ਹੋਂ ਜੀ, ਮੈਂਨੂੰ ਤੁਸੀਂ ਬਹੁਤ ਸੋਹਣੇ ਲੱਗਦੇ ਉਂ, ਮੈਂ ਥੋਨੂੰ ਮਿਲਣਾ ਚਾਹੁੰਦੀ ਹਾਂ। ਕਿਸੇ ਕੁੜੀ ਦੀ ਦਿਲਕਸ਼ ਅਵਾਜ ਸੁਣ ਕੇ ਗੁਰਤੇਜ ਸਿੰਘ ਦੇ ਪੈਰ ਧਰਤੀ ਤੇ ਨਾ ਲੱਗਣ, ਗੁਰਤੇਜ਼ ਨੇ ਕਿਹਾ ,ਜਦੋਂ ਮਰਜੀ ਆ ਜਾਉ। ਕੁੜੀ ਨੇ ਝੱਟ ਦੇਣੇ ਕਹਿ ਦਿੱਤਾ ਕਿ ਮੈਂ ਕੱਲ੍ਹ ਤੁਹਾਨੂੰ ਮਿਲਣ ਲਈ ਬਰਨਾਲਾ ਆ ਰਹੀ ਹਾਂ । ਕਿਸੇ ਕੁੜੀ ਵੱਲੋਂ ਮਿਲਣ ਦੀ ਗੱਲ ਸੁਣ ਕੇ ਗੁਰਤੇਜ ਸਿੰਘ ਨੂੰ ਚਾਅ ਜਿਹਾ ਚੜ੍ਹ ਗਿਆ। ਕੁੜੀ ਨੇ ਆਪਣਾ ਨਾਮ ਸੰਦੀਪ ਕੌਰ ਦੱਸਿਆ। ਨਿਸ਼ਚਿਤ ਸਮੇਂ ਤੇ 16 ਮਾਰਚ ਨੂੰ ਸੰਦੀਪ ਕੌਰ ਆਪਣੇ ਹੋਰ ਸਾਥੀਆਂ ਨਾਲ ਬੱਸ ਅੱਡੇ ਤੇ ਪਹੁੰਚ ਗਈ। ਪਰੰਤੂ ਸੰਦੀਪ ਦੇ ਹੋਰ ਸਾਥੀਆਂ ਬਾਰੇ, ਗੁਰਤੇਜ ਸਿੰਘ ਅਤੇ ਉਸਦੇ ਦੋਸਤ ਗੁਰਸੇਵਕ ਸਿੰਘ ਨੂੰ ਕੋਈ ਭਿਣਕ ਨਾ ਪਈ। ਸੰਦੀਪ ਕੌਰ ਤੇ ਉਸ ਦੇ ਸਾਥੀ, ਆਪਣੇ ਨਾਲ ਇੱਕ ਨਾਬਾਲਿਗ ਕੁੜੀ, ਕਾਲਪਨਿਕ ਨਾਮ ਹਸਨਪ੍ਰੀਤ ਨੂੰ ਵੀ ਲੈ ਕੇ ਆਏ ਸਨ । ਸੰਦੀਪ ਕੌਰ ਨੇ ਹੁਸਨਪ੍ਰੀਤ ਕੌਰ ਨੂੰ ਗੁਰਤੇਜ ਸਿੰਘ ਹੋਰਾਂ ਦੀ ਗੱਡੀ ਵਿੱਚ ਬਿਠਾ ਦਿੱਤਾ ਅਤੇ ਖੁਦ ਆਪਣੇ ਸਾਥੀਆਂ ਸਮੇਤ ਉਨਾਂ ਦੇ ਪਿੱਛੇ ਪਿੱਛੇ ਖੁੱਡੀ ਕਲਾਂ ਦੇ ਖੇਤਾਂ ਵਿੱਚ ਦਰਸ਼ਨ ਸਿੰਘ ਸੰਘੇੜਾ ਦੀ ਮੋਟਰ ਤੇ ਪਹੁੰਚ ਗਏ। ਹਾਲੇ ਗੁਰਤੇਜ ਸਿੰਘ ਵਗੈਰਾ ਨੇ ਚਾਹ ਹੀ ਧਰੀ ਸੀ ਕਿ ਇੱਨ੍ਹੇ ਵਿੱਚ ਹੀ ਸੰਦੀਪ ਕੌਰ, ਉਸਦਾ ਆਸ਼ਿਕ ਪ੍ਰਦੀਪ ਸਿੰਘ ਪਿੰਡ ਧਾਂਦਰਾ,ਜਿਲ੍ਹਾ ਲੁਧਿਆਣਾ ਹਾਲ ਵਾਸੀ ਸੁਨਾਮ, ਗੁਰਪ੍ਰੀਤ ਸਿੰਘ ਵਿੱਕੀ ,ਧੂਰੀ, ਬਿੱਕਰ ਸਿੰਘ ਮਾਧੋਪੁਰੀ ਧੂਰੀ, ਸੁਖਪਾਲ ਸਿੰਘ ਮਾਧੋਪੁਰੀ ਧੂਰੀ ਵੀ ਆਪਣੀ ਕਾਰ ਵਿੱਚ ਪਹੁੰਚ ਗਏ। ਜਿੰਨਾਂ ਨੇ ਗੁਰਤੇਜ ਸਿੰਘ ਤੇ ਗੁਰਸੇਵਕ ਸਿੰਘ ਦੀ ਬੇਰਹਿਮੀ ਨਾਲ ਇਹ ਕਹਿੰਦਿਆਂ ਕੁੱਟਮਾਰ ਸ਼ੁਰੂ ਕਰ ਦਿੱਤੀ ਕਿ ਤੁਸੀਂ ਹੁਸਨਪ੍ਰੀਤ ਨਾਲ ਬਲਾਤਕਾਰ ਕੀਤਾ ਹੈ। ਫਿਰ ਸ਼ੁਰੂ ਹੋ ਗਿਆ, ਬਲੈਕਮੇਲ ਕਰਨ ਦਾ ਸਿਲਸਿਲਾ, ਦੋਸ਼ੀਆਂ ਨੂੰ ਬਲਾਤਕਾਰ ਦਾ ਕੇਸ ਦਰਜ਼ ਕਰਵਾਉਣ ਦਾ ਭੈਅ ਦਿਖਾ ਕੇ ਬਲੈਕਮੇਲ ਕਰਦਿਆਂ 25 ਲੱਖ ਰੁਪਏ ਦੀ ਡਿਮਾਂਡ ਸ਼ੁਰੂ ਕਰ ਦਿੱਤੀ। ਨਾਂਹ ਨੁੱਕਰ ਕਰਨ ਤੇ ਗੈਂਗ ਦੇ ਉਕਤ ਸਾਰੇ ਮੈਂਬਰ, ਗੁਰਤੇਜ ਸਿੰਘ ਤੇ ਗੁਰਸੇਵਕ ਸਿੰਘ ਨੂੰ ਅਗਵਾ ਕਰਕੇ, ਧੂਰੀ ਵੱਲ ਨਿੱਕਲ ਗਏ। ਜਿਨ੍ਹਾਂ ਨੂੰ ਥਾਣਾ ਧੂਰੀ ਸਦਰ ਦੇ ਪਿੰਡ ਬੇਨੜਾ ਕੋਲ ,ਸਬ ਡਿਵੀਜ਼ਨ ਧੂਰੀ ਵਿਖੇ ਵੱਖ ਵੱਖ ਥਾਵਾਂ ਤੇ ਤਾਇਨਾਤ 2 ਥਾਣੇਦਾਰਾਂ ਨੇ ਰੋਕ ਲਿਆ। ਪੁਲਿਸ ਪਾਰਟੀ ਅਗਵਾ ਵਿਅਕਤੀਆਂ ਅਤੇ ਅਗਵਾਕਾਰਾਂ ਨੂੰ ਧੂਰੀ ਸਦਰ ਥਾਣੇ ਲਿਜਾਇਆ ਗਿਆ। ਜਿੱਥੇ ਪੁਲਿਸ ਵਾਲਿਆਂ ਨੇ ਦੋਵਾਂ ਧਿਰਾਂ ਵਿੱਚ 5 ਲੱਖ ਰੁਪਏ ‘ਚ ਸਮਝੌਤਾ ਕਰਵਾ ਦਿੱਤਾ ਗਿਆ। ਇਸੇ ਦੌਰਾਨ ਜਦੋਂ ਅਗਵਾਕਾਰਾਂ ਨੂੰ ਕੇਸ ਦਰਜ ਹੋਣ ਦਾ ਭੈਅ ਦਿੱਤਾ ਗਿਆ ਤਾਂ ਉਹ ਕਥਿਤ ਬਲਾਤਕਾਰ ਪੀੜਤ ਹੁਸਨਪ੍ਰੀਤ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦਾਖਿਲ ਕਰਵਾਇਆ ਗਿਆ। ਹਸਪਤਾਲ ਵਿਚੋਂ ਜਿਵੇਂ ਹੀ ਰੁੱਕਾ ਬਰਨਾਲਾ ਪੁਲਿਸ ਕੋਲ ਪਹੁੰਚਿਆ ਤਾਂ ਪੀੜਤ ਦੇ ਬਿਆਨ ਤੇ ਥਾਣਾ ਸਦਰ ਬਰਨਾਲਾ ਵਿਖੇ ਗੁਰਤੇਜ ਸਿੰਘ ਤੇ ਗੁਰਸੇਵਕ ਸਿੰਘ ਦੋਵੇਂ ਵਾਸੀ ਪਿੰਡ ਅਕਲੀਆ ਅਤੇ ਦਰਸ਼ਨ ਸਿੰਘ ਸੰਘੇੜਾ ਦੇ ਖਿਲਾਫ ਸਮੂਹਿਕ ਬਲਾਤਕਾਰ ਦਾ ਕੇਸ ਦਰਜ ਕਰ ਦਿੱਤਾ ਗਿਆ। ਫਿਰ ਪਟਿਆਲਾ ਜਿਲ੍ਹੇ ਦੀ ਇੱਕ ਬਲਾਕ ਸੰਮਤੀ ਦੇ ਚੇਅਰਮੈਨ ਨੇ 13 ਲੱਖ 50 ਹਜਾਰ ਰੁਪਏ ਵਿੱਚ ਗੈਂਗ ਦੇ ਮੈਂਬਰਾਂ ਨਾਲ ਇਹ ਕਹਿ ਕੇ ਫਿਰ ਸਮਝੋਤਾ।ਕਰਵਾ ਦਿੱਤਾ ਗਿਆ ਕਿ ਪੀੜਤ ਅਦਾਲਤ ਵਿੱਚ 164 ਸੀਆਰਪੀਸੀ ਤਹਿਤ ਹੋਣ ਵਾਲੇ ਬਿਆਨ ਦੋਸ਼ੀਆਂ ਦੇ ਬਚਾਉਣ ਲਈ ਦਰਜ ਕਰਵਾ ਦੇਵੇਗੀ। 

ਫਿਰ ਪਤਾ ਲੱਗਿਆ,ਇਹ ਐ ਹਨੀ ਟ੍ਰੈਪ ਗਿਰੋਹ

   ਦੁਰਖਾਸਤੀ ਜਗਦੇਵ ਸਿੰਘ ਨੇ ਦੱਸਿਆ ਕਿ ਤਹਿਕੀਕਾਤ ਦੌਰਾਨ ਭਰੋਸੇ ਯੋਗ ਸੂਤਰਾਂ ਤੋ ਪਤਾ ਲੱਗਿਆ ਹੈ ਕਿ ਇਹ ਇੱਕ ਬਹੁਤ ਵੱਡਾ ਗਿਰੋਹ ਹੈ , ਇਸ ਵਿੱਚ ਪੁਲਿਸ ਵਿਭਾਗ ਅਤੇ ਵਿਜੀਲੈਂਸ ਪੁਲਿਸ ਵਿਭਾਗ ਦੇ ਕਰਮਚਾਰੀ ਵੀ ਭਾਗੀਦਾਰ ਹਨ। ਕ੍ਰਿਪਾ ਕਰਕੇ ਇਸ ਸਭ ਕੁੱਝ ਦੀ ਪੜਤਾਲ ਕਰਕੇ ਉਸਦੇ ਭਰਾ ਗੁਰਤੇਜ ਸਿੰਘ ਅਤੇ ਉਸਦੇ ਦੋਸਤ ਗੁਰਸੇਵਕ ਸਿੰਘ ਅਤੇ ਦਰਸਨ ਸਿੰਘ ਨੂੰ ਬੇਗੁਨਾਹ ਕਰਕੇ ਉਪਰੋਕਤ ਗੈਂਗ ਦੇ ਦੋਸ਼ੀਆ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਜੀ ਤਾਂ ਜੋ ਸਾਨੂੰ ਇੰਨਸਾਫ ਮਿਲ ਅਤੇ ਹਨੀ ਟ੍ਰੈਪ ਗੈਂਗ ਦੇ ਦੋਸ਼ੀਆਂ ਨੂੰ ਸਜਾ ਮਿਲ ਸਕੇ |

ਡੀਐਸਪੀ ਡੀ ਨੇ ਕੀ ਕੱਢਿਆ ਪੜਤਾਲ ਦਾ ਸਿੱਟਾ

     ਦਰਖਾਸਤ ਦੀ ਪੜਤਾਲ ਸ੍ਰੀ ਬ੍ਰਿਜ ਮੋਹਨ ਉਪ-ਕਪਤਾਨ ਪੁਲਿਸ (D) ਬਰਨਾਲਾ  ਵੱਲੋ ਅਮਲ ਵਿੱਚ ਲਿਆਦੀ ਗਈ , ਜਿਸ ਦੀ ਸਿੱਟਾ ਰਿਪੋਰਟ ਇਸ ਪ੍ਰਕਾਰ ਹੈ ਕਿ ” ਦਰਖਾਸਤ ਦੀ ਮੁੱਢਲੀ ਪੜਤਾਲ ਦੌਰਾਨ ਦਰਖਾਸਤ ਵਿੱਚ ਸ਼ਾਮਲ ਕੀਤੇ ਗਏ ਵਿਅਕਤੀਆਂ ਦੇ ਬਿਆਨਾਤ,ਪੇਸ਼ ਕੀਤੀ ਘਟਨਾ ਦੀ ਵੀਡੀਓ ਕਲਿੱਪ ਨੂੰ ਦੇਖਣ ਅਤੇ ਮੋਬਾਇਲ ਪਰ ਹੋਈ ਗੱਲਬਾਤ ਦੀ ਆਡੀਓ ਰਿਕਾਰਡਿੰਗ ਨੂੰ ਸੁਨਣ ਤੋਂ ਅਤੇ ਮੇਰੇ ਵੱਲੋ ਖੁਫੀਆ ਵਾ ਐਲਾਨੀਆ ਪੜਤਾਲ ਦੌਰਾਨ ਸਾਹਮਣੇ ਆਏ ਤੱਥਾ ਤੋਂਂ ਪਾਇਆ ਗਿਆ ਹੈ ਕਿ ਦਰਖਾਸਤੀ ਧਿਰ ਅਨੁਸਾਰ ਮਿਤੀ 16.03.2021 ਨੂੰ ਗੁਰਤੇਜ ਸਿੰਘ ਉਕਤ ਸਮੇਤ ਆਪਣੇ ਦੋਸਤ ਗੁਰਸੇਵਕ ਸਿੰਘ ਵਾਸੀ ਅਕਲੀਆ ਨੂੰ ਦਰਸ਼ਨ ਸਿੰਘ ਵਾਸੀ ਸੰਘੇੜਾ ਰੋਡ ਬਰਨਾਲਾ ਦੇ ਖੇਤ ਖੁੱਡੀ ਕਲਾ ਤੋ ਵਕਤ ਕਰੀਬ 2-3 ਵਜੇ ਦਿਨ ਅਸਲੇ ਦੀ ਨੋਕ ਤੋਂ ਪ੍ਰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਧਾਦਰਾ ਗੁਰਪ੍ਰੀਤ ਸਿੰਘ ਉਰਫ ਵਿੱਕੀ ਪੁੱਤਰ ਜੀਤਾ ਰਾਮ ਵਾਸੀ ਧੂਰੀ ਬਿੱਕਰ ਸਿੰਘ ਪੁੱਤਰ ਦੇਸਰਾਜ ਵਾਸੀ ਮਾਧੋਪੁਰੀ ਧੂਰੀ ਸੁੱਖਪਾਲ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਮਾਧੋਪੁਰੀ ਪਿੰਡ ਧੂਰੀ ਅਤੇ ਸੰਦੀਪ ਕੌਰ ਪਤਨੀ ਜਗਜੀਤ ਸਿੰਘ ਵਾਸੀ ਧੂਰੀ ਵੱਲੋਂ ਸਾਜਿਸ ਤਹਿਤ ਮਿਲੀ ਭੁਗਤ ਕਰਕੇ ਬੰਦੀ ਬਣਾ ਲਿਆ ਸੀ ਅਤੇ ਵੀਡੀਓ ਨੂੰ ਵਾਚਣ ਤੋਂ ਆਉਂਦਾ ਹੈ ਕਿ ਉਸ ਨਾਲ ਕੁੱਟਮਾਰ ਕਰਕੇ ਰਿਕਾਰਡਿੰਗ ਕੀਤੀ ਗਈ ਅਤੇ ਦਰਖਾਸਤੀ ਧਿਰ ਅਨੁਸਾਰ ਬਾਅਦ ਵਿੱਚ ਉਕਤਾਨ ਦੋਸੀਆ ਵੱਲੋਂ ਗੁਰਸੇਵਕ ਸਿੰਘ ਦੀ ਅਲਟੋ ਕਾਰ ਵਿੱਚ ਅਸਲੇ ਦੀ ਨੋਕ ਤੇ ਜਾਨੋ ਮਾਰਨ ਦਾ ਡਰਾਵਾ ਦੇ ਕੇ ਗੁਰਤੇਜ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਅਗਵਾ ਕਰਕੇ ਲੈ ਗਏ| ਜਿਸ ਤੋਂ ਬਾਅਦ ਦੋਸੀਆਂ  ਵੱਲੋਂ ਗੁਰਤੇਜ ਸਿੰਘ ਅਤੇ ਗੁਰਸੇਵਕ ਸਿੰਘ ਉਕਤਾਨ ਦੇ ਰਿਸ਼ਤੇਦਾਰਾਂ ਤੋਂ ਗੁਰਤੇਜ ਸਿੰਘ ਅਤੇ ਗੁਰਸੇਵਕ ਸਿੰਘ ਦੇ ਫੋਨ ਤੋਂ ਫੋਨ ਕਰਕੇ 25 ਲੱਖ ਰੁਪਏ ਦੀ ਮੰਗ ਕੀਤੀ ਗਈ। 25 ਲੱਖ ਨਾ ਦੇਣ ਦੀ ਸੂਰਤ ਵਿੱਚ ਗੁਰਤੇਜ ਸਿੰਘ ਅਤੇ ਗੁਰਸੇਵਕ ਸਿੰਘ ਦੇ ਖਿਲਾਫ ਬਲਾਤਕਾਰ ਦਾ ਮੁਕੱਦਮਾ ਦਰਜ ਕਰਵਾਉਣ ਅਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਸੀ ਅਤੇ ਪਿੰਡ ਬੇਨੜਾ ਨੇੜੇ ਧੂਰੀ ਵਿਖੇ 25 ਲੱਖ ਰੁਪਏ ਲੈ ਕੇ ਆਉਣ ਲਈ ਕਿਹਾ ਗਿਆ  |ਦਰਖਾਸਤੀ ਧਿਰ ਅਨੁਸਾਰ ਗੁਰਤੇਜ ਸਿੰਘ ਅਤੇ ਗੁਰਸੇਵਕ ਸਿੰਘ ਦੇ ਰਿਸ਼ਤੇਦਾਰ ਉਸੇ ਦਿਨ ਮਿਤੀ 16.03.2021 ਨੂੰ ਵਕਤ ਕਰੀਬ 10 ਵਜੇ ਰਾਤ ਬੇਨੜਾ ਵਿਖੇ ਪੁੱਜੇ ਉੱਥੇ ਮਿਲੇ ਦੋ ਥਾਣੇਦਾਰਾਂ ਵੱਲੋਂ ਦੋਵਾਂ ਧਿਰਾਂ ਦਾ ਕੁੱਲ 5,00,000/-ਰੁਪਏ ਵਿੱਚ ਰਾਜੀਨਾਮਾ ਕਰਵਾ ਦਿੱਤਾ । ਦਰਖਾਸਤੀ ਧਿਰ ਅਨੁਸਾਰ ਉਕਤਾਨ ਵਿਅਕਤੀਆਂ ਵੱਲੋਂ ਆਪਣੇ ਗਿਰੋਹ ਦੀ ਕੁੜੀ ਨੂੰ ਮਿਤੀ 17.03.2021 ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾ ਕੇ ਮੁਕੱਦਮਾ ਨੰਬਰ 30 ਮਿਤੀ 17.03.2021 ਅਪਰਾਧ ਧਾਰਾ 376 ਡੀ ਹਿੰ:ਦੰ ਸੈਕਸ਼ਨ 4 ਪੈਸਕੋ ਐਕਟ ਅਧੀਨ ਥਾਣਾ ਸਦਰ ਬਰਨਾਲਾ ਵਿਖੇ ਦਰਜ ਕਰਵਾ ਦਿੱਤਾ। ਦਰਖਾਸਤੀ ਧਿਰ ਅਨੁਸਾਰ ਦੋਵੇਂ ਥਾਣੇਦਾਰਾਂ ਨੇ 5 ਲੱਖ ਰੁਪਏ ਵਾਪਿਸ ਵੀ ਕਰ ਦਿੱਤੇ। ਦਰਖਾਸਤੀ ਧਿਰ ਅਨੁਸਾਰ ਪਰਮਜੀਤ ਸਿੰਘ ਉਰਫ ਪੰਮਾ ਸਿੰਘ ਵਾਸੀ ਬਹਾਦਰਗੜ ਜਿਲਾ ਪਟਿਆਲਾ , ਭੁਪਿੰਦਰ ਕੌਰ ਪਤਨੀ ਹਰਦਿਆਲ ਸਿੰਘ ਵਾਸੀ ਬਹਾਦਰਗੜ ਜਿਲਾ ਪਟਿਆਲਾ ,ਹਰਦਿਆਲ ਸਿੰਘ ਵਿਜੀਲੈਂਸ ਵਿਭਾਗ ਮੁਲਾਜਮ ਵਾਸੀ ਬਹਾਦਰਗੜ ਜਿਲਾ ਪਟਿਆਲਾ, ਜਿੰਦਰ ਕੌਰ ਉਰਫ ਭੂਆ ਵਾਸੀ ਗੁੰਨੀਕੇ ਜਿਲਾ ਪਟਿਆਲਾ, ਸੁਖਵਿੰਦਰ ਸਿੰਘ ਵਾਸੀ ਬਾਗੜੀਆ ਜਿਲਾ ਸੰਗਰੂਰ ਨੇ ਸਮਝੌਤੇ ਦੀ ਆੜ ਵਿੱਚ ਦਰਖਾਸਤੀ ਧਿਰ ਨੂੰ ਪਟਿਆਲਾ ਜਿਲ੍ਹੇ ਦੀ ਇੱਕ ਬਲਾਕ ਸੰਮਤੀ ਦੇ ਚੇਅਰਮੈਨ ਪਾਸ ਬੁਲਾ ਕੇ ਸਾਢੇ 13 ਲੱਖ ਰੁਪਏ ਵਿੱਚ ਮੁਦਈ ਮੁਕੱਦਮਾ ਦੇ ਬਿਆਨ ਅਧੀਨ ਧਾਰਾ 164 ਜਾਬਤਾ ਫੌਜਦਾਰੀ ਗੁਰਤੇਜ ਸਿੰਘ ਅਤੇ ਗੁਰਸਵੇਕ ਸਿੰਘ ਵਗੈਰਾ ਦੇ ਹੱਕ ਵਿੱਚ ਕਰਵਾਉਣ ਸਬੰਧੀ ਹਾਸਲ ਕਰ ਲਏ। ਦਰਖਾਸਤੀ ਧਿਰ ਅਨੁਸਾਰ ਪ੍ਰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਧਾਦਰਾ,ਗੁਰਪ੍ਰੀਤ ਸਿੰਘ ਉਰਫ ਵਿੱਕੀ ਪੁੱਤਰ ਜੀਤਾ ਰਾਮ ਵਾਸੀ ਧੂਰੀ,ਬਿੱਕਰ ਸਿੰਘ ਪੁੱਤਰ ਦੇਸਰਾਜ ਵਾਸੀ ਮਾਧੋਪੁਰੀ ਧੂਰੀ,ਸੁੱਖਪਾਲ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਮਾਧੋਪੁਰੀ ਪਿੰਡ ਧੂਰੀ ਅਤੇ ਸੰਦੀਪ ਕੌਰ ਪਤਨੀ ਜਗਜੀਤ ਸਿੰਘ ਵਾਸੀ ਧੂਰੀ(ਜੋ ਕਿ ਹੁਣ ਪ੍ਰਦੀਪ ਸਿੰਘ ਉਕਤ ਨਾਲ ਰਹਿ ਰਹੀ ਹੈ) ਨੇ ਇੱਕ ਬਹੁਤ ਵੱਡਾ ਗਿਰੋਹ ਬਣਾਇਆ ਹੋਇਆ ਹੈ । ਜਿੰਨਾ ਨੇ ਗੁਰਤੇਜ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਸੋਚੀ ਸਮਝੀ ਤਹਿਤ ਆਪਣੇ ਜਾਲ ਵਿੱਚ ਫਸਾ ਕੇ ਅਸਲੇ ਦੀ ਨੋਕ ਤੇ ਅਗਵਾ ਕਰਕੇ,ਕੁੱਟਮਾਰ ਕਰਕੇ,ਬੰਦੀ ਬਣਾ ਕੇ ਜਾਨੋ ਮਾਰਨ ਦਾ ਡਰ ਪਾਉਣਾ ਅਤੇ ਬਲੈਕਮੇਲ ਕਰਕੇ ਉਨਾ ਪਾਸੋਂ ਸਮਝੌਤੇ ਦੀ ਆੜ ਵਿੱਚ ਸਾਢੇ 13 ਲੱਖ ਰੁਪਏ ਵਸੂਲ ਕਰਨਾ ਪਾਇਆ ਜਾਂਦਾ ਹੈ ।ਉਕਤਾਨ ਵਿਅਕਤੀਆਂ ਦੇ ਖਿਲਾਫ ਜੁਰਮ ਜੋਰ ਧਾਰਾ 364-ਏ,386,342,323,506, 148,149,120-ਬੀ ਹਿੰ:ਦੰ: 25 ਅਸਲਾ ਐਕਟ ਦਾ ਹੋਣਾ ਪਾਇਆ ਜਾਂਦਾ ਹੈ। ਪੜਤਾਲੀਆ ਅਫਸਰ ਨੇ ਇਹ ਵੀ ਲਿਖਿਆ ਹੈ ਕਿ ਪਰਮਜੀਤ ਸਿੰਘ ਉਰਫ ਪੰਮਾ ਸਿੰਘ ਵਾਸੀ ਬਹਾਦਰਗੜ ਜਿਲਾ ਪਟਿਆਲਾ, , ਭੁਪਿੰਦਰ ਕੌਰ ਪਤਨੀ ਹਰਦਿਆਲ ਸਿੰਘ ਵਾਸੀ ਬਹਾਦਰਗੜ ਜਿਲਾ ਪਟਿਆਲਾ, ਹਰਦਿਆਲ ਸਿੰਘ ਵਿਜੀਲੈਂਸ ਵਿਭਾਗ ਮੁਲਾਜਮ ਵਾਸੀ ਬਹਾਦਰਗੜ ਜਿਲਾ ਪਟਿਆਲਾ , ਜਿੰਦਰ ਕੌਰ ਉਰਫ ਭੂਆ ਵਾਸੀ ਗੁੰਨੀਕੇ ਜਿਲਾ ਪਟਿਆਲਾ, ਸੁਖਵਿੰਦਰ ਸਿੰਘ ਵਾਸੀ ਬਾਗੜੀਆ ਜਿਲਾ ਸੰਗਰੂਰ ਵਗੈਰਾ ਅਤੇ ਦੋਵੇਂ ਥਾਣੇਦਾਰਾਂ ਸਮੇਤ ਹੋਰ ਵਿਅਕਤੀਆਂ ਦੇ ਖਿਲਾਫ ਸਹਾਦਤ ਸਫਾ ਮਿਸਲ ਪਰ ਆਉਣ ਤੇ ਆਇੰਦਾ ਕਾਰਵਾਈ ਕੀਤੀ ਜਾਣੀ ਬਣਦੀ ਹੈ।ਬ੍ਰਿਜ ਮੋਹਨ ਉਪ-ਕਪਤਾਨ ਪੁਲਿਸ (D) ਬਰਨਾਲਾ ਦੀ ਪੜਤਾਲ ਰਿਪੋਰਟ ਨੂੰ ਪ੍ਰਵਾਨ ਕਰਦਿਆਂ ਐਸ ਐਸ. ਪੀ  ਬਰਨਾਲਾ ਨੇ ਮੁੱਖ ਅਫਸਰ ਥਾਣਾ ਸਦਰ ਬਰਨਾਲਾ ਨੂੰ ਲਿਖਿਆ ਕਿ ” Approved, SHO Sdr Barnala to register the case and investigate। 

ਗੈਂਗ ਦੀ ਸਰਗਨਾ ਸੰਦੀਪ ਕੌਰ ਸਣੇ 5 ਦੋਸ਼ੀ  ਫੜ੍ਹੇ

    ਐਸ ਐਸ ਪੀ ਗੋਇਲ ਨੇ ਕਿਹਾ ,, ਕਿ ਹਨੀ ਟ੍ਰੈਪ ਗੈਂਗ ਦੇ ਖਿਲਾਫ ਮੁਕੱਦਮਾ ਨੰਬਰ 43 ਮਿਤੀ 22-04-2021 ਅ/ਧ 364-ਏ,386,342,323,506, 148, 149, 120-ਬੀ ਹਿੰ:ਦੰ: 25 ਅਸਲਾ ਐਕਟ ਥਾਣਾ ਬਰਨਾਲਾ ਬਰਖਿਲਾਫ ਪ੍ਰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਧਾਦਰਾ,ਗੁਰਪ੍ਰੀਤ ਸਿੰਘ ਉਰਫ ਵਿੱਕੀ ਪੁੱਤਰ ਜੀਤਾ ਰਾਮ ਵਾਸੀ ਧੂਰੀ,ਬਿੱਕਰ ਸਿੰਘ ਪੁੱਤਰ ਦੇਸਰਾਜ ਵਾਸੀ ਮਾਧੋਪੁਰੀ ਧੂਰੀ,ਸੁੱਖਪਾਲ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਮਾਧੋਪੁਰੀ ਪਿੰਡ ਧੂਰੀ ਅਤੇ ਸੰਦੀਪ ਕੌਰ ਪਤਨੀ ਜਗਜੀਤ ਸਿੰਘ ਵਾਸੀ ਧੂਰੀ ਦੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਸ ਦੇ ਨਾਮਜਦ ਪੰਜ ਦੋਸ਼ੀਆਂ ਨੂੰ ਗਿਰਫ਼ਤਾਰ ਵੀ ਕਰ ਲਿਆ ਹੈ। ਇੱਨ੍ਹਾਂ ਵਿੱਚ ਗਿਰੋਹ ਦੀ ਸਰਗਨਾ ਸੰਦੀਪ ਕੌਰ ਵੀ ਸ਼ਾਮਿਲ ਹੈ। ਸ੍ਰੀ ਗੋਇਲ ਨੇ ਦੱਸਿਆ ਕਿ ਬੇਹੱਦ ਗੰਭੀਰ ਹਨੀ ਟ੍ਰੈਪ ਮਾਮਲੇ ਦੀਆਂ ਸਾਰੀਆਂ ਪਰਤਾਂ ਉਧੇੜੀਆਂ ਜਾਣਗੀਆਂ, ਕੋਈ ਵੀ ਦੋਸ਼ੀ ਕਿਨ੍ਹਾਂ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਜਿਹੜੇ ਪੁਲਿਸ ਅਧਿਕਾਰੀਆਂ ਜਾਂ ਰਾਜਨੀਤਕ ਵਿਅਕਤੀਆਂ ਦੀ ਭੂਮਿਕਾ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਵੀ ਦੋਸ਼ੀ ਨਾਮਜਦ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਹਨੀ ਟ੍ਰੈਪ ਗੈਂਗ ਦੀ ਤਫਤੀਸ਼ ਦੇ ਅਧਾਰ ਤੇ ਦੋਸ਼ੀਆਂ ਦੀ ਪੁੱਛਗਿੱਛ ਤੋਂ ਸਾਹਮਣੇ ਆਏ ਤੱਥਾਂ ਦੀਆਂ ਤੰਦਾਂ ਨੂੰ ਜੋੜ ਕੇ ਤਫਤੀਸ਼ ਨੂੰ ਅੱਗੇ ਵਧਾਇਆ ਜਾਵੇਗਾ, ਉਨ੍ਹਾਂ ਉਮੀਦ ਪ੍ਰਗਟਾਈ ਕਿ ਹਨੀ ਟ੍ਰੈਪ ਗਿਰੋਹ ਤੋਂ ਹੋਰ ਵੀ ਕਾਫੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। 

Advertisement
Advertisement
Advertisement
Advertisement
Advertisement
error: Content is protected !!