ਹੁਣ ਬਿਜਲੀ ਵਿਭਾਗ, ਫ਼ੂਡ ਅਤੇਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਨੂੰ ਲੱਗਣਗੇ ਟੀਕੇ
ਰਘਬੀਰ ਹੈਪੀ , ਬਰਨਾਲਾ, 25 ਮਾਰਚ 2021
ਕੋਰੋਨਾ ਵਾਇਰਸ ਖਿਲਾਫ਼ ਲੜਾਈ ਲੜ੍ਹਦਿਆਂ ਜ਼ਿਲ੍ਹਾ ਬਰਨਾਲਾ ਦੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ। ਜ਼ਿਲ੍ਹਾ ਬਰਨਾਲਾ ਚ ਹੁਣ ਤੱਕ 8621 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ 3084 ਵਿਅਕਤੀ 60 ਸਾਲ ਦੀ ਉਮਰ ਤੋਂ ਵੱਧ ਦੇ ਬਜ਼ੁਰਗ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕੇ ਜ਼ਿਲ੍ਹਾ ਬਰਨਾਲਾ ਦੇ ਬਜ਼ੁਰਗ ਵਧਾਈ ਦੇ ਪੱਤਰ ਹਨ, ਜਿਹੜੇ ਸਮਾਜ ਲਈ ਰਾਹ ਦਸੇਰਾ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਿਹਤ ਵਿਭਾਗ ਦੇ ਵਰਕਰਾਂ ਨੂੰ ਪਹਿਲੀ ਡੋਜ਼ 1446 ਦੂਜੀ ਡੋਜ਼ 661, ਮੂਹਰਲੀ ਕਤਾਰ ਦੇ ਵਰਕਰਾਂ ਨੂੰ ਪਹਿਲੀ ਡੋਜ਼ 2706 ਦੂਜੀ ਡੋਜ਼ 116, ਉਮਰ 45 ਤੋਂ 60 ਸਾਲ ਤੱਕ ਦੇ ਸਹਿ ਰੋਗ ਪੀੜਤਾਂ ਨੂੰ ਪਹਿਲੀ ਡੋਜ਼ 606 ਅਤੇ ਬਜ਼ੁਰਗਾਂ ਨੂੰ ਪਹਿਲੀ ਡੋਜ਼ 3084 ਦੂਜੀ ਡੋਜ਼ 2 ਲਗਾਈ ਜਾ ਚੁੱਕੀ ਹੈ।
ਇਸ ਸਬੰਧ ਚ ਜ਼ਿਲ੍ਹਾ ਟਾਸਕ ਫੋਰਸ ਦੀ ਬੁਲਾਈ ਬੈਠਕ ਨੂੰ ਸੰਬੋਧਨ ਕਾਰਦਿਆਂ ਉਨ੍ਹਾਂ ਦੱਸਿਆ ਕਿ ਸੈਕੰਡਰੀ ਸਿੱਖਿਆ ਵਿਭਾਗ ਦੇ 33 ਫ਼ੀਸਦੀ ਅਤੇ ਪ੍ਰਾਇਮਰੀ ਸਿੱਖਿਆ ਵਿਭਾਗ ਦੇ 32.8 ਫ਼ੀਸਦੀ ਅਧਿਆਪਕਾਂ ਦਾ ਟੀਕਾਕਰਣ ਹੋ ਚੁੱਕਿਆ ਹੈ। ਬਾਕੀ ਰਹਿੰਦੇ ਅਧਿਆਪਕਾਂ ਦਾ ਟੀਕਾਕਰਣ 4 ਅਪ੍ਰੈਲ ਤੱਕ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਬਿਜਲੀ ਵਿਭਾਗ ਅਤੇ ਫ਼ੂਡ ਸਪਲਾਈ ਵਿਭਾਗ ਨੂੰ ਆਪਣੇ ਅਫ਼ਸਰਾਂ ਅਤੇ ਕਰਮਚਾਰੀਆਂ ਦੀਆਂ ਲਿਸਟਾਂ ਜਮ੍ਹਾਂ ਕਰਵਾਉਣ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਟੀਕੇ ਲਗਾਉਣ ਦੀ ਵਿਉਂਤਬੰਦੀ ਕੀਤੀ ਜਾ ਸਕੇ। ਸਿਹਤ ਵਿਭਾਗ ਵਲੋਂ ਪੁਲਿਸ ਵਿਭਾਗ ਨਾਲ ਮਿਲ ਕੇ ਨਾਕੇ ਲਗਾਏ ਜਾ ਰਹੇ ਹਨ, ਜਿੱਥੇ ਮਾਸਕ ਨਾ ਪਾਉਣ ਵਾਲੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਦਾ ਕੋਰੋਨਾ ਸਬੰਧੀ ਟੈਸਟ ਕੀਤਾ ਜਾ ਰਿਹਾ ਹੈ।
ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨਾਲ ਵੀ ਬੈਠਕ ਕੀਤੀ ਗਈ। ਜਿਸ ਵਿਚ ਪੁਲਿਸ ਨਾਕਿਆਂ ਦੌਰਾਨ ਇਕੱਤਰ ਹੋਣ ਵਾਲੀ ਭੀੜ ਨੂੰ ਸਹੀ ਤਰੀਕੇ ਨਾਲ ਨਜਿੱਠਣ ਸਬੰਧੀ ਨੁਕਤਿਆਂ ਉੱਤੇ ਵਿਚਾਰ ਵਟਾਂਦਰਾਂ ਕੀਤਾ ਗਿਆ।ਇਸ ਬੈਠਕ ਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਆਦਿਤਿਆ ਡੇਚਲਵਾਲ, ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ, ਐਸ.ਡੀ.ਐਮ ਬਰਨਾਲਾ ਸ਼੍ਰੀ ਵਰਜੀਤ ਵਾਲੀਆ, ਐਸ.ਪੀ. (ਡੀ) ਸ਼੍ਰੀ ਸੁਖਦੇਵ ਸਿੰਘ ਵਿਰਕ, ਐਸ.ਪੀ. (ਐਚ) ਸ਼੍ਰੀਮਤੀ ਹਰਵੰਤ ਕੌਰ ਅਤੇ ਹੋਰ ਸਿਹਤ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।