ਹਰਪ੍ਰੀਤ ਕੌਰ ਸੰਗਰੂਰ 24 ਮਾਰਚ,2021
ਸਿਵਲ ਸਰਜਨ ਡਾ. ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਸੰਗਰੂਰ ਵਿਖੇ ਅੱਜ ਵਿਸ਼ਵ ਟੀ.ਬੀ.ਦਿਵਸ ਦੇ ਮੋਕੇ ਤੇ ਪੋਸਟਰ ਰਿਲੀਜ ਕੀਤਾ ਗਿਆ ਅਤੇ ਟੀ.ਬੀ. ਪ੍ਰਤੀ ਸਹੁੰ ਚੁਕਾਈ ਗਈ । ਸਿਵਲ ਸਰਜਨ ਡਾ. ਗੁਪਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਨੈਸ਼ਨਲ ਟੀ.ਬੀ. ਅਲੈਮੀਨੇਸ਼ਨ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਦਾ ਮੰਤਵ 2025 ਤੱਕ ਟੀ. ਬੀ.ਦੀ ਬੀਮਾਰੀ ਨੂੰ ਜੜ ਤੋਂ ਖਤਮ ਕਰਨਾ ਹੈ। ਇਸ ਲੜੀ ਤਹਿਤ ਜ਼ਿਲੇ ਦੇ ਬਲਾਕਾਂ ਅਤੇ ਪਿੰਡ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ਵ ਟੀ. ਬੀ.ਦਿਵਸ ਦੇ ਤੌਰ ਤੇ ਮਨਾਇਆ ਗਿਆ। ਉਨਾਂ ਦੱਸਿਆ ਕਿ ਜਾਗਰੂਕਤਾ ਟੀ.ਬੀ.ਦੀ ਬਿਮਾਰੀ ਤੇ ਕਾਫੀ ਹੱਦ ਤੱਕ ਕਾਬੂ ਪਾਉਣ ਵਿੱਚ ਸਹਾਈ ਹੁੰਦੀ ਹੈ। ਉਨਾ ਦੱਸਿਆ ਕਿ ਇਸ ਬਿਮਾਰੀ ਤੇ ਕਾਬੂ ਪਾਉਣ ਲਈ ਬੱਚੇ ਨੂੰ ਜਨਮ ਤੋ ਲੈ ਕੇ ਇਕ ਸਾਲ ਦੀ ਉਮਰ ਤਕ ਬੀ.ਸੀ.ਜੀ. ਦਾ ਟੀਕਾ ਲਗਾਇਆ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਟੀ.ਬੀ. ਦੀ ਬੀਮਾਰੀ ਹੋ ਜਾਂਦੀ ਹੈ ਤਾਂ ਬਿਨਾਂ ਨਾਗਾ ਪੂਰੀ ਖ਼ੁਰਾਕ ਮਿਥੇ ਸਮੇਂ ਤਕ ਖਾਣੀ ਚਾਹੀਦੀ ਹੈ । ਉਨਾਂ ਕਿਹਾ ਕਿ ਮਨੁੱਖ ਨੂੰ ਛਾਤੀ ਦੀ ਟੀ.ਬੀ. ਤੋ ਇਲਾਵਾ ਹੋਰ ਕਿਸੇ ਵੀ ਅੰਗ ਦੀ ਟੀ.ਬੀ.ਹੋ ਸਕਦੀ ਹੈ।
ਡਾ. ਵਿਕਾਸ ਧੀਰ ਜ਼ਿਲਾ ਟੀ.ਬੀ. ਅਫਸਰ ਨੇ ਦੱਸਿਆ ਕਿ ਵਿਅਕਤੀ ਨੂੰ ਦੋ ਹਫਤਿਆਂ ਤੋਂ ਵੱਧ ਖੰਘ ਜਾਂ ਬੁਖਾਰ ਹੋਵੇ, ਭਾਰ ਘੱਟ ਰਿਹਾ ਹੋਵੇ, ਭੁੱਖ ਘਟ ਰਹੀ ਹੋਵੇ ਜਾ ਖੰਘ ਵਿੱਚ ਖ਼ੂਨ ਆਵੇ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣੇ ਬਲਗਮ ਦੀ ਜਾਂਚ ਕਰਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਜਿੰਨੀ ਜਲਦੀ ਟੀ.ਬੀ.ਦਾ ਇਲਾਜ ਸ਼ੁਰੂ ਕੀਤਾ ਜਾਵੇਗਾ ਉਨੀ ਹੀ ਜਲਦੀ ਇਸ ਤੋਂ ਮੁਕਤੀ ਪਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਜਦੋਂ ਕੋਈ ਵੀ ਵਿਅਕਤੀ ਟੀ.ਬੀ. ਤੋਂ ਪੀੜਤ ਪਾਇਆ ਜਾਂਦਾ ਹੈ ਤਾਂ ਉਸ ਦਾ ਇਲਾਜ ਡਾਟਸ ਪ੍ਰਣਾਲੀ ਰਾਹੀਂ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਡਾਟਸ ਪ੍ਰਣਾਲੀ ਅਨੁਸਾਰ ਰੋਗੀ ਨੂੰ ਟੀ.ਬੀ.ਦੀ ਦਵਾਈ ਡਾਟ ਪ੍ਰੋਵਾਈਡਰ ਦੀ ਸਿੱਧੀ ਨਿਗਰਾਨੀ ਹੇਠ ਸੁਵਿਧਾਜਨਕ ਸਮੇਂ ਅਤੇ ਥਾਂ ਤੇ ਖੁਆਈ ਜਾਂਦੀ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਇਸ ਸਾਲ ਫਰਵਰੀ 2021 ਤੱਕ 370 ਨਵੇਂ ਕੇਸਾਂ ਦੀ ਪਛਾਣ ਕਰਕੇ ਟੀ.ਬੀ.ਦੀ ਦਵਾਈ ਸੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਗਮੋਹਨ ਸਿੰਘ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ.ਇੰਦਰਜੀਤ ਸਿੰਗਲਾ, ਜ਼ਿਲਾ ਸਿਹਤ ਅਫਸਰ ਡਾ. ਐਸ. ਜੇ. ਸਿੰਘ, ਡਾ. ਸੰਜੇ ਮਾਥੁਰ ਐਸ.ਐਮ.ਓ. ਆਈ ਮੋਬਾਈਲ, ਜ਼ਿਲਾ ਮਾਸ ਮੀਡੀਆ ਅਫਸਰ ਵਿਜੇ ਕੁਮਾਰ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ।