ਬਿਨ੍ਹਾਂ ਕਿਸੇ ਡਰ ਤੋਂ ਵੈਕਸੀਨ ਲਗਵਾ ਕੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਜ਼ਿਲ੍ਹਾ ਵਾਸੀ-ਰਾਮਵੀਰ
ਮਿਸ਼ਨ ਫ਼ਤਿਹ ਤਹਿਤ ਹੁਣ ਤੱਕ 5194 ਮਰੀਜ਼ ਸਿਹਤਯਾਬ ਹੋਏ
ਹਰਪ੍ਰੀਤ ਕੌਰ ਸੰਗਰੂਰ, 24 ਮਾਰਚ 2021
ਮਿਸ਼ਨ ਫ਼ਤਿਹ ਤਹਿਤ ਕੋਰੋਨਾਵਾਇਰਸ ਦੀ ਰੋਕਥਾਮ ਲਈ ਕੋਵਿਡ ਵੈਕਸੀਨ ਲਗਾਉਣ ਦਾ ਕੰਮ ਜ਼ਿਲ੍ਹੇ ਅੰਦਰ ਸਰਕਾਰੀ ਅਤੇ ਨਿਰਧਾਰਤ ਕੀਤੀਆਂ ਪ੍ਰਾਈਵੇਟ ਸਿਹਤ ਸੰਸਥਾਵਾਂ ’ਚ ਜਾਰੀ ਹੈ। ਇਸ ਪ੍ਰਕਿਰਿਆ ਤਹਿਤ ਹੋਰ ਵਧੇਰੇ ਲੋਕਾਂ ਨੂੰ ਸੁਰੱਖਿਅਤ ਕਰਨ ਲਈ 1 ਅਪ੍ਰੈਲ 2021 ਤੋਂ 45 ਸਾਲਾਂ ਤੋਂ ਵਧੇਰੇ ਉਮਰ ਦਾ ਹਰ ਵਿਅਕਤੀ ਕੋਵਿਡ ਵੈਕਸੀਨ ਲਗਵਾ ਸਕੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਹਫ਼ਤਾਵਰੀ ਫ਼ੇਸਬੁੱਕ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਰੂ-ਬ-ਰੂ ਹੁੰਦਿਆਂ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾਵਾਇਰਸ ਤੋਂ ਬਚਾਅ ਲਈ ਸਮੇਂ ਸਮੇਂ ’ਤੇ ਜਾਂਚ ਕਰਵਾਉਣੀ ਅਤਿ ਜਰੂਰੀ ਹੈ, ਕਿਉਂਕਿ ਮੁਢਲੇ ਪੜ੍ਹਾਅ ’ਚ ਨਤੀਜਾ ਸਾਹਮਣੇ ਆਉਣ ’ਤੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਮੁੱਢਲੇ ਪੜਾਅ ਵਿੱਚ ਇਲਾਜ਼ ਸੁਖਾਲਾ ਹੋ ਸਕਦਾ ਹੈ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਇਸ ਲਈ ਬਿਨਾਂ ਕਿਸੇ ਡਰ ਤੋਂ ਵੈਕਸੀਨੇਸ਼ਨ ਕਰਵਾਉਣੀ ਚਾਹੀਂਦੀ ਹੈ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਲਗਾਈ ਜਾਂਦੀ ਹੈ ਜਦਕਿ ਪ੍ਰਾਈਵੇਟ ਸੰਸਥਾਵਾਂ ’ਚ 250 ਰੁਪਏ ਅਦਾ ਕਰਕੇ ਇਹ ਵੈਕਸੀਨ ਲਗਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਵਾਂ ਸਮੇਤ 58 ਥਾਵਾਂ ’ਤੇ ਵੈਕਸੀਨ ਲਗਾਉਣ ਦੀ ਸੁਵਿਧਾ ਉਪਲੱਬਧ ਹੈ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ 2 ਲੱਖ 79 ਹਜ਼ਾਰ 259 ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਨਮੂਨਿਆਂ ’ਚੋਂ 2 ਲੱਖ 73 ਹਜ਼ਾਰ 940 ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ 5194 ਕੋਰੋਨਾ ਪਾਜ਼ੀਟਿਵ ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਫ਼ਲ ਇਲਾਜ ਤੋਂ ਬਾਅਦ ਮਿਸ਼ਨ ਤਹਿਤ 22 ਮਰੀਜ਼ ਅੱਜ ਕਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋਏ।