ਆਪਸ ਵਿੱਚ ਮਿਲ ਕੇ ਕੰਮ ਕਰਨ ਨਾਲ ਖੇਤੀ ਖਰਚੇ ਕੀਤੇ ਜਾ ਸਕਦੇ ਹਨ ਘੱਟ: ਨਾਗਰਾ
ਪਿੰਡਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਸ਼ਹਿਰਾਂ ਵਰਗੀਆਂ ਸਹੂਲਤਾਂ
ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 22. ਮਾਰਚ :2021
ਸਹਿਕਾਰੀ ਸਭਾਵਾਂ ਕਿਸਾਨਾਂ ਦੀਆਂ ਮਿੱਤਰ ਸਭਾਵਾਂ ਹੁੰਦੀਆਂ ਹਨ ਕਿਉਂਕਿ ਇਹ ਕਿਸਾਨਾਂ ਨੂੰ ਘੱਟ ਵਿਆਜ ਦਰ ’ਤੇ ਕਰਜ਼ੇ ਦੇਣ ਤੋਂ ਇਲਾਵਾ ਆਧੁਨਿਕ ਖੇਤੀ ਸੰਦ ਵੀ ਨਾ ਮਾਤਰ ਕਿਰਾਏ ’ਤੇ ਮੁਹੱਈਆ ਕਰਵਾਉਂਦੀਆਂ ਹਨ, ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਸਹਿਕਾਰੀ ਸਭਾਵਾਂ ਨੂੰ ਹੋਰ ਮਜਬੂਤ ਕਰੀਏ ਤਾਂ ਜੋ ਕਿਸਾਨਾਂ ਨੂੰ ਆਧੁਨਿਕ ਖੇਤੀ ਮਸ਼ੀਨਰੀ ਲੈਣ ਲਈ ਬਾਹਰ ਨਾ ਜਾਣਾ ਪਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਬਹੁਮੰਤਵੀ ਸਹਿਕਾਰੀ ਸਭਾ ਜੱਲ੍ਹਾ ਦੇ ਮੈਂਬਰਾਂ ਨੂੰ ਸਾਲ 2018-19 ਅਤੇ 2019-20 ਦਾ 16 ਲੱਖ 20 ਹਜ਼ਾਰ 346 ਰੁਪਏ ਦਾ ਮੁਨਾਫਾ ਵੰਡਣ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਕਿਸਾਨ ਆਪਸ ਵਿੱਚ ਰਲ ਮਿਲ ਕੇ ਖੇਤੀ ਕਰਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਹੀ ਖੇਤੀ ਖਰਚੇ ਘਟਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਪ੍ਰੋਗਰੈਸਿਵ ਕਲੱਬਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ।ਵਿਧਾਇਕ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਲਕੇ ਦੇ ਸਰਵਪੱਖੀ ਵਿਕਾਸ ਲਈ 460 ਕਰੋੜ ਰੁਪਏ ਖਰਚ ਕੀਤੇ ਗਏ ਹਨ ਜਦੋਂ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਸਪੈਸ਼ਲ ਮੁਰੰਮਤ ’ਤੇ ਵੀ 250 ਕਰੋੜ ਖਰਚਾ ਆਇਆ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਾਉਣ ਵਾਲੇ ਅਕਾਲੀਆਂ ਨੇ ਸ਼ਹੀਦਾਂ ਦੀ ਇਸ ਧਰਤੀ ਦੇ ਵਿਕਾਸ ਲਈ ਇੱਕ ਇੱਟ ਵੀ ਨਹੀਂ ਲਗਾਈ ਜਦੋਂ ਕਿ ਕੈਪਟਨ ਸਰਕਾਰ ਨੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਾਂਦੀਆਂ ਸਾਰੀਆਂ ਸੜਕਾਂ ਨੂੰ ਚਹੁ ਮਾਰਗੀ ਕੀਤਾ ਹੈ ਅਤੇ ਇਸ ਦੇ ਸੁੰਦਰੀਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਪੈਨਸ਼ਨਾਂ ਦੀ ਰਾਸ਼ੀ ਵਧਾ ਕੇ 1500/- ਰੁਪਏ ਕੀਤੀ ਗਈ ਹੈ ਅਤੇ ਗਰੀਬ ਬੱਚੀਆਂ ਦੇ ਵਿਆਹ ਲਈ ਆਸ਼ੀਰਵਾਦ ਸਕੀਮ ਅਧੀਨ 31000/- ਤੋਂ ਵਧਾ ਕੇ 51000/-ਰੁਪਏ ਕੀਤੀ ਗਈ ਹੈ। ਉਨ੍ਹਾਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਅਤੇ ਮੁਲਾਜ਼ਮਾਂ ਨੂੰ ਇਸੇ ਤਰ੍ਹਾਂ ਇਮਾਨਦਾਰੀ ਤੇ ਸਖਤ ਮਿਹਨਤ ਨਾਲ ਕੰਮ ਕਰਕੇ ਸਹਿਕਾਰੀ ਸਭਾ ਨੂੰ ਹੋਰ ਤਰੱਕੀ ਵੱਲ ਲੈ ਜਾਣ ਲਈ ਪ੍ਰੇਰਤ ਕੀਤਾ।
ਇਸ ਮੌਕੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਅਭਿਤੇਸ਼ ਸਿੰਘ ਸੰਧੂ, ਸਹਾਇਕ ਰਜਿਸਟਰਾਰ ਸ. ਵਜਿੰਦਰ ਸਿੰਘ ਸੰਧੂ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਸ਼੍ਰੀ ਗੁਲਸ਼ਨ ਰਾਏ ਬੌਬੀ, ਮੈਂਬਰ ਬਲਾਕ ਸੰਮਤੀ ਸਰਹਿੰਦ ਨਵਨੀਤ ਕੌਰ ਜੱਲ੍ਹਾ, ਕਾਂਗਰਸ ਦੇ ਬਲਾਕ ਪ੍ਰਧਾਨ ਸ਼੍ਰੀ ਗੁਰਮੁੱਖ ਸਿੰਘ ਪੰਡਰਾਲੀ, ਸਰਪੰਚ ਸ. ਦਵਿੰਦਰ ਸਿੰਘ, ਗੁਰਜੰਟ ਸਿੰਘ ਪ੍ਰਧਾਨ ਸਹਿਕਾਰੀ ਸਭਾ ਜੱਲ੍ਹਾ, ਮੀਤ ਪ੍ਰਧਾਨ ਗੁਰਪਾਲ ਸਿੰਘ ਹੈਪੀ, ਪਰਮਿੰਦਰ ਸਿੰਘ ਨੋਨੀ, ਹਰਮਨਦੀਪ ਸਿੰਘ ਗੋਗੀ, ਗੁਰਿੰਦਰ ਸਿੰਘ, ਹਰਿੰਦਰ ਸਿੰਘ, ਗੁਰਨਾਮ ਸਿੰਘ, ਮਨਪ੍ਰੀਤ ਸਿੰਘ, ਪ੍ਰਕਾਸ਼ ਸਿੰਘ, ਸਕੱਤਰ ਸ. ਬਹਾਦਰ ਸਿੰਘ, ਜਗਵਿੰਦਰ ਸਿੰਘ ਨੰਬਰਦਾਰ, ਦਰਬਾਰਾ ਸਿੰਘ, ਮਹਿੰਦਰ ਸਿੰਘ, ਨੰਬਰਦਾਰ ਸਤਪਾਲ ਸਿੰਘ, ਬਾਬਾ ਮੁਕੰਦ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਸਹਿਕਾਰੀ ਸਭਾਵਾਂ ਦੇ ਪ੍ਰਧਾਨ, ਸਰਪੰਚਾਂ ਤੇ ਪੰਚਾਂ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ।