ਹਰਪ੍ਰੀਤ ਕੌਰ , ਸੰਗਰੂਰ 15 ਮਾਰਚ:2021
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸੰਗਰੂਰ ਦੇ 15 ਅਗਾਂਹਵਧੂ ਕਿਸਾਨਾਂ ਦਾ ਕੇਂਦਰੀ ਆਲੂ ਖੋਜ ਸੰਸਥਾਨ ਸ਼ਿਮਲਾ ਵਿਖੇ ਦੋ ਦਿਨਾਂ ਐਕਸਪੋਜ਼ਰ ਵਿਜ਼ਿਟ ਕਰਵਾਇਆ ਗਿਆ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਗਰੇਵਾਲ ਨੇ ਦਿੱਤੀ।
ਉਨਾਂ ਦੱਸਿਆ ਕਿ ਇਸ ਦੌਰੇ ਦੌਰਾਣ ਕਿਸਾਨਾਂ ਵਲੋਂ ਫਾਰਮਰ ਸਾਇੰਟਿਸਟ ਸੰਵਾਦ ਵਿੱਚ ਭਾਗ ਲਿਆ ਗਿਆ। ਉਨਾਂ ਦੱਸਿਆ ਕਿ ਸੰਸਥਾਨ ਵਲੋਂ ਕਿਸਾਨਾਂ ਨੂੰ ਆਲੂ ਦੀ ਫਸਲ ਦੀਆਂ ਵੱਖ ਵੱਖ ਕਿਸਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਪ੍ਰਯੋਗੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਸਾਨਾਂ ਨੂੰ ਵੱਖ ਵੱਖ ਸਲਾਈਡਾਂ ਅਤੇ ਵਿਜ਼ੂਅਲ ਸਾਧਨਾਂ ਰਾਹੀਂ ਆਲੂ ਦੀ ਫਸਲ ਦੀ ਬਿਜਾਈ ਸੰਬੰਧੀ ਆ ਰਹੀਆਂ ਔਕੜਾਂ ਅਤੇ ਹੱਲ ਦੇ ਦੀਆਂ ਸਫਲ ਕਹਾਣੀਆਂ ਦਿਖਾਈਆਂ ਗਈਆਂ। ਉਨਾਂ ਦੱਸਿਆ ਕਿ ਆਲੂ ਆਪਣੇ ਆਪ ਵਿੱਚ ਇੱਕ ਸੰਪੂਰਣ ਅਹਾਰ ਹੈ ਅਤੇ ਲੋਕਾਂ ਵਿੱਚ ਜ਼ੋ ਵਹਿਮ ਫੈਲਿਆ ਹੈ ਕਿ ਆਲੂ ਮੋਟਾਪਾ ਵਧਾਉਂਦਾ ਹੈ ਉਹ ਬਿੱਲਕੁਲ ਗਲਤ ਹੈ। ਉਨਾਂ ਕਿਹਾ ਕਿ ਅਸਲ ਵਿੱਚ ਲੋਕਾਂ ਨੂੰ ਆਲੂ ਨੂੰ ਖਾਣ ਦੇ ਤਰੀਕੇ ਨੂੰ ਬਦਲਣਾ ਚਾਹੀਦਾ ਹੈ।
ਇਸ ਮੌਕੇ ਸੀ ਪੀ ਆਰ ਆਈ ਸ਼ਿਮਲਾ ਦੇ ਸਮਾਜ ਵਿਗਿਆਨ ਵਿਭਾਗ ਦੇ ਮਾਹਿਰ ਡਾ: ਡੀ ਕੇ ਗੁਪਤਾ ਨੇ ਦੱਸਿਆ ਕਿ ਜੇਕਰ ਆਲੂ ਨੂੰ ਆਪਾਂ ਉਬਾਲ ਕੇ ਜਾਂ ਭੁੰਨ ਕੇ ਖਾਈਏ ਤਾਂ ਇਹ ਆਪਣੇ ਆਪ ਵਿੱਚ ਇਹ ਇੱਕ ਸੰਪੂਰਨ ਆਹਾਰ ਹੈ। ਇਸ ਤੋਂ ਬਾਅਦ ਮਾਹਿਰਾਂ ਵਲੋਂ ਕਿਸਾਨਾਂ ਨੂੰ ਆਲੂ ਦੀ ਬਿਜਾਈ ਨਾਲ ਸੰਬੰਧਤ,ਆਲੂ ਉਗਾਉਣ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਨਾਲ ਆਲੂ ਦੇ ਨਾਲ ਲਗਾਈਆਂ ਜਾਣ ਵਾਲੀਆਂ ਅੰਤਰ ਫਸਲਾਂ ਬਾਰੇ ਜਾਣੂ ਕਰਵਾਇਆ। ਇਸ ਤੋਂ ਬਾਅਦ ਕਿਸਾਨਾਂ ਨੇ ਸੰਸਥਾਨ ਦੇ ਫਾਰਮ ਹਾਊਸ ਅਤੇ ਫੀਲਡ ਦਾ ਦੌਰਾ ਕੀਤਾ ਅਤੇ ਮੌਕੇ ਤੇ ਹੀ ਮਾਹਿਰਾਂ ਵਲੋਂ ਕਿਸਾਨਾਂ ਦੀਆਂ ਆਲੂ ਉਤਪਾਦਨ ਸੰਬੰਧੀ ਦਰਪੇਸ਼ ਹੋ ਰਹੀਆਂ ਮੁਸ਼ਕਲਾਂ ਦਾ ਹੱਲ ਦੱਸਿਆ ਗਿਆ।