ਬੁੱਢਾ ਦਲ ਦੇ ਜਰਨੈਲਾਂ ਦਾ ਇਤਿਹਾਸ ਫਖਰਯੋਗ: ਗਿਆਨੀ ਹਰਪ੍ਰੀਤ ਸਿੰਘ
ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ
ਬਲਵਿੰਦਰ ਪਾਲ , ਪਟਿਆਲਾ, 14 ਮਾਰਚ 2021
ਗੁਰਦੁਆਰਾ ਥੜ੍ਹਾ ਸਾਹਿਬ ਗੁਰੂ ਕੀ ਖੂਹੀ ਪਾ: ਨੌਵੀ ਸਮਾਣਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਸਰਪ੍ਰਸਤੀ ਹੇਠ ਹੋਏ।
ਇਸ ਸਮੇਂ ਸਿੰਘ ਸਾਹਿਬ ਗਿ: ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੁੱਢਾ ਦਲ ਦੇ ਮਹਾਨ ਜਰਨੈਲਾਂ ਦਾ ਇਤਿਹਾਸ ਬੜਾ ਫਖਰਯੋਗ, ਰੋਚਿਕ ਅਤੇ ਵਚਿੱਤਰ ਹੈ।ਉਨ੍ਹਾਂ ਕਿਹਾ ਕਿ ਖਾਲਸਾ ਰਾਜ ਦੀ ਪਰਪੱਕਤਾ ਤੇ ਮਜ਼ਬੂਤੀ ਲਈ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸਮਾਂ ਬੜਾ ਸੁਨਿਹਰੀ ਤੇ ਦਲੇਰ ਫੈਸਲੇ ਲੈਣ ਵਾਲਾ ਸੀ।ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਥਾਈ ਬਨਾਉਣ ਲਈ ਆਪਣੀ ਕੁਰਬਾਨੀ ਤੱਕ ਦੇ ਦਿੱਤੀ।ਉਹ ਸਚਾਈ ਤੇ ਚੱਲਣ ਵਾਲੇ ਦ੍ਰਿੜ ਇਰਾਦੇ ਵਾਲੇ ਮਜਬੂਤ ਜਥੇਦਾਰ ਸਨ।ਉਨ੍ਹਾਂ ਕਿਹਾ ਕਿ ਅੱਜ ਬੁੱਢਾ ਦਲ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਅਤੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦਾ ਸ਼ਹੀਦੀ ਦਿਹਾੜਾ ਸਾਂਝੇ ਰੂਪ ਵਿੱਚ ਮਨਾਏ ਗਏ ਹਨ।ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਵਲੋਂ ਦਲ ਦੇ ਵੱਡ ਵਡੇਰਿਆਂ ਦੇ ਦਿਨ ਦਿਹਾੜੇ ਮਨਾਉਣੇ ਬਹੁਤ ਹੀ ਸਲਾਘਾਯੋਗ ਹਨ। ਉਨ੍ਹਾਂ ਅੱਜ ਸੰਮਤ ਨਾਨਕਸ਼ਾਹੀ ਦੇ ਨਵੇਂ ਸਾਲ ਦੀ ਸੰਗਤਾਂ ਨੂੰ ਵਧਾਈ ਵੀ ਪੇਸ਼ ਕੀਤੀ।
ਅੱਜ ਗੁਰਦੁਆਰਾ ਥੜਾ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਦਰਬਾਰ ਹੋਇਆ, ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ, ਭਾਈ ਗੁਰਕੀਰਤ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਮੁੰਬਈ ਵਾਲੇ, ਸ਼੍ਰੋਮਣੀ ਢਾਡੀ ਜਥੇ: ਤਰਸੇਮ ਸਿੰਘ ਮੋਰਾਂਵਾਲੀ ਤੋਂ ਇਲਾਵਾ ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ ਮਹਿਤਾ ਚੌਂਕ, ਹਜ਼ੂਰੀ ਰਾਗੀ ਗੁ: ਥੜਾ ਸਾਹਿਬ ਭਾਈ ਜਗਨਜੋਤ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਅਤੇ ਢਾਡੀ ਸਿੰਘਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪ੍ਰਸੰਗ ਸੰਗਤਾਂ ਨਾਲ ਸਾਂਝੇ ਕੀਤੇ।
ਇਸ ਤੋਂ ਪਹਿਲਾਂ ਗੁ: ਥੜਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ-ਪਾਠਾਂ ਦੇ ਵੱਖ-ਵੱਖ ਥਾਈ ਤਿੰਨ ਭੋਗ ਪਾਏ ਗਏ, ਇਸ ਸਮੇਂ ਭਾਈ ਸੁਖਵਿੰਦਰ ਸਿੰਘ ਮੋਰ, ਬਾਬਾ ਮੱਘਰ ਸਿੰਘ ਹੈੱਡ ਗ੍ਰੰਥੀ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਇਸ ਸਮੇਂ ਗੁ: ਥੜਾ ਸਾਹਿਬ ਗੁਰੂ ਕੀ ਖੂਹੀ ਦੇ ਇਤਿਹਾਸ ਸਬੰਧੀ ਇਸ ਸਮੇਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਗਿ: ਰਣਜੀਤ ਸਿੰਘ ਗੌਹਰ, ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦਿਲਜੀਤ ਸਿੰਘ ਬੇਦੀ ਵੱਲੋਂ ਲਿਖੀ ਗਈ ਕਿਤਾਬ ਸਾਂਝੇ ਤੌਰ ਰਲੀਜ਼ ਕੀਤੀ ਗਈ।
ਇਸ ਸਮੇਂ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮੁੱਚੀ ਸੰਗਤ ਨੂੰ ਜੀ ਆਇਆਂ ਕਹਿੰਦਿਆਂ ਨੌਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀ ਚੌਥੀ ਸ਼ਤਾਬਦੀ ਦੀ ਵਧਾਈ ਦੇਂਦਿਆਂ ਕਿਹਾ ਕਿ ਹਿੰਦੂ ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਵਲੋਂ ਦਿੱਤੀ ਸ਼ਹਾਦਤ ਮਨੁੱਖੀ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਤੇ ਅਦੁੱਤੀ ਰੁਤਬਾ ਰੱਖਦੀ ਹੈ।ਕਿਸੇ ਦੂਸਰੇ ਧਰਮ ਦੀ ਅਜਮਤ ਬਚਾਉਣ ਅਤੇ ਆਪ ਸ਼ਹੀਦ ਹੋਣ ਲਈ, ਆਪ ਮਕਤਲ ਤੱਕ ਚਲ ਕੇ ਜਾਣਾ, ਵੀ ਅਦੁੱਤੀ ਉਦਾਹਰਣ ਹੈ।ਉਨ੍ਹਾਂ ਕਿਹਾ ਕਿ ਬੁੱਢਾ ਦਲ ਵੱਲੋਂ ਗੁਰੂ ਜੀ ਦੇ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਲਗਾਤਾਰ ਕੀਤੇ ਜਾ ਰਹੇ ਹਨ।
ਬੁੱਢਾ ਦਲ ਦੇ ਛੇਵੇਂ ਜਥੇਦਾਰ ਮੁਖੀ ਸਿੰਘ ਸਾਹਿਬ ਬਾਬਾ ਫੂਲਾ ਸਿੰਘ ਅਕਾਲੀ ਜੀ ਦੀ ਦੂਸਰੀ ਸ਼ਤਾਬਦੀ 2023 ਵਿੱਚ ਆ ਰਹੀ ਹੈ ਜੋ ਪੂਰੇ ਖਾਲਸਾਹੀ ਜਾਹੋ ਜਲਾਲ ਨਾਲ ਮਨਾਈ ਜਾਵੇਗੀ। ਇਸ ਸਮੇਂ ਉਨ੍ਹਾਂ ਆਈਆਂ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ।ਇਸ ਸਮੇਂ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਸ਼ਹੀਦ ਮਿਸਲ ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਗੱਜਣ ਸਿੰਘ, ਬਾਬਾ ਜੋਗਾ ਸਿੰਘ ਕਰਨਾਲ, ਸਿੰਘ ਸਾਹਿਬ ਗਿ: ਰਣਜੀਤ ਸਿੰਘ ਜਥੇ: ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਗਿ: ਹਰਦੀਪ ਸਿੰਘ ਸ਼ਾਸਤਰੀ ਦਮਦਮੀ ਟਕਸਾਲ ਭਿੰਡਰਾਂ, ਭਾਈ ਸੁਖਜੀਤ ਸਿੰਘ ਕਨ੍ਹਇਆ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਬੁੱਢਾ ਦਲ ਪਾਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵਲੋਂ ਬਖਸ਼ਿਸ਼ ਹੋਏ ਸ਼ਸਤਰਾਂ ਦੇ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਦਰਸ਼ਨ ਕਰਵਾਏ ਗਏ।ਸ਼ਸ਼ਤਰਾਂ ਦੇ ਬੇਸ਼ ਕੀਮਤੀ ਇਤਿਹਾਸ ਬਾਰੇ ਵੀ ਸਾਂਝ ਪਾਈ ਗਈ ।ਵਿਸ਼ੇਸ਼ ਤੌਰ ਤੇ ਪੁੱਜੇ ਮੁਖ ਮਹਿਮਾਨਾਂ ਦਾ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵਲੋਂ ਸਨਮਾਨ ਕੀਤਾ ਗਿਆ। ਇਸ ਸਮਾਗਮ ਦੇ ਮੰਚ ਦਾ ਪੰਥ ਦੇ ਪ੍ਰਸਿੱਧ ਵਿਦਵਾਨ ਭਗਵਾਨ ਸਿੰਘ ਜੌਹਲ ਨੇ ਸੰਚਾਲਨ ਕੀਤਾ।
ਇਸ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਪੰਜਵਾਂ ਤਖ਼ਤ, ਤੋਂ ਇਲਾਵਾ ਜਥੇਦਾਰ ਬਾਬਾ ਗੱਜਣ ਸਿੰਘ ਸ਼ਹੀਦ ਮਿਸ਼ਲ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਜਥੇਦਾਰ ਦਲ ਪੰਥ ਬਿਧੀ ਚੰਦ ਸੁਰਸਿੰਘ, ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਪਿਆਰਾ ਸਿੰਘ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਗਿ: ਭਰਭੂਰ ਸਿੰਘ ਅਖੰਡ ਕੀਰਤਨੀ ਜਥਾ, ਦਲਜੀਤ ਸਿੰਘ ਪੰਜਰਥ, ਸ੍ਰ. ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ, ਸੁਖਜੀਤ ਸਿੰਘ ਹੈਪੀ, ਸੁਖਦੇਵ ਸਿੰਘ, ਪਰਮਜੀਤ ਸਿੰਘ, ਗੁਰਪਿੰਦਰ ਸਿੰਘ, ਪ੍ਰਿਤਪਾਲ ਸਿੰਘ ਜੀ ਸੰਧੂ, ਅਮਰਜੀਤ ਸਿੰਘ, ਬਾਬਾ ਚੂਹੜ ਸਿੰਘ, ਕੁਲਵਿੰਦਰ ਸਿੰਘ ਪੁਰੀ, ਜਸਵਿੰਦਰ ਸਿੰਘ ਦਰਦ, ਬਾਬਾ ਭਰਭੂਰ ਸਿੰਘ, ਸੁਖਬੀਰ ਸਿੰਘ ਸੰਧੂ, ਬਾਬਾ ਸਰਵਣ ਸਿੰਘ ਮਝੈਲ ਰਾਜਪੁਰਾ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਮੇਜਰ ਸਿੰਘ ਮੁਖਤਾਰੇਆਮ, ਭਾਈ ਗੁਰਪ੍ਰੀਤ ਸਿੰਘ ਮਮਤਾਜਗੜ੍ਹ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਭੁਪਿੰਦਰ ਸਿੰਘ ਲੱਖੀ ਜੰਗਲ, ਬਾਬਾ ਪਰਮਜੀਤ ਸਿੰਘ, ਬਾਬਾ ਸ਼ਮਸ਼ੇਰ ਸਿੰਘ, ਬਾਬਾ ਸੁੱਖਾ ਸਿੰਘ ਖਿਆਲਾ, ਬਾਬਾ ਤਰਸੇਮ ਸਿੰਘ ਮਹਿਤਾ, ਬਾਬਾ ਲੱਖਾ ਸਿੰਘ, ਬਾਬਾ ਅਰਜਨ ਸਿੰਘ ਸ਼ਿਵਜੀ, ਬਾਬਾ ਸੁਖਦੇਵ ਸਿੰਘ ਸੁੱਖਾ ਲੋਹਗੜ੍ਹ, ਬਾਬਾ ਕਰਮ ਸਿੰਘ ਜੀਰਕਪੁਰ, ਬਾਬਾ ਰਣਯੋਧ ਸਿੰਘ, ਬਾਬਾ ਸੁਖਵਿੰਦਰ ਸਿੰਘ ਮੋਰ, ਬਾਬਾ ਹਰਪ੍ਰੀਤ ਸਿੰਘ ਹੈਪੀ, ਬੁੱਢਾ ਦਲ ਪਬਲਿਕ ਸਕੂਲ ਦੇ ਪ੍ਰਿਸੀਪਲ ਅਤੇ ਸਟਾਫ ਆਦਿ ਹਾਜ਼ਰ ਸਨ।