ਅਚਨੇਚਤੀ ਸੰਕਟ ਦੀ ਸਥਿਤੀ ’ਚ ਸਾਰੇ ਵਿਭਾਗ ਆਪਣੀ ਭੂਮਿਕਾ ਤੋਂ ਜਾਣੂ ਹੋਣ: ਏਡੀਸੀ
ਰਘਵੀਰ ਹੈਪੀ , ਬਰਨਾਲਾ, 5 ਮਾਰਚ 2021
ਕਿਸੇ ਵੀ ਤਰਾਂ ਦੀ ਸਨਅਤੀ, ਤੇਜ਼ਾਬੀ ਦੁਖਾਂਤ ਜਾਂ ਹੋਰ ਅਚਨਚੇਤੀ ਸੰਕਟ ਦੀ ਸਥਿਤੀ ਵਿਚ ਸਾਰੇ ਵਿਭਾਗਾਂ ਦਾ ਆਪਣੀ ਭੂਮਿਕਾ, ਜ਼ਿੰਮੇਵਾਰੀ ਤੇ ਕਾਰਜਪ੍ਰਣਾਲੀ ਤੋਂ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਅਜਿਹੀ ਕਿਸੇ ਵੀ ਸਥਿਤੀ ਦਾ ਸਫਲਤਾਪੂਰਬਕ ਟਾਕਰਾ ਕੀਤਾ ਜਾ ਸਕੇ।ਇਹ ਪ੍ਰਗਟਾਵਾ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਜ਼ਿਲਾ ਕਰਾਈਸਸ ਮੈਨੇਜਮੈਂਟ ਗਰੁੱਪ ਦੀ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਨੇ ਕੀਤਾ। ਇਸ ਮੌਕੇ ਸ੍ਰੀ ਡੇਚਲਵਾਲ ਨੇ ਆਖਿਆ ਕਿ ਪਿਛਲੇ ਸਮੇਂ ਟਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਇਸ ਸਬੰਧੀ ਮੌਕ ਡਰਿੱਲ ਵੀ ਕੀਤੀ ਜਾ ਚੁੱਕੀ ਹੈ। ਮੌਕ ਡਰਿੱਲ ਦਾ ਮਕਸਦ ਸਕੰਟ ਪ੍ਰਬੰਧਨ ਪ੍ਰਣਾਲੀ ’ਚ ਹੋਰ ਸੁਧਾਰ ਕਰਨਾ ਸੀ, ਇਸ ਲਈ ਸਾਰੇ ਵਿਭਾਗ ਆਪਣੀ ਕਾਰਜਪ੍ਰਣਾਲੀ ’ਚ ਹੋਰ ਸੁਧਾਰ ਲਿਆਉਣ।
ਇਸ ਮੌਕੇ ਡਿਪਟੀ ਡਾਇਰੈਕਟਰ (ਫੈਕਟਰੀਆਂ) ਇੰਜਨੀਅਰ ਸਾਹਿਲ ਗੋਇਲ ਨੇ ਮੀਟਿੰਗ ਦੇ ਏਜੰਡੇ ਬਾਰੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਨੂੰ ਦੱਸਿਆ ਅਤੇ ਕਿਸੇ ਵੀ ਸਨਅਤੀ ਜਾਂ ਫੈਕਟਰੀਆਂ ਆਦਿ ’ਚ ਅਚਨਚੇਤੀ ਦੁਖਾਂਤ ਦੇ ਟਾਕਰੇ ਲਈ ਲੋੜੀਂਦੇ ਪ੍ਰਬੰਧਾਂ ’ਤੇ ਗੱਲ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਨੇ ਦੱਸਿਆ ਕਿ ਕੁਦਰਤੀ ਆਫਤਾਂ ਦੇ ਨਾਲ ਨਾਲ ਕਈ ਵਾਰ ਸਨਅਤਾਂ, ਫੈਕਟਰੀਆਂ ਜਾਂ ਹੋਰ ਥਾਵਾਂ ’ਤੇ ਗੈਸਾਂ ਜਾਂ ਹੋਰ ਕਾਰਨਾਂ ਕਰ ਕੇ ਦੁਖਾਂਤ ਵਾਪਰ ਜਾਂਦੇ ਹਨ। ਜਿੱੱਥੇ ਅਜਿਹੇ ਦੁਖਾਤਾਂ ਤੋਂ ਸੁਰੱਖਿਅਤ ਰਹਿਣ ਲਈ ਜਿੱਥੇ ਪ੍ਰਬੰਧ ਕੀਤੇ ਜਾਂਦੇ ਹਨ, ਉਥੇ ਜੇਕਰ ਨਾ ਚਾਹੁੰਦੇ ਹੋਏ ਵੀ ਅਜਿਹੀ ਸਥਿਤੀ ਆ ਜਾਵੇ ਤਾਂ ਸਾਰੇ ਵਿਭਾਗਾਂ ਨੂੰ ਆਪਣੀ ਭੂਮਿਕਾ ਦਾ ਬਾਖੂਬੀ ਪਤਾ ਹੋਣ ਚਾਹੀਦਾ ਹੈ। ਉਨਾਂ ਸਿਹਤ ਵਿਭਾਗ ਨੂੰ ਖਾਸ ਤੌਰ ’ਤੇ ਪ੍ਰਬੰਧ ਪੁਖਤਾ ਕਰਨ ਲਈ ਆਖਿਆ ਕਿਉਕਿ ਅਜਿਹੀ ਸਥਿਤੀ ਵਿੱਚ ਸਿਹਤ ਵਿਭਾਗ ਦੀ ਅਹਿਮ ਭੂਮਿਕਾ ਹੁੰਦੀ ਹੈ।
ਇਸ ਮੌਕੇ ਐਸਡੀਐਮ ਸ੍ਰੀ ਵਰਜੀਤ ਵਾਲੀਆ, ਡੀਐਸਪੀ ਵਿਲੀਅਮ ਜੇਜੀ, ਡਿਪਟੀ ਡਾਇਰੈਕਟਰ ਫੈਕਟਰੀਆਂ ਸ੍ਰੀ ਸਾਹਿਲ ਗੋਇਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਈ-ਕਾਰਡ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਆਦਿਤਯ ਡੇਚਲਵਾਲ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਦੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨਾਂ ਕਿਹਾ ਕਿ ਪਿੰਡ ਵਾਰ ਕੈਂਪ ਲਗਾ ਕੇ ਲਾਭਪਾਤਰੀਆਂ ਦੇ ਈ ਕਾਰਡ ਬਣਾਏ ਜਾ ਰਹੇ ਹਨ। ਉਨਾਂ ਆਖਿਆ ਕਿ ਇਸ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਇਸ ਯੋਜਨਾ ਦਾ ਲਾਭ ਮਿਲ ਸਕੇ।