ਕਰਮਜੀਤ ਕਹਿੰਦੈ, ਵਾਤਾਵਰਨ ‘ਚ ਅਸੀ ਸਭ ਨੇ ਰਹਿਣੈ, ਇਸ ਦੀ ਸਾਂਭ ਸੰਭਾਲ ਵੀ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ
ਗਗਨ ਹਰਗੁਣ , ਅਹਿਮਦਗੜ੍ਹ 27 ਫਰਵਰੀ 2021
ਅਗਾਂਹਵਧੂ ਕਿਸਾਨ ਕਰਮਜੀਤ ਸਿੰਘ ਜਿਲ੍ਹੇ ਦੇ ਪਿੰਡ ਮਾਣਕਵਾਲ ਬਲਾਕ ਅਹਿਮਦਗੜ ਦਾ ਰਹਿਣ ਵਾਲਾ ਹੈ। ਕਰਮਜੀਤ ਪਿਛਲੇ ਲੰਬੇ ਸਮੇਂ ਤੋਂ 25 ਏਕੜ ਰਕਬੇ ਵਿੱਚ ਕਣਕ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਕੇ ਖੇਤੀ ਕਰ ਰਿਹਾ ਹੈ। ਜਿਸ ਵਿੱਚ ਉਹ 3 ਏਕੜ ਰਕਬੇ ਵਿੱਚ ਕਾਲੀ ਕਣਕ ਲਗਾਉਂਦੇ ਹਨ ਅਤੇ ਪਿਛਲੇ 6 ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲਗਾਏ ਵਧੀਆ ਢੰਗ ਨਾਲ ਮੁਨਾਫਾ ਕਮਾ ਕੇ ਖੇਤੀ ਕਰ ਰਹੇ ਹਨ। ਆਪਣੇ ਤਜਰਬੇ ਸਾਂਝੇ ਕਰਦਿਆਂ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਵਾਤਾਵਰਨ ਵਿੱਚ ਅਸੀ ਸਭ ਨੇ ਰਹਿਣਾ ਹੈ ਅਤੇ ਇਸ ਦੀ ਸਾਭ ਸੰਭਾਲ ਵੀ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ। ਉਨਾਂ ਨੇ ਕਿਹਾ ਕਿ ਜੇਕਰ ਸਾਡਾ ਵਾਤਾਵਰਨ ਪ੍ਰਦੂਸਿਤ ਹੋਵੇਗਾ ਤਾਂ ਇਸਦਾ ਸਿੱਧਾ ਤੇ ਮਾੜਾ ਅਸਰ ਸਾਡੀ ਸਿਹਤ ਤੇ ਪਵੇਗਾ ਅਤੇ ਅਜਿਹਾ ਹੋ ਵੀ ਰਿਹਾ ਹੈ।
ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੰਜ ਤਾਰਾ ਘੁਲਾੜ ਬਲਾਕ ਅਹਿਮਦਗੜ੍ਹ ਵਿੱਚ ਬਤੌਰ ਸਾਂਝੇਦਾਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਹ ਘੁਲਾੜ ਸੁਖਮਨੀ ਸੈਲਫ ਹੈਲੱਪ ਗਰੁੱਪ ਦਾ ਯੂਨਿਟ ਹੈ ਜੋ ਕਿ ਆਤਮਾ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਲ 2020—21 ਦੌਰਾਣ ਬਤੌਰ ਕਿਸਾਨ ਸਵੈ—ਸਹਾਇਤਾ ਗਰੁੱਪ ਰਜਿਸਟਰਡ ਹੈ।ਇਸ ਗਰੁੱਪ ਵਿੱਚ ਅਗਾਂਹਵਧੂ ਕਿਸਾਨ ਸ੍ਰ: ਵਰਿੰਦਰ ਸਿੰਘ ਪਿੰਡ ਧੰਨੋ ਪ੍ਰਧਾਨ ਹਨ ਜੋ ਕਿ ਖੇਤੀ ਦੇ ਨਾਲ ਨਾਲ ਪਿੰਡ ਮਾਣਕਵਾਲ ਵਿਖੇ ਢਿੱਲੋਂ ਐਗਰੀਕਲਚਰ ਸਟੋਰ ਦੇ ਨਾਂ ਤੇ ਪੈਸਟੀਸਾਈਡ ਅਤੇ ਫਰਟੀਲਾਈਜ਼ਰ ਦੀ ਵਿਕਰੀ ਕਰਦੇ ਹਨ।
ਸ੍ਰ: ਅਵਤਾਰ ਸਿੰਘ ਪਿੰਡ ਧੰਨੋ ਬਤੌਰ ਜਨਰਲ ਸਕੱਤਰ ਅਤੇ ਬ੍ਰ: ਗੁਰਪ੍ਰੀਤ ਸਿੰਘ ਪਿੰਡ ਜਿੱਤਵਾਲ ਖੁਰਦ ਬਤੌਰ ਖਜਾਨਚੀ ਇਸ ਗਰੁੱਪ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।ਉਨ੍ਹਾਂ ਦੱਸਿਆ ਕਿ ਸਾਡੇ ਘੁਲਾੜ ਵਿੱਚ ਗੁੜ ਅਤੇ ਸ਼ੂੱਕਰ ਤੋਂ ਤਿਆਰ ਕਰ 13 ਪ੍ਰਕਾਰ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ ਜਿਸ ਵਿੱਚ ਸ਼ੱਕਰ, ਗੁੜ, ਮੈਡੀਸੀਨਲ ਗੁੱੜ, ਟਿੱਕੀ ਵਾਲਾ ਗੁੜ, ਅਲਸੀ ਗੁੜ ਆਦਿ ਸ਼ਾਮਿਲ ਹਨ।ਇਸ ਤੋਂ ਇਲਾਵਾ ਇਨ੍ਹਾਂ ਵਲੋਂ ਆਪਣੇ ਘੁਲਾੜ ਤੇ ਹੀ ਵੱਖ ਵੱਖ ਕਿਸਾਨ ਸਵੈ ਸਹਾਇਤਾਂ ਗਰੁੱਪਾਂ ਦੇ ਉਤਪਾਦਾਂ ਦਾ ਮੰਡੀਕਰਣ ਕੀਤਾ ਜਾਂਦਾ ਹੈ।
ਕਰਮਜੀਤ ਸਿੰਘ ਦੱਸਦਾ ਹੈ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਨਾਲ ਜਿੱਥੇ ਖੇਤਾਂ ਵਿੱਚ ਜੈਵਿਕ ਮਾਦਾ ਵੱਧਦਾ ਹੈ ਉੱਥੇ ਹੀ ਖੇਤਾਂ ਵਿੱਚ ਰੋਟਾਵੇਟਰ, ਆਰ ਼ਐਮ ਼ਬੀ ਪਲੌ ਆਦਿ ਸੰਦਾ ਦੀ ਵਰਤੋਂ ਨਾਲ ਹੀ ਕਣਕ ਦੀ ਬਿਜਾਈ ਅਸਾਨੀ ਨਾਲ ਹੋ ਜਾਂਦੀ ਹੈ।ਉਹ ਆਖਦਾ ਹੈ ਕਿ ਜਦ ਅਸੀ ਪਰਾਲੀ ਜਾਂ ਨਾੜ ਸਾੜਦੇ ਹਾਂ ਤਾਂ ਇਸਦੇ ਨਾਲ ਨਾਲ ਸਾਡੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਅਤੇ ਜਮੀਨ ਦੇ ਪੌਸ਼ਕ ਤੱਤ ਵੀ ਨਸ਼ਟ ਹੋ ਜ਼ਾਂਦੇ ਹਨ ਜਿਸ ਨਾਲ ਜਮੀਨ ਦੀ ਉਪਜਾਉ ਸ਼ਕਤੀ ਕਮਜੋਰ ਹੋਣ ਲੱਗਦੀ ਹੈ ਅਤੇ ਸਾਡੀਆਂ ਫਸਲਾਂ ਦਾ ਝਾੜ ਘੱਟਣ ਲੱਗਦਾ ਹੈ।
ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਖੇਤੀ ਦੇ ਨਾਲ ਨਾਲ ਡੇਅਰੀ ਫਾਰਮਿੰਗ ਦਾ ਕੰਮ ਵੀ ਕਰਦੇ ਹਨ।ਉਨ੍ਹਾਂ ਕੋਲ ਇਸ ਸਮੇਂ 10 ਪਸ਼ੂ ਹਨ ਜਿਨ੍ਹਾਂ ਦੇ ਦੱੁਧ ਦਾ ਮੰਡੀਕਰਣ ਦੇ ਨਾਲ ਨਾਲ ਉਹ ਘਰੇਲੂ ਇਸਤੇਮਾਲ ਲਈ ਵੀ ਕਰਦੇ ਹਨ। ਉਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਹ ਅਪਣੀ ਘਰੇਲੂ ਲੌੜਾਂ ਵਾਸਤੇ 2 ਬਿੱਗਾ ਜ਼ਮੀਨ ਵਿੱਚ ਜੈਵਿਕ ਸਬਜੀਆਂ ਦਾ ਉਤਪਾਦਨ ਵੀ ਕਰਦੇ ਹਨ ਅਤੇ ਇਸ ਸਾਲ ਤੋਂ ਉਨ੍ਹਾਂ ਵਲੋਂ ਸਬਜੀ ਦੀਆਂ ਪਨੀਰੀ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ।ਉਸ ਨੇ ਦੱਸਿਆ ਕਿ ਜੇਕਰ ਕੋਈ ਵੀ ਕਿਸਾਨ ਕਿਸੇ ਵੀ ਪ੍ਰਕਾਰ ਦੀ ਸਲਾਹ ਲੈਣ ਸੰਬੰਧੀ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਉਸ ਦੇ ਮੋਬਾਇਲ ਨੰਬਰ 79868—10358 ਤੇ ਸੰਪਰਕ ਕਰ ਸਕਦਾ ਹੈ।
ਮੁੱਖ ਖੇਤੀਬਾੜੀ ਅਫਸਰ ਡਾ: ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਜਿਥੇ ਲਾਭਕਾਰੀ ਜੀਵਾਣੂਆਂ ਦਾ ਨੁਕਸਾਨ ਹੁੰਦਾ ਹੈ ਉਥੇ ਵਾਤਾਵਰਣ ਪਲੀਤ ਹੁੰਦਾ ਹੈ ਅਤੇ ਮਨੁੱਖੀ ਤੇ ਜੀਵ ਜੰਤੂਆਂ ਦੀ ਸਿਹਤ ਤੇ ਵੀ ਮਾੜਾ ਅਸਰ ਪੈਦਾ ਹੈ।ਉਨ੍ਹਾਂ ਕਿਹਾ ਕਿ ਕੋਵਿਡ—19 ਮਹਾਂਮਾਰੀ ਦੇ ਦੌਰ ਵਿੱਚ ਕਣਕ ਦੇ ਨਾੜ ਨੂੰ ਅੱਗ ਨਾ ਲੱਗਾ ਕੇ ਅਤੇ ਖੇਤਾਂ ਵਿੱਚ ਮਿੱਟੀ ਦੀ ਸੰਭਾਲ ਕਰਕੇ ਵਾਤਵਰਣ ਦੇ ਪ੍ਰਦੂਸ਼ਨ ਨੂੰ ਘੱਟ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਕਿਸਾਨਾਂ ਨੁੰ ਚਾਹੀਦਾ ਹੈ ਕਿ ਉਹ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਜਿਵੇਂ ਡੇਅਰੀ ਫਾਰਮਿੰਗ, ਪਸ਼ੂ ਪਾਲਣ, ਮੱਛੀ ਪਾਲਣ ਆਦਿ ਵੀ ਅਪਨਾਉਣ ਅਤੇ ਘੱਟੋ ਘੱਟ ਆਪਣੇ ਘਰੇਲੂ ਇਸਤੇਮਾਲ ਲਈ ਕੁਝ ਜਗਾ੍ਹ ਵਿੱਚ ਜੈਵਿਕ ਸਬਜੀਆਂ ਉਗਾਉਣ ਅਤੇ ਜੇਕਰ ਕਿਸਾਨ ਸਵੈ—ਸਹਾਇਤਾ ਗਰੁੱਪ ਬਣਾ ਕੇ ਕੰਮ ਕਰਨਾ ਚਾਹੁੰਦੇ ਹਨ ਤਾਂ ਆਪਣੇ ਬਲਾਕ ਦੇ ਖੇਤੀਬਾੜੀ ਅਫਸਰ ਨਾਲ ਸੰਪਰਕ ਕਰਨ।