ਸਾਂਝੇ ਕਿਸਾਨ ਸੰਘਰਸ਼ ਦਾ 149 ਵਾਂ ਦਿਨ ਟੋਲ ਪਲਾਜਾ ਮਹਿਲ ਕਲਾਂ,,,
ਗੁਰਸੇਵਕ ਸਿੰਘ ਸਹੋਤਾ , ਮਹਿਲਕਲਾਂ 27 ਫਰਵਰੀ 2021
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਟੋਲ ਪਲਾਜਾ ਮਹਿਲ ਕਲਾਂ ਦੇ ਮੁਕੰਮਲ ਬੰਦ ਦੌਰਾਨ ਚੱਲ ਰਿਹਾ ਕਿਸਾਨ/ਲੋਕ ਸੰਘਰਸ਼ ਅੱਜ 149 ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ।ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਲਗਤਾਰ ਕਿਸਾਨ/ਲੋਕ ਸੰਘਰਸ਼ ਨੇ ਅੱਜ ਦਾ ਦਿਨ ਭਗਤ ਰਵੀਦਾਸ ਜੀ ਦੇ ਜਨਮ ਦਿਵਸ, ਸ਼ਹੀਦ ਚੰਦਰ ਸ਼ੇਖਰ ਆਜਾਦ ਅਤੇ ਛੇ ਬੱਬਰਾਂ ਦੀ ਸ਼ਹਾਦਤ ਨੂੰ ਸਮਰਪਿਤ ਰਿਹਾ। ਇਸ ਮੌਕੇ ਬੁਲਾਰਿਆਂ ਭਗਤ ਰਵਿਦਾਸ ਜੀ ਦੇ ਜਨਮ ਦਿਵਸ ਦੀਆਂ ਮੁਬਾਕਬਾਦ ਦਿੰਦਿਆਂ ਕਿਹਾ ਕਿ ਛੇ ਸੌ ਸਾਲ ਪਹਿਲਾਂ ਸਿਰਜੇ ਮਨੁੱਖਤਾ ਪੱਖੀ ਊਚ ਨੀਚ, ਜਾਤ ਪਾਤ ਰਹਿਤ ਸਮਾਜ ਬਰਾਬਰਤਾ ਵਾਲੇ ਸਮਾਜ ਦੀ ਬੁਨਿਆਦ ਰੱਖੀ। ਉਸ ਸਮੇਂ ਦੀਆਂ ਰਾਝ ਭਾਗ ਤੇ ਕਾਬਕ ਤਾਕਤਾਂ ਦੇ ਵੱਡੇ ਵਿਰੋਧ ਦਾ ਸ਼ਾਹਮਣਾ ਵੀ ਕਰਨਾ ਪਿਆ। ਪਰ ਭਗਤ ਰਵਿਦਾਸ ਆਪਣੇ ਟੀਚੇ ਨੂੰ ਅੱਗੇ ਵਧਾਉਣ ਲਈ ਦ੍ਰਿੜ ਸੰਕਲਪ ਰਹੇ।ਇਸੇ ਹੀ ਤਰ੍ਹਾਂ ਅੱਜ ਦੇ ਦਿਨ ਹਿੰਦੋਸਤਾਨ ਸੋਸ਼ਲਿਸਟ ਰੀਪਲਕਿਨ ਐਸੋਸੀਏਸ਼ਨ ਨੂੰ ਮੁੜ ਨਵੀਆਂ ਲੀਹਾਂ,ਨਵੇਂ ਸਮਾਜਵਾਦੀ ਸਿਧਾਂਤ ਅਨੁਸਾਰ ਮੁੜ ਜਥੇਬੰਦ ਕਰਨ ਵਾਲੇ ਸ਼ਹੀਦ ਚੰਦਰ ਸ਼ੇਖਰ ਅਜਾਦ ਦਾ ਸ਼ਹੀਦੀ ਦਿਨ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਮੌਜੂਦਾ ਸਾਮਰਾਜੀਆਂ ਦੀਆਂ ਦਲਾਲ ਸਰਕਾਰਾਂ ਖਿਲ਼ਾਫ ਜੰਗ ਜਾਰੀ ਰੱਖਣ ਦਾ ਅਹਿਦ ਕੀਤਾ।ਬੁਲਾਰਿਆਂ ਕਿਹਾ ਕਿ ਸ਼ਹੀਦ ਚੰਦਰ ਸ਼ੇਖਰ ਆਜਾਦ ਨੇ ਕਾਕੋਰੀ ਕਾਂਡ ਤੋਂ ਲੈਕੇ ਅਨੇਕਾਂ ਬਰਤਾਨਵੀ ਸਾਮਰਾਜੀ ਵਿਰੋਧੀ ਬਗਾਵਤਾਂ ਦੀ ਅਗਵਾਈ ਕੀਤੀ।ਇਸੇ ਹੀ ਤਰ੍ਹਾਂ ਅੱਜ ਦੇ ਦਿਨ ਬਰਤਾਨਵੀ ਹਕੂਮਤ ਨੇ ਛੇ ਬੱਬਰਾਂ(ਬੱਬਰ ਕਿਸ਼ਨ ਸਿੰਗ ਗੜਗੱਜ,ਬੱਬਰ ਕਰਮ ਸਿੰਘ ਮਾਣਕੋ, ਬੱਬਰ ਨੰਦ ਸਿੰਘ,ਬੱਬਰ ਸੰਤਾ ਸਿੰਘ,ਬੱਬਰ ਦਲੀਪ ਸਿੰਘ ਅਤੇ ਬੱਬਰ ਧਰਮ ਸਿੰਘ) ਨੂੰ ਫਾਂਸੀ ਦਿੱਤੀ ਗਈ ਸੀ।ਅਜਿਹੇ ਸ਼ਹੀਦ ਅੱਜ ਦੇ ਕਿਸਾਨੀ ਸੰਘਰਸ਼ ਲਈ ਪ੍ਰੇਰਨਾ ਸੋ੍ਰਤ ਹਨ।ਕਿਸਾਨ ਆਗੂਆਂ ਮਲਕੀਤ ਸਿੰਘ ਮਹਿਲਕਲਾਂ, ਗੁਰਮੇਲ ਸਿੰਘ ਠੁੱਲੀਵਾਲ,ਜਗਤਾਰ ਸਿੰਘ ਛੀਨੀਵਾਲਕਲਾਂ, ਗੋਬਿੰਦਰ ਸਿੰਘ ਮਹਿਲਕਲਾਂ, ਜਗਤਾਰ ਸਿੰਘ ਦਾਨਗੜ੍ਹ, ਬਲਜਿੰਦਰ ਕੁਮਾਰ(ਪ੍ਰਭੂ),ਰਜਿੰਦਰ ਕੁਮਾਰ,ਸੁਖਦੇਵ ਸਿੰਘ ਕੁਰੜ, ਜਗਤਾਰ ਸਿੰਘ ਕਲਾਲਮਾਜਰਾ ਬੁਲਾਰਿਆਂ ਨੇ ਕਿਹਾ ਕਿ ਲੋਕ ਹੁਣ ਸਮਝ ਚੁੱਕੇ ਹਨ ਕਿ ਇਨ੍ਹਾਂ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਖੇਤੀ ਖੇਤਰ ਦੇ ਨਾਲ-ਨਾਲ ਸਮੁੱਚਾ ਅਰਥਚਾਰਾ ਪੇਂਡੂ/ਸ਼ਹਿਰੀ ਸੱਭਿਅਤਾ ਸਮੇਤ ਜੀਵਨ ਅਧਾਰ ਹੀ ਇਨ੍ਹਾਂ ਕਾਨੂੰਨਾਂ ਦੀ ਮਾਰ ਹੇਠ ਆਕੇ ਤਬਾਹ ਹੋਣ ਲਈ ਸਰਾਪਿਆ ਜਾਵੇਗਾ।ਇਸੇ ਕਰਕੇ ਹੁਣ ਸਮੁੱਚੇ ਭਾਰਤ ਅੰਦਰ ਚੱਲ ਰਿਹਾ ਸੰਘਰਸ਼ ਕਿਸਾਨਾਂ ਦਾ ਨਾਂ ਰਹਿਕੇ ਲੋਕ ਸੰਘਰਸ਼ ਵਿੱਚ ਤਬਦੀਲ ਹੋ ਗਿਆ ਹੈ। ਇਨ੍ਹਾਂ ਕਿਸਾਨ/ਲੋਕ ਵਿਰੋਧੀ ਕਾਨੂੰਨਾਂ ਨਾਲ ਪ੍ਰਭਾਵਿਤ ਹੋਣ ਵਾਲਾ ਹਰ ਤਬਕਾ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।ਵਿਸ਼ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਦੇ ਦਿਸ਼ਾ ਨਿਰਦੇਸ਼ਨਾ ਤਹਿਤ ਸੁਪਰ ਅਮੀਰਾਂ (ਅਡਾਨੀ,ਅੰਬਾਨੀ ਅਤੇ ਹੋਰ) ਨੂੰ ਅੰਨ੍ਹੇ ਮੁਨਾਫੇ ਬਖਸ਼ਣ ਲਈ ਲਿਆਂਦੇ ਇਨ੍ਹਾਂ ਕਾਨੂੰਨਾਂ ਦੀ ਅਸਲੀਅਤ ਨੂੰ ਪੰਜਾਬ ਤੋਂ ਬਾਅਦ ਮੁਲਕ ਦੇ ਹਰ ਕੋਨੇ ਵਿੱਚੋਂ ਲੋਕ ਸੰਘਰਸ਼ ਦੇ ਮੈਦਾਨ ਵਿੱਚ ਲੰਬੇ ਸਮੇਂ ਦੇ ਸੰਘਰਸ਼ ਦੀ ਤਿਆਰੀ ਕਰਕੇ ਨਿੱਤਰਨ ਲੱਗੇ ਹਨ।ਕਿਸਾਨ/ਲੋਕ ਸੰਘਰਸ਼ ਦਾ ਵਧ ਰਿਹਾ ਘੇਰਾ ਹੀ ਮੋਦੀ ਹਕੂਮਤ ਨੂੰ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰੇਗਾ।
ਇਸੇ ਹੀ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਦਾ ਘਿਰਾਓ 146 ਵੇਂ ਦਿਨ ਜਾਰੀ ਰਿਹਾ। ਇਸ ਸਮੇਂ ਪਰਮਿੰਦਰ ਸਿੰਘ ਹੰਢਿਆਇਆ, ਮੇਜਰ ਸਿੰਘ ਸੰਘੇੜਾ, ਜਸਵੰਤ ਸਿੰਘ ਸੰਘੇੜਾ ਨੇ ਵਿਚਾਰ ਪੇਸ਼ ਕਰਦਿਆਂ ਨੂੰ ਭਗਤ ਰਵੀਦਾਸ ਜੀ ਦੇ ਜਨਮ ਦਿਵਸ,ਸ਼ਹੀਦ ਚੰਦਰ ਸ਼ੇਖਰ ਆਜਾਦ ਅਤੇ ਛੱ ਬੱਬਰਾਂ ਦੀ ਸ਼ਹਾਦਤ ਦਿਵਸ ਨੂੰ ਸਮਰਪਿਤ ਕਰਨ ਸਮੇਂ ਵੱਡੀ ਗਿਣਤੀ ਵਿੱਚ ਹਾਜਰ ਕਿਸਾਨਾਂ ਨੂੰ ਸਾਂਝੀਵਾਲਤਾ, ਬਰਾਬਰਤਾ,ਭਾਈਚਾਰੇ ਵਾਲੇ ਸਮਾਜ ਸਿਰਜਣ ਦੀ ਗੱਲ ਕੀਤੀ।ਇਸ ਮੌਕੇ ਭਜਨ ਸਿੰਘ,ਨਾਜਰ ਸਿੰਘ, ਮੱਘਰ ਸਿੰਘ, ਦਲੀਪ ਸਿੰਘ,ਮਲਕੀਤ ਸਿੰਘ ਅਤੇ ਤੇਜਾ ਸਿੰਘ ਨੇ ਵੀ ਵਿਚਾਰ ਪੇਸ਼ ਕਰਦਿਆਂ ਕਿਸਾਨ/ਲੋਕ ਸੰਘਰਸ਼ ਪ੍ਰਤੀ ਹੋਰ ਤਨਦੇਹੀ/ਜਿੰਮੇਵਾਰੀ ਨਾਲ ਜੁਟ ਜਾਣ ਦੀ ਅਪੀਲ ਕੀਤੀ।