ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਸ਼ਹਿਰਾਂ ’ਚ ਕਰੋੜਾਂ ਦੇ ਪ੍ਰੋਜੈਕਟਾਂ ਨੂੰ ਵਰਚੂਅਲ ਸਮਾਗਮ ਦੌਰਾਨ ਕੀਤਾ ਲੋਕ ਅਰਪਣ
ਹਰਪ੍ਰੀਤ ਕੌਰ , ਸੰਗਰੂਰ, 22 ਫਰਵਰੀ 2021
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਵੱਖ-ਵੱਖ ਸ਼ਹਿਰਾਂ ਵਿਚ 1087 ਕਰੋੜ ਰੁਪਏ ਦੇ ਮਿਊਸੀਪਲ ਪ੍ਰਾਜੈਕਟਾਂ ਨੂੰ ਵਰਚੂਅਲ ਸਮਾਗਮ ਜ਼ਰੀਏ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਜੋ ਕਿ ਸੰਗਰੂਰ ਸਮੇਤ ਬਾਕੀ ਜਗਾਵਾਂ ’ਤੇ ਵੀ ਲਾਇਵ ਵਿਖਾਇਆ ਗਿਆ। ਸੰਗਰੂਰ ਵਿਖੇ ਕਰਵਾਏ ਗਏ ਵਿਰਚੂਅਲ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ. ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਦੇ ਸਮਾਰੋਹ ਵਿਚ ਲੋਕਾਂ ਨੂੰ ਸਮਰਪਿਤ ਕੀਤੇ ਗਏ ਵਿਕਾਸ ਕਾਰਜਾਂ ਵਿਚ 936.43 ਕਰੋੜ ਰੁਪਏ ਦੇ ਸਮਾਰਟ ਸਿਟੀ ਪ੍ਰਾਜੈਕਟ ਅਤੇ 151.4 ਕਰੋੜ ਰੁਪਏ ਦੇ ਅਮਰੁਤ ਯੋਜਨਾ ਤਹਿਤ ਵਿਕਾਸ ਪ੍ਰਾਜੈਕਟ ਸ਼ਾਮਲ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੁਧਿਆਣਾ ਸ਼ਹਿਰ ਵਿਚ ਮਿਉਸੀਪਲ ਕੰਟਰੌਲ ਸੈਂਟਰ ਦੀ ਸਥਾਪਨਾ, ਸੇਫ਼ ਸਿਟੀ ਪ੍ਰਾਜੈਕਟ ਦਾ ਵਿਸਥਾਰ, ਸ਼ਹਿਰ ਦੇ ਮਿੰਨੀ ਰੋਜ਼ ਗਾਰਡਨ ਦਾ ਸੁੰਦਰੀਕਰਨ ਅਤੇ ਨਵੀਨੀਕਰਨ; ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਅਪਗ੍ਰੇਡੇਸ਼ਨ ਅਤੇ ਸੁਧਾਰ, ਗਦਈਪੁਰ ਵਿਖੇ ਨਿਰਮਾਣ ਅਤੇ ਮਲਬਾ ਰਹਿੰਦ ਖੂੰਹਦ ਪ੍ਰੋਸੈਸਿੰਗ ਪਲਾਂਟ ਦੀ ਸਥਾਪਨਾ, ਰੈਣਕ ਬਾਜ਼ਾਰ ਸਟ੍ਰੀਟ ਲਈ ਸਰੱਖਿਆ ਅਤੇ ਬਚਾਅ ਉਪਾਵਾਂ ਤਹਿਤ ਯੁਟਿਲਿਟੀ ਡਕਟ ਵਰਤਦਿਆਂ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਚੁੱਕਣਾ ਅਤੇ ਗੁਰੂ ਨਾਨਕ ਦੇਵ ਲਾਇਬਰੇਰੀ ਦਾ ਡਿਜੀਟਾਈਜੇਸ਼ਨ; ਅੰਮਿ੍ਰਤਸਰ ਦੇ ਨਹਿਰੀ ਪਾਣੀ ਸਕੀਮ, ਅੱਗ ਬੁਝਾਊ ਸੇਵਾਵਾਂ ਦੀ ਅਪਗ੍ਰੇਡੇਸ਼ਨ, ਠੋਸ ਰਹਿੰਦ ਖੂੰਹਦ ਪ੍ਰਬੰਧਨ ਸਹੂਲਤਾਂ ਦੀ ਅੱਪਗ੍ਰੇਡੇਸ਼ਨ, ਪਾਰਕਾਂ ਅਤੇ ਖੁੱਲੀਆਂ ਥਾਵਾਂ ਦਾ ਵਿਕਾਸ ਅਤੇ ਸੁਲਤਾਨਪੁਰ ਲੋਧੀ ਵਿਖੇ ਕਪੂਰਥਲਾ ਸਮਾਰਟ ਰੋਡ, ਡਡਵਿੰਡੀ ਤੋਂ ਸੁਲਤਾਨਪੁਰ ਲੋਧੀ ਤੱਕ ਸਮਾਰਟ ਰੋਡ ਨੂੰ ਚੌੜਾ ਕਰਨਾ ਅਤੇ ਮਜ਼ਬੂਤੀਕਰਨ, ਪਵਿੱਤਰ ਬੇਈ ਦੇ ਕਿਨਾਰੇ ਪੱਕੇ ਕਰਨਾ ਅਤੇ ਖੁੱਲੀਆਂ ਥਾਵਾਂ ਦੀ ਸਿਰਜਣਾ, ਖੁੱਲੀਆਂ ਥਾਵਾਂ ਦਾ ਵਿਕਾਸ ਮੋਰੀ ਮੁਹੱਲਾ, ਸੈਟਰਲ ਪਾਰਕ ਅਤੇ ਜਵਾਲਾ ਪਾਰਕ ਵਿਖੇ 3 ਪਾਰਕ, ਅੱਗ ਬੁਝਾਉਣ ਅਤੇ ਬਚਾਅ ਲਈ ਅੱਗ ਸੁਰੱਖਿਆ ਉਪਕਰਨਾਂ ਦੀ ਖਰੀਦ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਲੋਕਾਂ ਨੂੰ ਸਮਰਪਿਤ ਕੀਤੇ ਹਨ। ਉਨਾਂ ਦੱਸਿਆ ਕਿ ਦੱਸਿਆ ਕਿ ਇਸ ਤੋਂ ਇਲਾਵਾ ਅਮਰੁਤ ਯੋਜਨਾ ਤਹਿਤ ਵਿਕਾਸ ਪ੍ਰਾਜੈਕਟ ਤਹਿਤ ਬਰਨਾਲਾ ਵਿਖੇ 100 ਫ਼ੀਸਦੀ ਆਬਾਦੀ ਕਵਰੇਜ਼ ਲਈ ਸੀਵਰੇਜ਼ ਨੈਟਵਰਕ ਅਤੇ ਸੀਵਰੇਜ਼ ਟਰੀਟਮੈਟ ਪਲਾਂਟ ਦਾ ਵਿਸਥਾਰ ਅਤੇ ਨਵੀਨੀਕਰਨ, ਖੰਨਾ ਵਿਖੇ 29 ਐਮ.ਐਲ.ਡੀ. ਪ੍ਰੋਜੈਕਟ ਵੀ ਸ਼ਾਮਲ ਹਨ।
ਸ. ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੰਗਰੂਰ ਜ਼ਿਲੇ ਦੇ ਸ਼ਹਿਰਾਂ ਵਿਚ ਵੀ ਬੁਨਿਆਦੀ ਸਹੂਲਤਾਂ ਵਿਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਨਾਂ ਬੁਨਿਆਦੀ ਸਹੂਲਤਾਂ ਵਿਚ ਨਵੀਆਂ ਸੀਵਰੇਜ ਪਾਇਪਲਾਇਨਾਂ, ਚੰਗੇਰੀਆਂ ਸੜਕਾਂ ਤੇ ਪੱਕੀਆਂ ਗਲੀਆਂ, ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਪਾਰਕ, ਸਾਫ਼ ਪੀਣਯੋਗ ਪਾਣੀ ਦੀ ਉਪਲਬਧਤਾ ਆਦਿ ਸ਼ਾਮਿਲ ਹਨ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਲਗਾਤਾਰ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਤੇ ਪੰਜਾਬ ਦੀ ਤਰੱਕੀ ਲਈ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਅਤੇ ਭਲਾਈ ਸਕੀਮਾਂ ਦਾ ਲਾਭ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਇਆ ਜਾਵੇ।