ਚੇਅਰਮੈਨ ਮੱਖਣ ਸ਼ਰਮਾ ਦੀ ਪਤਨੀ ਦੀਪਕਾ ਸ਼ਰਮਾ ਨੇ ਦਰਜ ਕੀਤੀ ਰਿਕਾਰਡਤੋੜ ਜਿੱਤ
ਸ਼ਹਿਰ ਦੇ 31 ਵਾਰਡਾਂ ‘ ਚੋਂ ਦੀਪਕਾ ਸ਼ਰਮਾ ਨੇ ਸਭ ਤੋਂ ਵੱਧ 1173 ਵੋਟਾਂ ਨਾਲ ਸੀਟ ਜਿੱਤੀ,
ਜਿੱਤ ਦਾ ਸਭ ਤੋਂ ਵੱਡੀ ਦਾਅਵੇਦਾਰ ਸ਼ਿਫਾਲੀ ਜੈਨ , ਤੀਜੇ ਨੰਬਰ ਤੇ ਖਿਸਕੀ
ਪ੍ਰਧਾਨਗੀ ਦੇ ਦਾਵੇਦਾਰ ਕਈ ਕਾਂਗਰਸੀ ਆਗੂ ਖੁਦ ਵੀ ਚੋਣ ਨਹੀਂ ਜਿੱਤ ਸਕੇ
ਹਰਿੰਦਰ ਨਿੱਕਾ , ਬਰਨਾਲਾ 17 ਫਰਵਰੀ 2021
ਕਰੀਬ 11 ਵਰ੍ਹਿਆਂ ਬਾਅਦ ਨਗਰ ਕੌਂਸਲ ਬਰਨਾਲਾ ਦੀ ਸੱਤਾ ਤੇ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਇਆ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਇਲਾਕੇ ਦੇ ਸੀਨੀਅਰ ਆਗੂ ਮੱਖਣ ਸ਼ਰਮਾ ਦੀ ਪਤਨੀ ਦੀਪਕਾ ਸ਼ਰਮਾ ਨੇ ਆਪਣੇ ਨੇੜਲੇ ਵਿਰੋਧੀ ਆਪ ਦੀ ਉਮੀਦਵਾਰ ਸਤਬੀਰ ਕੌਰ ਤੇ ਬਾਗੀ ਕਾਂਗਰਸੀ ਸ਼ਿਫਾਲੀ ਜੈਨ ਨੂੰ 1173 ਵੋਟਾਂ ਦੇ ਵੱਡੇ ਫਰਕ ਨਾਲ ਧੂੜ ਚਟਾ ਦਿੱਤੀ। ਸ੍ਰੀਮਤੀ ਸ਼ਰਮਾ ਨੂੰ ਸ਼ਹਿਰ ਦੇ ਸਾਰੇ ਵਾਰਡਾਂ ਵਿੱਚੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਦਾ ਮਾਣ ਵੀ ਮਿਲਿਆ ਹੈ । ਇਸ ਤਰਾਂ ਵਾਰਡ ਨੰਬਰ 19 ਤੋਂ ਕਾਂਗਰਸੀ ਉਮੀਦਵਾਰ ਰਾਣੀ ਕੌਰ ਨੂੰ ਸਭ ਤੋਂ ਘੱਟ ਵੋਟਾਂ ਯਾਨੀ ਸਿਰਫ 6 ਵੋਟਾਂ ਦੇ ਅੰਤਰ ਨਾਲ ਹੀ ਜਿੱਤ ਨਸੀਬ ਹੋਈ। ਹਾਲਤ ਇਹ ਵੀ ਕਾਫੀ ਹੈਰਾਨੀਜਨਕ ਸਾਹਮਣੇ ਆਈ ਕਿ ਖੁਦ ਨੂੰ ਜਿੱਤ ਦੇ ਪ੍ਰਮੁੱਖ ਦਾਵੇਦਾਰ ਕਹਿ ਕਿ ਪ੍ਰਚਾਰ ਰਹੀ, ਸ਼ਿਫਾਲੀ ਜੈਨ ਖਿਸਕ ਕੇ ਤੀਸਰੇ ਨੰਬਰ ਤੇ ਪਹੁੰਚ ਗਈ। ਜਦੋਂ ਕਿ ਮੁਕਾਬਲੇ ਤੋਂ ਬਾਹਰ ਸਮਝੀ ਜਾ ਰਹੀ ਆਪ ਦੀ ਉਮੀਦਵਾਰ ਸਤਬੀਰ ਕੌਰ 378 ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੀ। ਉਨਾਂ ਰਾਜਸੀ ਪੰਡਿਤਾਂ ਨੂੰ ਵੀ ਕਾਫੀ ਨਮੋਸ਼ੀ ਝੱਲਣੀ ਪਈ, ਜਿੰਨਾਂ ਨੂੰ ਸ਼ਹਿਰ ਦੀ ਸਭ ਤੋਂ ਹੌਟ ਸੀਟ ਸਮਝੇ ਜਾਂਦੇ ਵਾਰਡ ਨੰਬਰ 11 ਵਿੱਚ ਤਿਕੋਣੀ ਅਤੇ ਫਸਵੀਂ ਟੱਕਰ ਲੱਗਦੀ ਰਹੀ। ਨਤੀਜਿਆਂ ਨੇ ਇਹ ਸਾਫ ਕਰ ਦਿੱਤਾ ਕਿ ਦੀਪਕਾ ਸ਼ਰਮਾ ਨੂੰ ਪ੍ਰਾਪਤ ਹੋਈਆਂ 1551 ਵੋਟਾਂ ਦੇ ਮੁਕਾਬਲੇ ਦੋਵਾਂ ਵਿਰੋਧੀ ਉਮੀਦਵਾਰਾਂ ਨੂੰ ਕ੍ਰਮਾਨੁਸਾਰ ਪ੍ਰਾਪਤ ਹੋਈਆਂ 315 ਅਤੇ 378 ਵੋਟਾਂ ਦੇ ਜੋੜ ਕੇ ਵੀ ਸਿਰਫ 639 ਵੋਟਾਂ ਹੀ ਪ੍ਰਾਪਤ ਹੋਈਆਂ। ਇਸ ਲਈ ਇਹ ਵੀ ਕਹਿਣਾ ਠੀਕ ਨਹੀਂ ਹੋਵੇਗਾ ਕਿ ਵਿਰੋਧੀ ਵੋਟਾਂ ਦੀ ਵੰਡ ਕਾਰਣ ਹੀ ਦੀਪਕਾ ਸ਼ਰਮਾ ਨੂੰ ਵੱਡੀ ਜਿੱਤ ਮਿਲੀ। ਯਾਨੀ ਇਹ ਸਮਝੋ ਕਿ ਦੋਵਾਂ ਵਿਰੋਧੀ ਉਮੀਦਵਾਰਾਂ ਦੇ ਜੋੜ ਤੋਂ ਵੀ ਕਾਂਗਰਸੀ ਉਮੀਦਵਾਰ ਦੀਪਕਾ ਸ਼ਰਮਾ 912 ਵੋਟਾਂ ਵੱਧ ਹਾਸਿਲ ਕਰ ਗਈ। ਵਰਨਣਯੋਗ ਹੈ ਕਿ ਪਿਛਲੀਆਂ ਚੋਣਾਂ ਸਮੇਂ ਅਜਾਦ ਉਮੀਦਵਾਰ ਪ੍ਰਵੀਨ ਕੁਮਾਰ ਬਬਲੀ ਤੋਂ ਹਾਰ ਜਾਣ ਵਾਲੇ ਮੱਖਣ ਸ਼ਰਮਾ ਨੇ ਹਾਰ ਤੋਂ ਬਾਅਦ ਆਪਣੇ ਵਾਰਡ ਵਿੱਚ ਜਿੱਤ ਯਕੀਨੀ ਬਣਾਉਣ ਲਈ ਕਾਫੀ ਮਿਹਨਤ ਕੀਤੀ। ਜਿਸ ਤੋਂ ਬਾਅਦ ਹੁਣ ਮਿਲੀ ਵੱਡੀ ਜਿੱਤ ਨੇ ਮੱਖਣ ਸ਼ਰਮਾ ਦੇ ਰਾਜਸੀ ਕੱਦ ਨੂੰ ਹੋਰ ਵੀ ਉੱਚਾ ਕਰ ਦਿੱਤਾ ਹੈ। ਇਸ ਜਿੱਤ ਨੇ ਮੱਖਣ ਸ਼ਰਮਾ ਦੇ ਵਿਰੋਧੀਆਂ ਨੂੰ ਵੀ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਫਿਲਹਾਲ ਮੱਖਣ ਸ਼ਰਮਾ ਦੇ ਕੱਦ ਦਾ ਹੋਰ ਕੋਈ ਦੂਸਰਾ ਕਾਂਗਰਸੀ ਆਗੂ ਸ਼ਹਿਰ ਵਿੱਚ ਨਹੀਂ ਹੈ।
ਪ੍ਰਧਾਨਗੀ ਦੇ ਸਭ ਤੋਂ ਵੱਡੇ ਦਾਵੇਦਾਰ ਰਹਿ ਗਏ ਦੀਪਕਾ ਸ਼ਰਮਾ
ਨਗਰ ਕੌਂਸਲ ਚੋਣਾਂ ਦੌਰਾਨ ਪ੍ਰਧਾਨਗੀ ਦੇ ਦਾਵੇਦਾਰ ਕਈ ਕਾਂਗਰਸੀ ਆਗੂਆਂ ਦੇ ਨਾਮ ਵੀ ਚਰਚਾ ਵਿੱਚ ਰਹੇ। ਜਿਹੜ੍ਹੇ ਖੁਦ ਵੀ ਗਾਹੇ-ਬਗਾਹੇ ਲੋਕਾਂ ਵਿੱਚ ਆਪਣੀ ਭੱਲ ਬਣਾਉਣ ਲਈ ਜਿੱਤ ਤੋਂ ਬਾਅਦ ਪ੍ਰਧਾਨਗੀ ਦੇ ਪ੍ਰਮੁੱਖ ਦਾਵੇਦਾਰ ਵਜੋਂ ਪੇਸ਼ ਕਰਦੇ ਰਹੇ। ਇੱਨਾਂ ਵਿੱਚੋਂ ਸਭ ਤੋਂ ਪ੍ਰਮੁੱਖ ਰਾਜੀਵ ਲੂਬੀ ਜਿਨ੍ਹਾਂ ਦੀ ਮਾਤਾ ਸਰਲਾ ਦੇਵੀ ਆਪਣੀ ਵਿਰੋਧੀ ਸਰੋਜ ਰਾਣੀ ਤੋਂ 103 ਵੋਟਾਂ ਨਾਲ ਹਾਰ ਗਈ। ਇਸੇ ਤਰਾਂ ਕਾਂਗਰਸ ਦੀ ਸੀਨੀਅਰ ਮਹਿਲਾ ਆਗੂ ਸੁਖਜੀਤ ਕੌਰ ਸੁੱਖੀ ਵੀ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਤੇ ਸੋਨੀ ਜਾਗਲ ਦੀ ਮਾਤਾ ਤੋਂ 104 ਵੋਟਾਂ ਦੇ ਅੰਤਰ ਨਾਲ ਹਾਰ ਗਈ। ਹੁਣ ਸਭ ਤੋਂ ਪ੍ਰਮੁੱਖ ਦਾਵੇਦਾਰ ਦੇ ਤੌਰ ਤੇ ਕਾਂਗਰਸੀ ਆਗੂ ਅਤੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੇ ਬੇਹੱਦ ਕਰੀਬੀ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਦੀ ਪਤਨੀ ਦੀਪਕਾ ਸ਼ਰਮਾ ਹੀ ਰਹਿ ਗਏ ਹਨ। ਬਾਕੀ ਹਾਲੇ ਕਾਫੀ ਤਰਾਂ ਦੇ ਜੋੜ ਤੋੜ ਹੋਣ ਦੀਆਂ ਸੰਭਾਵਨਾਵਾਂ ਤੋਂ ਵੀ ਮੂੰਹ ਨਹੀਂ ਫੇਰਿਆ ਜਾ ਸਕਦਾ। ਕਿਉਂਕਿ ਇਹ ਰਾਜਨੀਤੀ ਦੀ ਖੇਡ ਹੈ, ਇਸ ਵਿੱਚ ਪ੍ਰਸਥਿਤੀਆਂ ਕਦੇ ਕੋਈ ਵੀ ਰੂਪ ਲੈ ਸਕਦੀਆਂ ਹਨ।
ਕੋਂਸਲ ਵਿੱਚ ਪਾਰਟੀ ਵਾਰ ਹਾਲਤ
-ਕਾਂਗਰਸ -16
ਅਕਾਲੀ ਦਲ-4
ਆਪ- 3
ਅਜਾਦ 8 ਸ਼ਾਮਿਲ ਹਨ।