ਬਿਨਾਂ ਕਿਸੇ ਲਾਲਚ, ਡਰ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਵੋਟਰ-ਰਾਮਵੀਰ
ਚੋਣਾਂ ਅਮਨ-ਅਮਾਨ ਨਾਲ ਕਰਾਉਣ ਲਈ 2000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ-ਐਸ.ਐਸ.ਪੀ
ਹਰਿੰਦਰ ਨਿੱਕਾ , ਸੰਗਰੂਰ, 12 ਫਰਵਰੀ:2021
ਜ਼ਿਲ੍ਹੇ ਦੀਆਂ 7 ਨਗਰ ਕੌਸ਼ਲਾਂ ਅਤੇ 1 ਨਗਰ ਪੰਚਾਇਤ ਦੀਆਂ 14 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੋਟਾਂ ਦੇ ਕੰਮ ਨੂੰ ਅਮਨ ਸਾਂਤੀ ਅਤੇ ਨਿਰਪੱਖ ਢੰਗ ਨਾਲ ਸਿਰੇ ਚੜਾਉਣ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰ ਸ੍ਰੀ ਰਾਮਵੀਰ ਨੇ ਦਿੱਤੀ।
ਜ਼ਿਲਾ ਚੋਣ ਅਫ਼ਸਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਨਗਰ ਕੌਸ਼ਲ ਭਵਾਨੀਗੜ, ਮਲੇਰਕੋਟਲਾ, ਧੂਰੀ, ਸੁਨਾਮ, ਲਹਿਰਾ, ਲੌਂਗੋਵਾਲ, ਅਹਿਮਦਗੜ ਅਤੇ ਨਗਰ ਪੰਚਾਇਤ ਅਮਰਗੜ ਵਿਖੇ ਕੁੱਲ 624 ਉਮੀਦਵਾਰ ਚੋਣ ਮੈਦਾਨ ’ਚ ਹਨ। ਉਨਾਂ ਦੱਸਿਆ ਕਿ ਸਮੁੱਚੇ ਚੋਣ ਦੇ ਕਾਰਜ਼ਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ 1278 ਪੋਲਿੰਗ ਅਮਲਾ ਨਿਯੁਕਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 150 ਵਾਰਡਾਂ ਲਈ 266 ਬੂਥ ਸਥਾਪਤ ਕੀਤੇ ਗਏ ਹਨ।
ਸ੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲੇ ਅੰਦਰ 8 ਥਾਂਵਾਂ ਤੇ ਹੋਣ ਵਾਲੀ ਵੋਟਿੰਗ ਲਈ 2 ਲੱਖ 57 ਹਜ਼ਾਰ 417 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਨਾਂ ਵਿੱਚ 1 ਲੱਖ 36 ਹਜ਼ਾਰ 232 ਮਰਦ, 1 ਲੱਖ 21 ਹਜ਼ਾਰ 170 ਔਰਤਾਂ ਅਤੇ 15 ਥਰਡ ਜੈਂਡਰ ਸ਼ਾਮਿਲ ਹਨ। ਉਨਾਂ ਸਮੂਹ ਜ਼ਿਲਾ ਵਾਸੀਆਂ ਨੂੰ ਬਿਨਾਂ ਕਿਸੇ ਲਾਲਚ, ਡਰ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਉਨਾਂ ਦੱਸਿਆ ਕਿ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾਈਆ ਜਾ ਸਕਦੀਆਂ ਹਨ।
ਵਧੀਕ ਜ਼ਿਲ੍ਰਾ ਚੋਣ ਅਫ਼ਸਰ ਸ੍ਰੀ ਰਜਿੰਦਰ ਸਿੰਘ ਬੱਤਰਾ ਨੇ ਦੱਸਿਆ ਕਿ 17 ਫਰਵਰੀ ਨੂੰ ਭਵਾਨੀਗੜ ਵਿਖੇ ਯੋਗਾ ਹਾਲ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ, ਧੂਰੀ ਵਿਖੇ ਪਹਿਲੀ ਮੰਜ਼ਿਲ ਐਸ.ਡੀ.ਐਮ. ਦਫ਼ਤਰ, ਮਲੇਰਕੋਟਲਾ ਵਿਖੇ ਜ਼ਿਮਨੇਜ਼ੀਅਮ ਹਾਲ ਸਰਕਾਰੀ ਕਾਲਜ਼, ਅਮਰਗੜ ਵਿਖੇ ਕਮਰਾ ਨੰਬਰ 6 ਲਾਇਬਰੇਰੀ ਸਰਕਾਰੀ ਕਾਲਜ, ਅਹਿਮਦਗੜ ਵਿਖੇ ਐਮ.ਜੀ.ਐਮ.ਐਨ ਸੀਨੀਅਰ ਸੈਕੰਡਰੀ ਸਕੂਲ (ਗਾਂਧੀ ਸਕੂਲ ਫਸਟ ਫਲੌਰ ਰੂਮ) ਲਹਿਰਾਗਾਗਾ ਵਿਖੇ ਐਮ.ਪੀ. ਹਾਲ ਬਾਬਾ ਹੀਰਾ ਸਿੰਘ ਭੱਠਲ ਕਾਲਜ, ਲੌਂਗੋਵਾਲ ਵਿਖੇ ਫੈਕਲਟੀ ਕਲੱਬ ਸਲਾਇਟ ਅਤੇ ਸੁਨਾਮ ਵਿਖੇ ਸਰਕਾਰੀ ਆਈ.ਟੀ.ਆਈ ਲੜਕੇ ਵਿਖੇ ਵੋਟਾਂ ਦੀ ਗਿਣਤੀ ਹੋਵੇਗੀ।
ਐਸ.ਐਸ.ਪੀ. ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਜ਼ਿਲੇ ਵਿੱਚ ਕਰੀਬ 2000 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜਿਨਾਂ ਵਿੱਚ 5 ਐਸ.ਪੀਜ਼, 13 ਡੀ.ਐਸ.ਪੀਜ਼, ਆਦਿ ਸ਼ਾਮਲ ਹਨ। ਉਨਾਂ ਦੱਸਿਆ ਕਿ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ ਅਤੇ ਭੈੜੇ ਅਨਸਰਾਂ ਨਾਲ ਕੋਈ ਢਿੱਲਮਠ ਨਹੀਂ ਵਰਤੀ ਜਾਵੇਗੀ ਤਾਂ ਜੋ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜਿਆ ਜਾ ਸਕੇ।