ਭਦੌੜ ਅਤੇ ਧਨੌਲਾ ਲਈ ਹਾਲੇ ਨਹੀਂ ਖੁੱਲਿਆ ਨਾਮਜ਼ਦਗੀਆਂ ਦਾ ਖਾਤਾ
ਨਾਮਜ਼ਦਗੀਆਂ ਭਰਨ ਦੀ ਆਖ਼ਿਰੀ ਮਿਤੀ 3 ਫਰਵਰੀ
ਹਰਿੰਦਰ ਨਿੱਕਾ , ਬਰਨਾਲਾ, 30 ਜਨਵਰੀ 2021
ਨਗਰ ਕੌਂਸਲ ਚੋਣਾਂ ਲਈ ਨਾਮਜਦਗੀਆਂ ਦਾਖਿਲ ਕਰਨ ਦੇ ਪਹਿਲੇ ਦਿਨ ਨਗਰ ਕੌਂਸਲ ਬਰਨਾਲਾ ਲਈ 8 ਅਤੇ ਨਗਰ ਕੌਂਸਲ ਤਪਾ ਦੀ ਚੋਣ ਲਈ 2 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਿਲ ਕਰ ਦਿੱਤੇ ਹਨ। ਜਦੋਂ ਕਿ ਧਨੌਲਾ ਅਤੇ ਭਦੌੜ ਨਗਰ ਕੌਂਸਲ ਚੋਣਾਂ ਲਈ ਪਹਿਲੇ ਦਿਨ ਕੋਈ ਵੀ ਨਾਮਜਦਗੀਆਂ ਦਾ ਹਾਲੇ ਤੱਕ ਖਾਤਾ ਨਹੀਂ ਖੁੱਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਚੋਣਾਂ ਦੇ ਜਾਰੀ ਪ੍ਰੋਗਰਾਮ ਮੁਤਾਬਕ ਅੱਜ (30 ਜਨਵਰੀ) ਤੋਂ ਜ਼ਿਲਾ ਬਰਨਾਲਾ ਵਿਚ ਬਰਨਾਲਾ, ਧਨੌਲਾ, ਤਪਾ ਤੇ ਭਦੌੜ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ।
ਉਨਾਂ ਦੱਸਿਆ ਕਿ ਪਹਿਲੇ ਦਿਨ ਬਰਨਾਲਾ ਵਿਚ ਅੱਠ ਉਮੀਦਵਾਰਾਂ (ਆਜ਼ਾਦ ਉਮੀਦਵਾਰ ਵਜੋਂ) ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਹਨ। ਇਸ ਤੋਂ ਇਲਾਵਾ ਤਪਾ ਲਈ ਦੋ ਉਮੀਦਵਾਰਾਂ (ਆਜ਼ਾਦ) ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ, ਜਦੋਂਕਿ ਭਦੌੜ ਅਤੇ ਧਨੌਲਾ ਤੋਂ ਅੱਜ ਕਿਸੇ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਹੈ।
ਜ਼ਿਲਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖ਼ਿਰੀ ਮਿਤੀ 3 ਫਰਵਰੀ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ ਨੂੰ ਕੀਤੀ ਜਾਵੇਗੀ। ਜਦੋਂ ਕਿ ਨਾਮਜ਼ਦਗੀਆਂ ਵਾਪਿਸ ਲੈਣ ਦੀ ਤਰੀਕ 5 ਫਰਵਰੀ 2021 ਹੈ। ਵੋਟਾਂ ਪੈਣ ਦਾ ਕੰਮ ਮਿਤੀ 14 ਫਰਵਰੀ ਨੂੰ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਕੀਤੀ ਜਾਏਗੀ।
ਉਨਾਂ ਦੱਸਿਆ ਕਿ ਨਾਮਜ਼ਦਗੀਆਂ ਅਤੇ ਚੋਣ ਪ੍ਰਕਿਰਿਆ ਬਾਰੇ ਸਬੰਧਤ ਰਿਟਰਨਿੰਗ ਅਫਸਰਾਂ ਦੇ ਦਫਤਰਾਂ ਅੱਗੇ ਨੋਟਿਸ ਬੋਰਡ ਲਾਏ ਗਏ ਹਨ ਤਾਂ ਜੋ ਕਿਸੇ ਵੀ ਉਮੀਦਵਾਰ ਨੂੰ ਵੀ ਕੋਈ ਦਿੱਕਤ ਪੇਸ਼ ਨਾ ਆਵੇ।