ਅਣਪਛਾਤਿਆਂ ਖਿਲਾਫ ਕੇਸ ਦਰਜ਼ ਕਰਕੇ, ਦੋਸ਼ੀਆਂ ਦੀ ਤਲਾਸ਼ ਸ਼ੁਰੂ
ਹਰਿੰਦਰ ਨਿੱਕਾ , ਬਰਨਾਲਾ 22 ਜਨਵਰੀ 2021
ਜੇਲ੍ਹ ਅੰਦਰ ਨਾ ਕੋਈ ਮੋਬਾਇਲ ਫੈਕਟਰੀ ਅਤੇ ਨਾ ਹੀ ਕੋਈ ਮੋਬਾਇਲਾਂ ਦੀ ਦੁਕਾਨ , ਜੇਲ੍ਹ ਦੀ ਕਰੜੀ ਸੁਰੱਖਿਆ ਦੇ ਬਾਵਜੂਦ ਵੀ ਜੇਲ੍ਹ ਅੰਦਰ ਮੋਬਾਇਲ ਪਹੁੰਚਣਾ ਕਾਫੀ ਗੰਭੀਰ ਮੁੱਦਾ ਹੈ। ਜੇਲ੍ਹ ਸੁਪਰਡੈਂਟ ਦੀ ਸ਼ਕਾਇਤ ਦੇ ਅਧਾਰ ਤੇ 2 ਅਣਪਛਾਤਿਆਂ ਦੇ ਖਿਲਾਫ ਪੁਲਿਸ ਨੇ ਕੇਸ ਦਰਜ਼ ਕੀਤਾ ਹੈ। ਜਿਲ੍ਹਾ ਜੇਲ੍ਹ ਦੇ ਸੁਪਰਡੈਂਟ ਵੱਲੋਂ ਪੁਲਿਸ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ 20 ਜਨਵਰੀ ਨੂੰ ਸਮਾਂ ਕਰੀਬ 11:30 ਵਜੇ ਸਹਾਇਕ ਸੁਪਰਡੈਂਟ ਗੁਰਦੇਵ ਸਿੰਘ ਦੀ ਨਿਗਰਾਨੀ ਹੇਠ ਹੌਲਦਾਰ ਨਿਰਮਲ ਸਿੰਘ ਅਤੇ ਜੇਲ੍ਹ ਵਾਰਡਨ ਜਸਪ੍ਰੀਤ ਸਿੰਘ ਜੇਲ੍ਹ ਦੀ ਸਫਾਈ ਕਰਵਾ ਰਹੇ ਸੀ ਤਾਂ ਜੇਲ੍ਹ ਦੀ ਡੋਰਮੈਂਟਰੀ ਦੀ ਕੱਚੀ ਥਾਂ ਤੇ ਮਿੱਟੀ ਵਿੱਚ ਦੱਬੇ 2 ਮੋਬਾਇਲ ਫੋਨ ਸਮੇਤ ਬੈਟਰੀ ਨਕਾਰਾ ਹਾਲਤ ਵਿੱਚ ਬੰਦ ਪਏ ਬਰਾਮਦ ਹੋਏ। ਜਿਨ੍ਹਾਂ ਦਾ IMEI ਨੰਬਰ ਮਿਟਿਆ ਹੋਇਆ ਹੈ। ਚੌਂਕੀ ਬੱਸ ਸਟੈਂਡ ਦੇ ਏ.ਐਸ.ਆਈ. ਦਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਕਾਇਤ ਦੇ ਅਧਾਰ ਤੇ ਅਣਪਛਾਤਿਆਂ ਖਿਲਾਫ ਅਧੀਨ ਜੁਰਮ 52 ਏ ਪ੍ਰਿਜਨ ਐਕਟ 1894 ਥਾਣਾ ਸਿਟੀ ਬਰਨਾਲਾ ਵਿਖੇ ਦਰਜ ਕਰਕੇ, ਦੋਸ਼ੀਆਂ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।