ਧਨੌਲਾ ਦੀ ਅਨਾਜ ਮੰਡੀ ‘ਚ ਮਨਾਇਆ ਕਿਸਾਨ ਔਰਤ ਦਿਵਸ
ਏ.ਐਸ.ਅਰਸ਼ੀ /ਆਰਜੂ ਸ਼ਰਮਾ ,ਚੰਡੀਗੜ੍ਹ/ਧਨੌਲਾ 18 ਜਨਵਰੀ 2021
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ਅਨੁਸਾਰ18 ਜਨਵਰੀ ਨੂੰ ਕਿਸਾਨ ਔਰਤ ਦਿਵਸ ਮੌਕੇ ਦਿੱਲੀ ਤੋਂ ਇਲਾਵਾ , ਪੰਜਾਬ ਵਿੱਚ ਵੀ ਧਨੌਲਾ ਵਿਖੇ ਔਰਤਾਂ ਦਾ ਇਕੱਠ ਕੀਤਾ ਗਿਆ ਤੇ ਵਿਸ਼ਾਲ ਮਾਰਚ ਕੀਤਾ ਗਿਆ| ਜਿਹਨਾਂ ਦਾ ਚੋਟ ਨਿਸ਼ਾਨਾ ਬਿਨਾਂ ਸ਼ੱਕ ਮੋਦੀ ਕਾਰਪੋਰੇਟ ਸਾਮਰਾਜੀ ਗੱਠਜੋੜ ਹੀ ਸੀ | ਪ੍ਰੰਤੂ ਇਹ ਔਰਤ ਸ਼ਕਤੀ ਹਰਜੀਤ ਗਰੇਵਾਲ ਵਰਗੀਆਂ ਕਾਲ਼ੀਆਂ ਜੀਭਾਂ ਨੂੰ ਠਾਕਣ ਦਾ ਕੰਮ ਵੀ ਕਰੇਗੀ ,ਜਿਹੜੀਆਂ ਇਸ ਗੱਠਜੋੜ ਦੇ ਪੱਖ ਵਿੱਚ ਅਤੇ ਕਿਸਾਨਾਂ ਦੇ ਵਿਰੁੱਧ ਅਵਾ ਤਵਾ ਬੋਲਣ ਤੋਂ ਬਾਜ਼ ਨਹੀਂ ਆ ਰਿਹਾ ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਬੁਲਾਰੇ ਮਨਜੀਤ ਕੌਰ ਬਰਨਾਲਾ ਗੁਰਪ੍ਰੀਤ ਕੌਰ ਬਰਾਸ (ਪਟਿਆਲਾ) ਨਵਜੋਤ ਕੌਰ ਚੰਨੋ, ਕੋਮਲ ਖਨੌਰੀ (ਸੰਗਰੂਰ) ਨੇ ਦੱਸਿਆ ਕਿ ਕੌਮਾਂਤਰੀ ਮੁਦਰਾ ਕੋਸ਼ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਹੱਕ ‘ਚ ਦਿੱਤੇ ਬਿਆਨ ਵਿਰੁੱਧ ਤਿੱਖਾ ਰੋਸ ਜ਼ਾਹਰ ਕੀਤਾ ਗਿਆ |ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ)ਦੇ ਸੂਬਾ ਮੀਤ ਪ੍ਰਧਾਨ ਜਨਕ ਭੁਟਾਲ ਕਲਾਂ ਨੇ ਦੱਸਿਆ ਕਿ ਦਿੱਲੀ ਮੋਰਚੇ ਸਮੇਤ ਪੰਜਾਬ ਭਰ ਵਿੱਚ ਸੰਸਾਰ ਵਪਾਰ ਸੰਸਥਾ ਤੇ ਕੌਮਾਂਤਰੀ ਮੁਦਰਾ ਕੋਸ਼ ਦੇ ਪੁਤਲੇ 19 ਜਨਵਰੀ ਨੂੰ ਫੂਕੇ ਜਾਣਗੇ।
ਉਹਨਾਂ ਦੋਸ਼ ਲਾਇਆ ਕਿ ਸਾਮਰਾਜੀ ਸੰਸਥਾ ਦਾ ਇਹ ਬਿਆਨ ਲੋਕਾਂ ਖ਼ਿਲਾਫ਼ ਅੜੀ ਖਡ਼੍ਹੀ ਮੋਦੀ ਹਕੂਮਤ ਨੂੰ ਸਾਮਰਾਜੀਆਂ ਵੱਲੋਂ ਦਿੱਤਾ ਗਿਆ ਥਾਪੜਾ ਹੈ। ਇਹ ਬਿਆਨ ਸਾਬਤ ਕਰਦਾ ਹੈ ਕਿ ਇਨ੍ਹਾਂ ਕਾਨੂੰਨਾਂ ਦੀ ਪਿੱਠ ‘ਤੇ ਸਿਰਫ਼ ਅੰਬਾਨੀ ਤੇ ਅਡਾਨੀ ਵਰਗੇ ਦੇਸੀ ਕਾਰਪੋਰੇਟ ਘਰਾਣੇ ਹੀ ਨਹੀਂ ਹਨ ਸਗੋਂ ਸੰਸਾਰ ਸਾਮਰਾਜੀ ਵਿੱਤੀ ਸੰਸਥਾਵਾਂ ਵੀ ਖੜ੍ਹੀਆਂ ਹਨ। ਇਨ੍ਹਾਂ ਸੰਸਥਾਵਾਂ ਵੱਲੋਂ ਤੀਜੀ ਦੁਨੀਆਂ ਦੇ ਮੁਲਕਾਂ ‘ਚ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਹੀ ਨਵੇਂ ਖੇਤੀ ਕਾਨੂੰਨ ਲਿਆਂਦੇ ਗਏ ਹਨ ਜਿਨ੍ਹਾਂ ਦੀਆਂ ਤਾਰਾਂ ਸਿੱਧੇ ਤੌਰ ‘ਤੇ ਹੀ ਸੰਸਾਰ ਵਪਾਰ ਸੰਸਥਾ ਦੀ 2013 ਦੀ ਬਾਲੀ ‘ਚ ਹੋਈ ਕਾਨਫ਼ਰੰਸ ਨਾਲ ਜੁਡ਼ਦੀਆਂ ਹਨ।
ਜਿੱਥੇ ਭਾਰਤੀ ਹਕੂਮਤ ਨੂੰ ਸਾਮਰਾਜੀਆਂ ਵੱਲੋਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਕਰਕੇ ਅਨਾਜ ਭੰਡਾਰ ਕਰਨ ਦੇ ਸਮੁੱਚੇ ਤਾਣੇ-ਬਾਣੇ ਦੀ ਸਫ਼ ਵਲ੍ਹੇਟਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ ਅਤੇ ਇੱਥੋਂ ਦੀ ਫਸਲੀ ਮੰਡੀ ਨੂੰ ਵਿਦੇਸ਼ੀ ਬਹੁਕੌਮੀ ਕੰਪਨੀਆਂ ਵਾਸਤੇ ਖੋਲ੍ਹਣ ਲਈ ਕਿਹਾ ਗਿਆ ਸੀ। ਇਨ੍ਹਾਂ ਹਦਾਇਤਾਂ ਨੂੰ ਮੰਨਦਿਆਂ ਹੀ ਮੋਦੀ ਹਕੂਮਤ ਨੇ ਸ਼ਾਂਤਾ ਕੁਮਾਰ ਕਮੇਟੀ ਬਣਾਈ ਸੀ ਤੇ ਉਹਦੇ ਵੱਲੋਂ ਸਰਕਾਰੀ ਖ਼ਰੀਦ ਬੰਦ ਕਰਨ ਸਮੇਤ ਐਫ ਸੀ ਆਈ ਤੋੜਨ ਵਰਗੇ ਕਈ ਕਦਮ ਚੁੱਕਣ ਦੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਸਨ।
ਹੁਣ ਮੋਦੀ ਹਕੂਮਤ ਨੇ ਇਨ੍ਹਾਂ ਸਾਮਰਾਜੀ ਹਦਾਇਤਾਂ ‘ਤੇ ਫੁੱਲ ਚੜ੍ਹਾਉਂਦਿਆਂ ਹੀ ਕਰੋਨਾ ਸੰਕਟ ਨੂੰ ਨਿਆਮਤੀ ਮੌਕਾ ਸਮਝ ਕੇ ਸਾਮਰਾਜ ਪੱਖੀ ਨਵੇਂ ਖੇਤੀ ਕਾਨੂੰਨ ਬਣਾਏ ਹਨ ਅਤੇ ਦੇਸ਼ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਭਾਰਤੀ ਹਾਕਮਾਂ ਨੂੰ ਇਨ੍ਹਾਂ ਸੰਸਥਾਵਾਂ ‘ਚੋਂ ਬਾਹਰ ਆਉਣਾ ਚਾਹੀਦਾ ਹੈ ਤੇ ਆਪਣੇ ਮੁਲਕ ਦੇ ਕਮਾਊ ਲੋਕਾਂ ਦੇ ਵਿਕਾਸ ਦੀਆਂ ਲੋੜਾਂ ਅਨੁਸਾਰ ਹੀ ਨੀਤੀਆਂ ਘੜਨੀਆਂ ਚਾਹੀਦੀਆਂ ਹਨ। ਕਿਸਾਨ ਆਗੂ ਨੇ ਇਹ ਵੀ ਦੱਸਿਆ ਕਿ ਸਮੂਹ ਕਿਸਾਨ ਜਥੇਬੰਦੀਆਂ ਦੇ ਫੈਸਲੇ ਅਨੁਸਾਰ 26 ਜਨਵਰੀ ਦੀ ਦਿੱਲੀ ਟ੍ਰੈਕਟਰ ਪਰੇਡ ਦੀ ਤਿਆਰੀ ਲਈ ਜਥੇਬੰਦੀ ਵੱਲੋਂ 20-21 ਜਨਵਰੀ ਨੂੰ ਪਿੰਡ ਪਿੰਡ ਟ੍ਰੈਕਟਰ ਮਾਰਚ ਕੀਤੇ ਜਾਣਗੇ।
ਉਨ੍ਹਾਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਸਮੇਤ ਸੰਘਰਸ਼ ਦੀ ਹਮਾਇਤ ‘ਚ ਡਟੇ ਹੋਏ ਸਭਨਾਂ ਲੋਕਾਂ ਨੂੰ ਇਨ੍ਹਾਂ ਐਕਸ਼ਨਾਂ ‘ਚ ਜਗਤਾਰ ਕਾਲਾਝਾੜ ਬਲਵਿੰਦਰ ਮਨਿਆਣਾ ਨੇ ਵਧ ਚਡ਼੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।