ਆਰਜੂ ਸ਼ਰਮਾਂ , ਬਰਨਾਲਾ : 16 ਜਨਵਰੀ 2021
30 ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਗਾਏ ਹੋਏ ਧਰਨੇ ਦੇ 108 ਵੇਂ ਦਿਨ ਅੱਜ, ਸਿੰਘੂ ਬਾਰਡਰ ਤੋਂ ਆ ਕੇ, ਬੀਕੇਯੂ (ਡਕੌਂਦਾ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ 18 ਤਰੀਕ ਦੇ ਮਹਿਲਾ ਕਿਸਾਨ ਦਿਵਸ ਤੇ 26 ਜਨਵਰੀ ਨੂੰ ਦ੍ਵਿਲੀ ਵਿਚ ਹੋਣ ਵਾਲੇ ਟਰੈਕਟਰ ਮਾਰਚ ਦੀ ਲਾਮਬੰਦੀ ਲਈ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ । ਉਨ੍ਹਾਂ ‘ਦਿਲੀ ਦੇ ਕਿੰਗਰੇ ਢਾਹੁਣ’ ਵਰਗੀਆਂ ਬਚਕਾਨਾ ਫੇਸਬੁੱਕੀ ਪੋਸਟਾਂ ਤੋਂ ਖਬਰਦਾਰ ਰਹਿਣ ਲਈ ਕਹਿੰਦਿਆਂ ਹੋਏ ਘੋਲ ਨੂੰ ਪੂਰੀ ਤਰ੍ਹਾਂ ਸ਼ਾਤ ਤੇ ਜ਼ਾਬਤਾਬੱਧ ਰੱਖਣ ਦੀ ਲੋੜ ‘ਤੇ ਜ਼ੋਰ ਦਿਤਾ। ਅੱਜ ਦੇ ਧਰਨੇ ਵਿਚ ਕਿਸਾਨ ਘੋਲ ਦੀ ਜ਼ਮੀਨੀ ਰਿਪੋਰਟ ਹਾਸਲ ਕਰਨ ਲਈ ਪੰਜਾਬ ਦਾ ਦੌਰਾ ਕਰ ਰਹੇ ‘ਐਸੋਸ਼ੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਡੈਮੋਕਰੇਟਿਕ ਰਾਈਟਸ (ਏਪੀਡੀਆਰ) ਬੰਗਾਲ ਦੇ ਸਾਥੀ ਵੀ ਪਹੁੰਦੇ। (ਏਪੀਡੀਆਰ)ਦੇ ਸਰੋਜ ਬੋਸ ਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੰਗਾਲ ਦੇ ਲੋਕ ਇਸ ਘੋਲ ਨੂੰ ਬਹੁਤ ਨੀਝ ਨਾਲ ਵੇਖ ਰਹੇ ਹਨ ਅਤੇ ਉਨ੍ਹਾਂ ਨੇ ਨਾਲ ਇਕਜੁਟਤਾ ਪ੍ਰਗਟਾ ਰਹੇ ਹਨ।
ਅੱਜ ਪੈਸਟੀਸਾਈਡ , ਫਰਟੀਲਾਈਜ਼ਰ ਸੀਡ ਫੀਲਡ ਵਰਕਰਜ਼ ਐਸੋਸ਼ੀਏਸ਼ਨ ਦੇ ਸਾਥੀ ਬਿੰਦਰ ਸਿੰਘ ਅਕਲੀਆ, ਈਸ਼ਰ ਸਿੰਘ ਹਰੀਗੜ, ਬੂਟਾ ਸਿੰਘ ਭੱਠਲ, ਅਵਤਾਰ ਸਿੰਘ ਢਿਲਵਾਂ,ਸੁਰਜੀਤ ਸਿੰਘ ਕੈਰੇ , ਜਗਰਾਜ ਸਿੰਘ ਭਦੌੜ ਤੇ ਰਾਮਦੇਵ ਭੱਠਲ24 ਘੰਟੇ ਦੀ ਰਿਲੇਅ ਭੁੱਖ ਹੜਤਾਲ ਨੇ ਬੈਠੇ। ਅੱਜ ਧਰਨੇ ਨੂੰ ਸਾਧੂ ਸਿੰਘ ਛੀਨੀਵਾਲ, ਨਛੱਤਰ ਸਿੰਘ ਸਾਹੌਰ, ਗੁਰਦੇਵ ਸਿੰਘ ਮਾਂਗੇਵਾਲ, ਬਾਰਾ ਸਿੰਘ ਬਦਰਾ, ਗੁਰਚਰਨ ਸਿੰਘ ਸਰਪੰਚ, ਜਸਪਾਲ ਕੌਰ,ਪ੍ਰੇਮਪਾਲ ਕੌਰ, ਜਸਵਿੰਦਰ ਸਿੰਘ ਮੰਡੇਰ, ਚਰਨਜੀਤ ਕੌਰ, ਕਾਕਾ ਸਿੰਘ ਫਰਵਾਹੀ, ਦਰਸ਼ਨ ਸਿੰਘ ਉਗੋਕੇ, ਬਲਵੰਤ ਸਿੰਘ ਉਪਲੀ, ਜਸਮੇਲ ਸਿੰਘ ਤੇ ਪਰਮਜੀਤ ਮਾਨ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ 18 ਜਨਵਰੀ ਲਈ ਉਲੀਕੇ ਗਏ ਮਹਿਲਾ ਕਿਸਾਨ ਦਿਵਸ ਵਾਲੇ ਦਿਨ ਕਿਸਾਨ ਧਰਨਿਆਂ ਵਿਚ ਮੌਕੇ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ‘ਤੇ ਜ਼ੋਰ ਦਿਤਾ। ਉਸ ਦਿਨ ਜੋ ਔਰਤਾਂ ਧਰਨੇ ਵਿਚ ਨਹੀਂ ਪਹੁੰਚ ਸਕਦੀਆਂ ਉਹ ਆਪਣੇ ਪਿੰਡਾ ਵਿਚ ਟਰੈਕਟਰ ਮਾਰਚਾਂ, ਨੁਕੜ ਮੀਟਿੰਗਾਂ ਤੇ ਹੋਰ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਕੇ ਕਿਸਾਨੀ ਮੰਗਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰ ਸਕਦੀਆਂ ਹਨ।
ਸਰਕਾਰ ਜਾਣ-ਬੁੱਝ ਕੇ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ ਤਾਂ ਜੁ ਕਿਸਾਨਾਂ ਨੂੰ ਦਮੋੰ ਕੱਢਿਆ ਜਾ ਸਕੇ ਪਰ ਅਸੀਂ ਪੂਰੀ ਤਰ੍ਹਾਂ ਦ੍ਰਿੜ ਹਾਂ ਕਿ ਕਾਲੇ ਕਾਨੂੰਨ ਰੱਦ ਕਰਵਾਉਣ ਤੋਂ ਘੱਟ ਸਾਨੂੰ ਕੁਝ ਵੀ ਮਨਜ਼ੂਰ ਨਹੀਂ। ਇਸ ਲੰਬੇ ਘੋਲ ਲਈ ਔਰਤਾਂ ਦੀ ਬਰਾਬਰ ਦੀ ਸ਼ਮੂਲੀਅਤ ਅਤਿ ਜ਼ਰੂਰੀ ਹੈ। ਇਸ ਲਈ ਘਰ ਘਰ ਸੁਨੇਹਾ ਪਹੁੰਚਾ ਕੇ 18 ਤਰੀਕ ਦੇ ਕਿਸਾਨ ਮਹਿਲਾ ਦਿਵਸ ਲਈ ਔਰਤਾਂ ਨੂੰ ਲਾਮਬੰਦ ਕੀਤਾ ਜਾਵੇ। ਇਹ ਕੰਮ ਧਰਨੇ ਵਿਚ ਮੌਜੂਦ ਭੈਣਾਂ ਵਧੇਰੇ ਬਿਹਤਰ ਤਰੀਕੇ ਨਾਲ ਕਰ ਸਕਦੀਆਂ ਹਨ। ਔਰਤਾਂ ਦੀ ਸਰਗਰਮ ਸ਼ਮੂਲੀਅਤ ਇਸ ਘੋਲ ਦੀ ਮਾਨਯੋਗ ਪ੍ਰਾਪਤੀ ਰਹੀ ਹੈ ਅਤੇ ਇਸ ਨੂੰ ਹੋਰ ਉਚੇਰੇ ਪੱਧਰ ‘ਤੇ ਪਹੁੰਚਾਉਣ ਦੀ ਜ਼ਰੂਰਤ ਹੈ। 18 ਤਰੀਕ ਨੂੰ ਸਟੇਜ ਸੰਚਾਲਨ ਤੇ ਬੁਲਾਰਿਆਂ ਦੀ ਜ਼ੁੰਮੇਵਾਰੀ ਸਮੇਤ ਮਹਿਲਾਵਾਂ ਘੋਲ ਦੇ ਹਰ ਸ਼ੋਹਬੇ ਵਿਚ ਵਧ ਚੜ ਕੇ ਹਿੱਸਾ ਲੈਣ।
ਵੀਆਰਸੀ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋੋਂ 105 ਵੇਂ ਦਿਨ ਘਿਰਾਓ ਜਾਰੀ ਰਿਹਾ। ਬੁਲਾਰਿਆਂ ਮਨਜੀਤ ਧਨੇਰ, ਗੁਰਦੇਵ ਮਾਂਗੇਵਾਲ, ਪਰਮਿੰਦਰ ਹੰਢਿਆਇਆ, ਬਾਬੂ ਸਿੰਘ ਖੁੱਡੀਕਲਾਂ,ਰਾਮ ਸਿੰਘ ਸੰਘੇੜਾ,ਮੇਜਰ ਸਿੰਘ ਸੰਘੇੜਾ, ਭੋਲਾ ਸਿੰਘ, ਅਜਮੇਰ ਸਿੰਘ ਕਰਮਗੜ੍ਹ ਆਦਿ ਨੇ ਕਿਹਾ ਕਿ ਕੱਲ੍ਹ ਵਾਲੀ ਕੇਂਦਰੀ ਮੰਤਰੀਆਂ ਨਾਲ ਹੋਈ ਮੀਟਿੰਗ ਬਾਰੇ ਦੱਸਿਆ ਕਿ ਕਿਵੇਂ ਹਾਲੇ ਵੀ ਮੋਦੀ ਹਕੂਮਤ ਦੀ ਮਨਸ਼ਾ ਖੇਤੀ ਕਾਨੂੰਨਾਂ ਪ੍ਰਤੀ ਸਾਫ ਨਹੀਂ ਹੈ। ਸੰਘਰਸ਼ ਨੂੰ ਹੋਰ ਵਧੇਰੇ ਵਿਸ਼ਾਲ ਅਤੇ ਤੇਜ਼ ਕਰਨਾ ਹੋਵੇਗਾ। 18 ਜਨਵਰੀ ਨੂੰ ਕਿਸਾਨ ਔਰਤ ਦਿਵਸ ਮਨਾਉਣ ਲਈ ਵੱਡੇ ਪੱਧਰ ਤੇ ਕਿਸਾਨ ਔਰਤਾਂ ਦੀ ਲਾਮਬੰਦੀ ਦੀ ਲੋੜ ਤੇ ਜ਼ੋਰ ਦਿੱਤਾ।