ਹਾਲੇ ਸੁਲਝਣ ਦਾ ਮੌਕਾ ਏ
ਸਾਡੇ ਸਿਰੜੀ ਜਿਹੇ ਬਾਬੇ ਅੱਜ,
ਬੈਠੇ ਨੇ ਡੇਰੇ ਕਿੰਝ ਲਾਈ।
ਸੜਕਾਂ ਉੱਤੇ ਟੋਲਾਂ ਉੱਤੇ,
ਹੱਦਾਂ ਉੱਤੇ ਧੂਣੀ ਹੈ ਪਾਈ।
ਜਾਲਮ ਹਾਕਮਾਂ ਤੂੰ ਕੀ ਜਾਣੇਂ,
ਕਿੰਝ ਜ਼ਮੀਨ ਬਣਾਈ ਜਾਂਦੀ।
ਸਾਰੀ ਉਮਰ ਨਾ ਪੂਰੀ ਖਾਧੀ,
ਗੰਢ ਢਿੱਡ ਨੂੰ ਕਿੰਝ ਮਾਰੀ ਜਾਂਦੀ।
ਕਿੰਝ ਪਲਦੇ ਬੱਚੇ ਕਿਰਤੀ ਦੇ,
ਕਿੰਝ ਫ਼ਸਲਾਂ ਨੂੰ ਲੁੱਟ ਲੈਂ ਜਾਂਦਾ।
ਤੇਰੀ ਇੱਕੋ ਮਾਰ ਹੀ ਕਾਫੀ,
ਉਸਦੇ ਪੱਲੇ ਕੱਖ ਨਾ ਰਹਿੰਦਾ।
ਗਿਰਝ ਜਿਹੀ ਤੇਰੀ ਨਜ਼ਰ ਓਸਦੀ,
ਸਾਰੀ ਫਸਲ ਨੂੰ ਚੱਟਣ ਵਾਲੀ।
ਘੱਟੇ ਮਿੱਟੀ ਲਿੱਬੜੇ ਗਿੱਟੇ,
ਸਾਂਭੀ ਸੀ ਜਿਨ੍ਹਾਂ ਹਲ ਪੰਜਾਲੀ।
ਅੱਜ ਉਹਨਾਂ ਨੂੰ ਆਉਣਾ ਪੈ ਗਿਆ,
ਟੱਕਰ ਤੈਨੂੰ ਦੇਣ ਵਾਸਤੇ।
ਉੱਪਰੋਂ ਬਰਫ ਵਰ੍ਹੇ ਕਹਿਰਾਂ ਦੀ,
ਤੇਰੇ ਦਿਲ ਨੂੰ ਨਾ ਜਾਣ ਰਾਸਤੇ।
ਡਰ ਡਾਢੇ ਦੇ ਕਹਿਰ ਦੇ ਕੋਲੋ,
ਕਿਉਂ ਹਾਕਮ ਤੇਰੀ ਹਉਮੈ ਅੰਨ੍ਹੀਂ ।
ਫੇਰ ਸਮਾਂ ਇਹ ਹੱਥ ਨਹੀਂ ਆਉਣਾ,
ਉੱਡ ਜਾਣਾ ਖਿਸਕਾ ਕੇ ਕੰਨੀਂ।
ਗੱਲ ਬੋਚ ਲੈ ,ਹਾਲੇ ਮੌਕ਼ਾ,
ਫੇਰ ਨਾ ਹੱਥ ਇਹ ਆਉਣੀ ਤਾਣੀ।
ਹਾਲੇ ਸੁਲਝਣ ਦਾ ਮੌਕਾ ਏ,
ਉਲਝ ਜਾਊ ਫਿਰ ਬਹੁਤ ਕਹਾਣੀ।
ਰਾਜਨਦੀਪ ਕੌਰ ਮਾਨ
6239326166