ਲੱਖਾਂ ਰੁਪਏ ਦੀ ਕੀਮਤ ਦੇ ਪਟਾਖੇ ਬਰਾਮਦ, 3 ਖਿਲਾਫ ਕੇਸ ਦਰਜ,1 ਦੋਸ਼ੀ ਗਿਰਫਤਾਰ !
ਹਰਿੰਦਰ ਨਿੱਕਾ , ਬਰਨਾਲਾ 8 ਜਨਵਰੀ 2021
ਬਠਿੰਡਾ-ਸੰਗਰੂਰ ਮੇਨ ਜੀ.ਟੀ. ਰੋਡ ਤੋਂ ਨਿੱਕਲਦੀ ਫਰਵਾਹੀ ਲਿੰਕ ਰੋਡ ਦਾ ਖੇਤਰ ਵਿਸਫੋਟਕ ਸਮੱਗਰੀ ਦੇ ਭੰਡਾਰ ਦਾ ਵੱਡਾ ਕੇਂਦਰ ਬਣਿਆ ਹੋਇਆ ਹੈ। ਇਸ ਦੀ ਭਿਣਕ ਪੈਂਦਿਆਂ ਹੀ ਥਾਣਾ ਸਦਰ ਬਰਨਾਲਾ ਵਿਖੇ 3 ਦੋਸ਼ੀਆਂ ਖਿਲਾਫ 2 ਵੱਖ ਵੱਖ ਕੇਸ ਦਰਜ਼ ਕਰਕੇ ਪੁਲਿਸ ਦੀਆਂ ਦੋ ਪਾਰਟੀਆਂ ਨੇ ਮੌਕੇ ਤੋਂ ਭਾਰੀ ਵਿਸਫੋਟਕ ਸਮੱਗਰੀ ਵੀ ਬਰਾਮਦ ਕਰ ਲਈ ਹੈ। ਸੂਤਰਾਂ ਅਨੁਸਾਰ ਪੁਲਿਸ ਨੇ 1 ਦੋਸ਼ੀ ਨੂੰ ਗਿਰਫਤਾਰ ਵੀ ਕਰ ਲਿਆ ਹੈ। ਥਾਣੇਦਾਰ ਗੁਰਪਾਲ ਸਿੰਘ ਦੇ ਬਿਆਨ ਦੇ ਅਧਾਰ ਤੇ ਦਰਜ ਕੇਸ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਟੀਨੂੰ ਜਿੰਦਲ ਪੁੱਤਰ ਤਰਸੇਮ ਲਾਲ ਵਾਸੀ ਕੇ.ਸੀ. ਰੋਡ ਬਰਨਾਲਾ ਅਤੇ ਮੰਗਲ ਪ੍ਰਸ਼ਾਦ ਪੁੱਤਰ ਰਾਮ ਨਾਥ ਵਾਸੀ ਸੰਧੂ ਪੱਤੀ ਬਰਨਾਲਾ ਨੇ ਮੁੱਖ ਜੀਟੀ ਰੋਡ ਤੋਂ ਲਿੰਕ ਰੋਡ ਫਰਵਾਹੀ ਤੇ ਪੈਂਦੇ ਇੱਟਾਂ ਵਾਲੇ ਭੱਠੇ ਦੇ ਨਜਦੀਕ ਇੱਕ ਗੋਦਾਮ ਬਣਾ ਕੇ, ਉਸ ਵਿੱਚ ਬਿਨਾਂ ਲਾਇਸੰਸ/ਪਰਮਿਟ ਤੋਂ ਵੱਡੀ ਮਾਤਰਾ ਵਿੱਖ ਪਟਾਖੇ/ਵਿਸਫੋਟਕ ਪਦਾਰਥ ਗੱਤੇ ਦੇ ਡੱਬਿਆਂ ਵਿੱਚ ਪਾਕੇ ਸਟੋਰ ਕੀਤੇ ਹੋਏ ਹਨ। ਜੋ ਕਿਸੇ ਵੀ ਇਲੈਕਟ੍ਰਿਕ ਸ਼ਾਰਟ ਜਾਂ ਅੱਗ ਲੱਗਣ ਕਾਰਣ ਫਟ ਸਕਦੇ ਹਨ। ਉਕਤ ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਕਾਰਣ ਦੋਵੇਂ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰ ਲਿਆ ਗਿਆ।
ਜਦੋਂ ਕਿ ਇਸ ਕੇਸ ਦਰਜ ਕਰਨ ਤੋਂ ਤੁਰੰਤ ਬਾਅਦ ਹੀ ਥਾਣੇਦਾਰ ਰਾਜਪਾਲ ਕੌਰ ਨੂੰ ਮਿਲੀ ਇਤਲਾਹ ਅਨੁਸਾਰ ਰਾਕੇਸ਼ ਕੁਮਾਰ ਪੁੱਤਰ ਦੀਵਾਨ ਚੰਦ ਵਾਸੀ ਪੱਕਾ ਕਾਲਜ ਰੋਡ ਨੇੜੇ ਗਊਸ਼ਾਲਾ ਬਰਨਾਲਾ ਨੇ ਵੀ ਮੇਨ ਰੋਡ ਧਨੌਲਾ ਬਰਨਾਲਾ ਪਰ ਲਿੰਕ ਰੋਡ ਫਰਵਾਹੀ ਵਿਖੇ ਆਪਣੇ ਗੋਦਾਮ ਵਿੱਚ ਬਿਨਾਂ ਲਾਇਸੰਸ/ਪਰਮਿਟ ਤੋਂ ਵੱਡੀ ਮਾਤਰਾ ਵਿੱਖ ਪਟਾਖੇ/ਵਿਸਫੋਟਕ ਪਦਾਰਥ ਗੱਤੇ ਦੇ ਡੱਬਿਆਂ ਵਿੱਚ ਪਾਕੇ ਸਟੋਰ ਕੀਤੇ ਹੋਏ ਹਨ। ਜੋ ਕਿਸੇ ਵੀ ਇਲੈਕਟ੍ਰਿਕ ਸ਼ਾਰਟ ਜਾਂ ਅੱਗ ਲੱਗਣ ਕਾਰਣ ਫਟ ਸਕਦੇ ਹਨ। ਉਕਤ ਇਤਲਾਹ ਦੇ ਅਧਾਰ ਤੇ ਰਾਕੇਸ਼ ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਪਰੰਤੂ ਦੱਸੀ ਗਈ ਜਗ੍ਹਾ ਤੇ ਬਣੇ ਗੋਦਾਮ ਨੂੰ ਤਾਲਾ ਲੱਗਿਆ ਹੋਣ ਕਰਕੇ, ਕੋਈ ਬਰਾਮਦਗੀ ਕੇਸ ਦਰਜ ਕਰਨ ਸਮੇਂ ਨਹੀਂ ਹੋ ਸਕੀ। ਗੋਦਾਮ ਦੀ ਰਾਖੀ ਲਈ ਪੁਲਿਸ ਤਾਇਨਾਤ ਕੀਤੀ ਗਈ। ਤਾਂਕਿ ਸਵੇਰ ਵੇਲੇ ਬਰਾਮਦਗੀ ਕਰਵਾਈ ਜਾ ਸਕੇ। ਲਿੰਕ ਰੋਡ ਫਰਵਾਹੀ ਨੇੜਲੇ ਸੂਤਰਾਂ ਅਨੁਸਾਰ ਪੁਲਿਸ ਨੇ ਇੱਕ ਗੋਦਾਮ ਵਿੱਚੋਂ ਲੰਘੀ ਰਾਤ ਹੀ ਭਾਰੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਕਰ ਲਈ ਹੈ, ਜਿਹੜੀ ਕਰੀਬ ਇੱਕ ਟਰੱਕ ਵਿੱਚ ਲੱਦ ਕੇ ਲਿਆਂਦੀ ਗਈ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਥਾਣੇਦਾਰ ਗੁਰਪਾਲ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਤਫਤੀਸ਼ ਜਾਰੀ ਹੈ, ਤਫਤੀਸ਼ ਮੁਕੰਮਲ ਹੋਣ ਤੋਂ ਬਾਅਦ ਡੀਐਸਪੀ ਲਖਵੀਰ ਸਿੰਘ ਟਿਵਾਣਾ ਖੁਦ ਮੀਡੀਆ ਨੂੰ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਣਗੇ। ਉਮੀਦ ਹੈ ਅੱਜ ਦੁਪਿਹਰ ਜਾਂ ਦੁਪਿਹਰ ਬਾਅਦ ਤੱਕ ਪ੍ਰੈਸ ਕਾਨਫਰੰਸ ਰਾਹੀਂ,ਪੁਲਿਸ ਮੀਡੀਆ ਨੂੰ ਪੂਰੀ ਜਾਣਕਾਰੀ ਦੇਵੇਗੀ।