ਸਾਂਝੇ ਕਿਸਾਨ ਸੰਘਰਸ਼ ਦਾ 93 ਵਾਂ ਦਿਨ -ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜੱਥੇ ਦੀ ਗਿਣਤੀ ਵਧ ਕੇ 12 ਤੱਕ ਪਹੁੰਚੀ
ਹਰਿੰਦਰ ਨਿੱਕਾ , ਬਰਨਾਲਾ 02 ਜਨਵਰੀ 2021
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਨੂੰ ਤਿੰਨ ਮਹੀਨੇ ਪੂਰੇ ਹੋ ਗਏ ਹਨ। 1 ਅਕਤੂਬਰ ਨੂੰ ਰੇਲਵੇ ਪਟੜੀਆਂ ਉੱਪਰ ਪੱਕਾ ਮੋਰਚਾ ਲਾਉਣ ਤੋਂ ਸ਼ੁਰੂ ਹੋਇਆ ਸੰਘਰਸ਼ ਪਲੇਟਫਾਰਮ ਰਾਹੀਂ ਹੁੰਦਾ ਹੋਇਆ ਵਰ੍ਹਦੇ ਮੀਂਹ ਦੌਰਾਨ ਵੀ ਰੇਲਵੇ ਪਾਰਕਿੰਗ ਵਿੱਚ ਭੁੱਖ ਹੜਤਾਲ ਵਜੋਂ ਸੰਘਰਸ਼ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਆਪਣੇ ਵਿਚਾਰਾਂ ਰਾਹੀਂ 38 ਵੇਂ ਦਿਨ ਵੀ ਦਿੱਲੀ ਦੀ ਬਰੂਹਾਂ ਤੇ ਡੇਰਾ ਜਮਾਈ ਬੈਠੇ ਅਤੇ ਪੰਜਾਬ ਅੰਦਰ ਸੈਂਕੜੇ ਥਾਵਾਂ ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਵਿੱਚ ਹੋਰ ਵਧੇਰੇ ਜੋਸ਼ ਨਾਲ ਸ਼ਾਮਿਲ ਹੋਣ ਲਈ ਸੰਗਰਾਮੀ ਮੁਬਾਰਕਬਾਦ ਦਿੱਤੀ। ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਰਾਮ ਸ਼ਰਮਾ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਬਾਰਾ ਸਿੰਘ ਬਦਰਾ, ਅਮਰਜੀਤ ਕੌਰ, ਸਾਧੂ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਸੱਤਵੇਂ ਗੇੜ ਦੀ ਗੱਲਬਾਤ ਵਿੱਚ ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਰੱਦ ਕਰਨਾ ਸਾਂਝੇ ਕਿਸਾਨ ਸੰਘਰਸ਼ ਦੀ ਅਹਿਮ ਪ੍ਰਾਪਤੀ ਹੈ। ਅਗਲੇ ਗੇੜ ਦੀ ਗੱਲਬਾਤ ਖੇਤੀ ਵਿਰੋਧੀ ਕਾਨੂੰਨਾਂ ਅਤੇ ਸਾਰੀਆਂ ਫਸਲਾਂ ਦਾ ਘੱਟੋ ਘੱਟ ਕੀਮਤ ਅੰਕ ਅੰਕ ਨੂੰ ਕਾਨੂੰਨੀ ਹੱਕ ਬਨਾਉਣ ਲਈ ਭਲੇ ਹੀ ਚਾਰ ਜਨਵਰੀ ਨੂੰ ਤਹਿ ਹੋਈ ਹੈ। ਪਰ ਕੇਂਦਰੀ ਮੰਤਰੀਆਂ ਵੱਲੋਂ ਮੰਨੇ ਹੋਏ ਦੋਵੇਂ ਆਰਡੀਨੈਂਸ ਹਾਲੇ ਤੱਕ ਵੀ ਰੱਦ ਨਾਂ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਮੋਦੀ ਹਕੂਮਤ ਕਿਸਾਨ ਸੰਘਰਸ਼ ਪ੍ਰਤੀ ਸੰਜੀਦਾ ਨਹੀਂ ਹੈ । ਘਰ-ਘਰ ਤੋਂ ਉੱਠੀ ਲੋਕ ਆਵਾਜ ਸਦਕਾ ਹੀ ਸਾਂਝਾ ਕਿਸਾਨ ਸੰਘਰਸ਼ ਲੋਕ ਸੰਘਰਸ਼ ਵਿੱਚ ਤਬਦੀਲ ਹੋਇਆ ਹੈ। ਕਿਉਂਕਿ ਇਨ੍ਹਾਂ ਤਿੰਨੇ ਕਾਨੂੰਨਾਂ ਦਾ ਸਿੱਧਾ ਸਬੰਧ ਭਲੇ ਹੀ ਕਿਸਾਨੀ ਨਾਲ ਜਾਪਦਾ ਹੈ, ਪਰ ਅਸਲ ਗੱਲ ਇਸ ਤੋਂ ਕਿਤੇ ਪਰੇ ਹੈ। ਸਮੁੱਚਾ ਪੇਂਡੂ ਅਤੇ ਸ਼ਹਿਰੀ ਅਰਥਚਾਰਾ ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਦੀ ਜੱਦ ਵਿੱਚ ਆਵੇਗਾ। ਆਗੂਆਂ ਕਿਹਾ ਕਿ ਸਾਡੇ ਲਈ ਹੱਥ ਉੱਪਰ ਹੱਥ ਧਰਕੇ ਬੈਠਣ ਦਾ ਸਮਾਂ ਨਹੀਂ ਹੈ, ਸਗੋਂ ਖੇਤੀ ਵਿਰੋਧੀ ਕਾਨੂੰਨ ਨੂੰ ਮੁਕੰਮਲ ਰੂਪ’ਚ ਰੱਦ ਕਰਾਉਣ ਅਤੇ ਸਾਰੀਆਂ ਫਸਲਾਂ ਦੀ ਘੱਟੋ-ਘੱਟ ਕੀਮਤ ਉੱਪਰ ਖ੍ਰੀਦ ਦੀ ਗਰੰਟੀ ਕਰਨ ਦੀ ਅਹਿਮ ਬੁਨਿਆਦੀ ਮੰਗ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਣਾ ਹੋਵੇਗਾ। ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਬਚਨ ਸਿੰਘ ਛੀਨੀਵਾਲਕਲਾਂ, ਗੁਰਸੇਵਕ ਸਿੰਘ ਬਦਰਾ, ਦਲੀਪ ਸਿੰਘ ਅਮਰਪੁਰਾ ਮੁਹੱਲਾ, ਬੱਗਾ ਸਿੰਘ ਭਦੌੜ, ਭੋਲਾ ਸਿੰਘ ਭਦੌੜ, ਸੁਖਦੇਵ ਸਿੰਘ ਰਾਜਗੜ੍ਹ, ਬੁੱਗਰ ਸਿੰਘ ਫਰਵਾਹੀ, ਹਰਪਾਲ ਸਿੰਘ ਸੁਖਪੁਰ, ਸੱਜਣ ਸਿੰਘ ਬਦਰਾ, ਲਵਲੀ ਸਿੰਘ ਸਹਿਜੜਾ, ਗੁਰਦੀਪ ਸਿੰਘ ਸਹਿਜੜਾ ਅਤੇ ਕਰਨੈਲ ਸਿੰਘ ਗਾਂਧੀ ਸ਼ਾਮਿਲ ਹੋਏ। ਪਿੰਡਾਂ ਵਿੱਚੋਂ ਕਿਸਾਨ ਔਰਤਾਂ ਦੇ ਕਾਫਲੇ ਦਿੱਲੀ ਵੱਲ ਵੀ ਵੱਡੀ ਪੱਧਰ ਤੇ ਗਏ ਹੋਣ ਦੇ ਬਾਵਜੂਦ ਵੀ ਸਾਂਝੇ ਕਿਸਾਨ ਮੋਰਚੇ ਵਿੱਚ ਪਹੁੰਚਣ ਵਾਲੇ ਕਿਸਾਨ ਔਰਤਾਂ ਦੇ ਕਾਫਲਿਆਂ ਵਿੱਚ ਕੋਈ ਕਮੀ ਨਹੀਂ ਆ ਰਹੀ। ਸੁਚੱਜੀ ਅਗਵਾਈ ਅਧੀਨ ਲੋਕਤਾ ਦਾ ਬੱਝ ਰਿਹਾ ਯੱਕ ਮੋਦੀ ਹਕੂਮਤ ਵੱਲੋਂ ਸਾਮਰਾਜੀਆਂ ਦੀਆਂ ਦਿਸ਼ਾ ਨਿਰਦੇਸ਼ਤ ਨੀਤੀਆਂ ਤਹਿਤ ਤੇਜੀ ਨਾਲ ਲਾਗੂ ਕੀਤੀ ਜਾ ਰਹੀ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਤਹਿਤ ਦੇਸੀ ਬਦੇਸ਼ੀ ਵੱਡੇ ਵਪਾਰਿਕ ਘਰਾਣਿਆਂ(ਅਡਾਨੀ-ਅੰਬਾਨੀ) ਨੂੰ ਮੁਲਕ ਦੇ ਕੁਦਰਤੀ ਸੋਮੇ ਅਤੇ ਕਿਰਤ ਦੀ ਅੰਨ੍ਹੀ ਲੁੱਟ ਮਚਾਉਣ ਦੀ ਕਦਾਚਿਤ ਵੀ ਇਜਾਜਤ ਨਹੀਂ ਦੇਵੇਗਾ। ਵਿਸ਼ਾਲ ਅਧਾਰ ਵਾਲੇ ਕਿਸਾਨ/ਲੋਕ ਸੰਘਰਸ਼ ਰਾਹੀਂ ਇਨ੍ਹਾਂ ਨੀਤੀਆਂ ਨੂੰ ਪੈਰਾਂ ਹੇਠ ਲਤਾੜਕੇ ਇਹ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ। ਸਾਂਝਾ ਸੰਘਰਸ਼ ਜਿਉਂ ਜਿਉਂ ਲੰਮਾ ਹੋਵੇਗਾ, ਹੋਰ ਵਧੇਰੇ ਮਜਬੂਤੀ ਨਾਲ ਵਿਸ਼ਾਲ ਅਤੇ ਤਿੱਖਾ ਹੁੰਦਾ ਹੋਇਆ ਵਦਾਣੀ ਸੱਟਾਂ ਮਾਰਦਾ ਹੋਇਆ ਆਪਣੀ ਜੇਤੂ ਮੰਜਿਲ ਸਰ ਕਰਨ ਵੱਲ ਅੱਗੇ ਵਧੇਗਾ। ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਅਤੇ ਸਾਰੀਆਂ ਫਸਲਾਂ ਦੀ ਐਮਐਸਪੀ ਲਾਗੂ ਕਰਨ ਕਰਨ ਲਈ ਮਜਬੂਰ ਕਰੇਗਾ। ਬੁਲਾਰਿਆਂ ਸਭਨਾਂ ਤਬਕਿਆਂ ਨੂੰ ਵੱਡੀ ਗਿਣਤੀ ਵਿੱਚ ਇਸੇ ਤਰ੍ਹਾਂ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਲਗਤਾਰਤਾ ਬਣਾਏ ਰੱਖਣ ਦੀ ਜੋਰਦਾਰ ਅਪੀਲ ਕੀਤੀ।