ਹਰੇ-ਚਾਰੇ ਦੀ ਆੜ ‘ਚ ਸ਼ਰੇਆਮ ਚੱਲ ਰਿਹਾ ਰਸੋਈ ਗੈਸ ਦਾ ਕਾਲਾ ਧੰਦਾ
ਗੈਸ ਪਲਟੀ ਦੇ ਨਾਲ ਨਾਲ ਚੱਲਦੇ ਸਿਗਰਟ /ਬੀੜੀ ਦੇ ਸੂਟੇ
ਜੀ.ਐਸ. ਵਿੰਦਰ ਖਰੜ , ਮੋਹਾਲੀ 7 ਦਸੰਬਰ 2020
ਸਥਾਨਕ ਬੱਸ ਸਟੈਂਡ ਦੇ ਕੋਲ ਪੈਂਦੇ ਲਾਂਡਰਾਂ ਆਟੋ ਸਟੈਂਡ ਨੇੜੇ ਅਤੇ ਪੁਲਿਸ ਪੋਸਟ ਦੇ ਬਿਲਕੁਲ ਸਾਹਮਣੇ ਹਰੇ ਚਾਰੇ ਦੇ ਇੱਕ ਟਾਲ ਦੀ ਆੜ ਵਿੱਚ ਰਸੋਈ ਗੈਸ ਦਾ ਕਾਲਾ ਧੰਦਾ ਪ੍ਰਸ਼ਾਸ਼ਨ ਦੀ ਨੱਕ ਥੱਲੇ ਧੜ੍ਹੱਲੇ ਨਾਲ ਜਾਰੀ ਹੈ। ਗੈਸ ਸਿਲੰਡਰਾਂ ਵਿੱਚੋਂ ਗੈਸ ਕੱਢ ਕੇ ਕੁਝ ਰੁਪੱਈਆਂ ਦੇ ਲਾਲਚ ਵੱਸ ਕਾਲਾਬਜਾਰੀ ਕਰ ਰਹੇ ਲੋਕ ਆਪਣੀ ਅਤੇ ਹੋਰਨਾਂ ਲੋਕਾਂ ਦੀ ਜਾਨ ਨੂੰ ਜੋਖਿਮ ਞਿੱਚ ਪਾਉਣ ਤੋਂ ਵੀ ਨਹੀਂ ਝਿਜਕਦੇ । ਮਨੁੱਖੀ ਜਾਨਾਂ ਤੋਂ ਬਚਾਅ ਲਈ ਕਿਸੇ ਵੀ ਤਰਾਂ ਦੀ ਸੁਰੱਖਿਆ ਨੂੰ ਦਾਅ ਤੇ ਲਾਉਣ ਵਾਲੇ ਅਜਿਹੇ ਕਾਲਬਜਾਰੀ ਕਰਨ ਵਾਲਿਆਂ ਦੀ ਵਜ੍ਹਾਂ ਨਾਲ ਕਿਸੇ ਸਮੇਂ ਵੀ ਗੈਸ ਲੀਕ ਹੋਣ ਨਾਲ ਵੱਡਾ ਬਲਾਸਟ ਹੋਣ ਦਾ ਖਤਰਾ ਆਸ ਪਾਸ ਦੇ ਲੋਕਾਂ ਦੇ ਸਿਰ ਤੇ ਮੌਤ ਬਣ ਕੇ ਮੰਡਰਾ ਰਿਹਾ ਹੈ। ਕਿਉਂਕਿ ਗੈਸ ਪਲਟੀ ਕਰਨ ਵਾਲੇ ਵਿਅਕਤੀ ਉੱਥੇ ਹੀ ਸਿਗਰਟ-ਬੀੜੀਆਂ ਦੇ ਸੂਟੇ ਬੇਖੌਫ ਲਾਉਂਦੇ ਰਹਿੰਦੇ ਹਨ। ਪਰੰਤੂ ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮਨੁੱਖੀ ਜਿੰਦਗੀਆਂ ਨੂੰ ਖਤਰਾ ਹੋਣ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਕਿਸੇ ਬਲਾਸਟ ਦੀ ਉਡੀਕ ਕਰ ਰਹੇ ਹਨ।
100 ਰੁਪਏ ਕਿੱਲੋ ਵਿਕ ਰਹੀ ਖੁੱਲ੍ਹੀ ਰਸੋਈ ਗੈਸ
ਟੂਡੇ ਨਿਊਜ ਦੀ ਟੀਮ ਵੱਲੋਂ ਕੀਤੇ ਸਿਟਿੰਗ ਆਪਰੇਸ਼ਨ ਦੌਰਾਨ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ ਹਨ। ਰਸੋਈ ਗੈਸ ਦੀ ਕਾਲਾਬਜਾਰੀ ਦੇ ਕਿੰਗ ਵੱਜੋਂ ਇਲਾਕੇ ‘ਚ ਪ੍ਰਸਿੱਧ ਸਲੀਮ ਨਾਮ ਦੇ ਵਿਅਕਤੀ ਨੂੰ ਲੋਕ ਉਸ ਦੇ ਮੋਬਾਇਲ ਨੰਬਰ—. ਤੇ ਰਿੰਗ ਕਰਕੇ ਗੈਸ ਲੈਣ ਦਾ ਸੌਦਾ ਤੈਅ ਕਰਦੇ ਹਨ। ਅੱਗੋਂ ਸਲੀਮ ਆਪਣੇ ਗੋਰਖ ਧੰਦੇ ਵਿੱਚ ਸ਼ਾਮਿਲ ਮੁਲਾਜਮਾਂ ਨੂੰ ਫੋਨ ਤੇ ਗੈਸ ਲੈਣ ਆਉਣ ਵਾਲੇ ਬਾਰੇ ਦੱਸ ਦਿੰਦਾ ਹੈ। ਖੁੱਲ੍ਹੀ ਰਸੋਈ ਗੈਸ 100 ਰੁਪਏ ਕਿੱਲੋ ਗ੍ਰਾਹਕਾਂ ਨੂੰ ਵੇਚੀ ਜਾਂਦੀ ਹੈ। ਜਦੋਂ ਕਿ ਪੂਰਾ ਗੈਸ ਸਿਲੰਡਰ 950 ਰੁਪਏ ਵਿੱਚ ਬਲੈਕ ਵਿੱਚ ਵੇਚਿਆ ਜਾਂਦਾ ਹੈ। ਇਸ ਤਰਾਂ ਕਰੀਬ 670 ਰੁਪਏ ਵਿੱਚ ਖਰੀਦ ਕੀਤੀ ਗੈਸ ਖੁੱਲ੍ਹੀ ਵੇਚਣ ਵੇਲੇ 1400 ਰੁਪਏ ਸਿਲੰਡਰ ਅਤੇ ਭਰਿਆ ਸਿਲੰਡਰ 320 ਰੁਪਏ ਮੁਨਾਫਾ ਲੈ ਕੇ ਵੇਚਿਆ ਜਾ ਰਿਹਾ ਹੈ।
ਖੁੱਲ੍ਹੀ ਗੈਸ ਪੀ.ਜੀ. ‘ਚ ਰਹਿੰਦੇ ਸਟੂਡੈਂਟਾਂ ਦੀ ਵੱਡੀ ਲੋੜ
ਬੇਸ਼ੱਕ ਰਸੋਈ ਗੈਸ ਦੀ ਕੋਈ ਕਮੀ ਤਾਂ ਨਹੀਂ ਹੈ। ਪਰੰਤੂ ਖਰੜ ਖੇਤਰ ਯਾਨੀ ਗਰੇਟਰ ਮੁਹਾਲੀ ਦੇ ਇਲਾਕੇ ਅੰਦਰ ਵੱਖ ਵੱਖ ਕਾਲਜਾਂ/ਯੂਨੀਵਰਸਿਟੀਆਂ ਦੇ ਸਟੂਡੈਂਟਾਂ , ਪ੍ਰਾਈਵੇਟ ਅਦਾਰਿਆਂ ਵਿੱਚ ਨੌਕਰੀ ਕਰਦੇ ਕਰਮਚਾਰੀਆਂ ਅਤੇ ਗੈਸ ਤੇ ਚੱਲਦੀਆਂ ਗੈਰ ਮਾਨਤਾ ਪ੍ਰਾਪਤ ਕਾਰਾਂ ਨੂੰ ਗੈਸ ਦੀ ਲੋੜ ਬਲੈਕਮਾਰਕੀਟਿੰਗ ਵਿੱਚੋਂ ਹੀ ਪੂਰੀ ਹੁੰਦੀ ਹੈ। ਇੱਨਾਂ ਮਜਬੂਰਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਵਾਲਿਆਂ ਨੂੰ ਹਰ ਦਿਨ ਹਜਾਰਾਂ ਰੁਪਏ ਕਮਾਉਣ ਦੀਆਂ ਮੌਜਾਂ ਲੱਗੀਆਂ ਹੋਈਆਂ ਹਨ।
ਪੁਲਿਸ ਵਾਲੇ ਕੋਈ ਨੀ ਰੋਕਦੇ, ਉਨ੍ਹਾਂ ਕੋਲ ਮਹੀਨਾ ਜਾਂਦੈ,,,?
ਟੂਡੇ ਨਿਊਜ ਦੀ ਟੀਮ ਨੇ ਜਦੋਂ ਗੈਰਕਾਨੂੰਨੀ ਢੰਗ ਨਾਲ ਗੈਸ ਪਲਟੀ ਕਰਕੇ ਵਿਅਕਤੀ ਨੂੰ ਕਿਹਾ ਕਿ ਉਸ ਨੂੰ ਔਹ ਥੋੜ੍ਹੀ ਦੂਰ ਤੇ ਖੜ੍ਹੇ ਪੁਲਿਸ ਵਾਲਿਆਂ ਨੇ ਗੈਸ ਲਿਆਉਣ ਬਾਰੇ ਰੋਕ ਲਿਆ। ਇਸ ਬਾਰੇ ਤਲਖੀ ਭਰੇ ਅੰਦਾਜ ‘ਚ ਜੁਆਬ ਦਿੰਦਿਆਂ ਗੈਸ ਪਲਟੀ ਕਰ ਰਹੇ ਵਿਅਕਤੀ ਨੇ ਕਿਹਾ, ਸਾਨੂੰ ਦੱਸ ਕਹਿੜਾ ਮੁਲਾਜਮ ਸੀ ਰੋਕ ਕੇ ਪੁੱਛਣ ਵਾਲਾ। ਨਾਲੇ ,,, ਮਹੀਨੇ ਦੇ ਪੈਸੇ ਲੈਂਦੇ ਨੇ, ਨਾਲੇ ਖੜ੍ਹਾ ਖੜ੍ਹਾ ਕੇ ਗ੍ਰਾਹਕਾਂ ਨੂੰ ਪੁੱਛਦੇ ਨੇ। ਉਨਾਂ ਕਿਹਾ ਕਿ ਜੇਕਰ ਹੁਣ ਕਿਸੇ ਨੇ ਪੁੱਛਿਆ ਤਾਂ ਬਿਨਾਂ ਝਿਜਕ ਤੋਂ ਕਹਿ ਦਿਉ ਕਿ ਅਸੀਂ ਸਲੀਮ ਤੋਂ ਗੈਸ ਲੈ ਕੇ ਆਏ ਹਾਂ। ਗੈਰਕਾਨੂੰਨੀ ਧੰਦਾ ਕਰ ਰਹੇ ਵਿਅਕਤੀ ਦੇ ਇਸ ਲਹਿਜੇ ਤੋਂ ਸਿਵਲ ਪ੍ਰਸ਼ਾਸ਼ਨ , ਜਿਲ੍ਹਾ ਫੂਡ ਸਪਲਾਈ ਕੰਟਰੋਲਰ ਦਫਤਰ ਅਤੇ ਪੁਲਿਸ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਦਾ ਅੰਦਾਜਾ ਸਹਿਜੇ ਹੀ ਹੋ ਜਾਂਦਾ ਹੈ। ਉੱਧਰ ਸਲੀਮ ਖਾਨ ਨੇ ਪੁੱਛਣ ਤੇ ਕਿਹਾ ਕਿ ਉਹ ਅਜਿਹਾ ਕੁਝ ਵੀ ਨਹੀਂ ਕਰਦੇ। ਜਦੋਂ ਉਨਾਂ ਨੂੰ ਖੁੱਲ੍ਹੀ ਗੈਸ ਭਰਦਿਆਂ ਦੀ ਵੀਡੀਉ ਹੋਣ ਦੀ ਗੱਲ ਆਖੀ ਤਾਂ ਫਿਰ ਉਨਾਂ ਕਿਹਾ ਕਿ ਤੁਸੀਂ ਖੁਦ ਆ ਜਾਊ, ਆਪਾਂ ਗੱਲ ਕਰ ਲਵਾਂਗੇ।