ਕੌਂਸਲ ਚੋਣਾਂ ਦੀ ਕਹਾਣੀ, ਅੰਕੜਿਆਂ ਦੀ ਜੁਬਾਨੀ
ਹਰਿੰਦਰ ਨਿੱਕਾ , ਬਰਨਾਲਾ 4 ਦਸੰਬਰ 2020
ਨਗਰ ਕੌਂਸਲ ਦੀਆਂ ਚੋਣਾਂ ਵਿੱਚ ਰਾਜਨੀਤਕ ਪਾਰਟੀਆਂ ਤੋਂ ਹਮੇਸ਼ਾਂ ਦੂਰੀ ਬਣਾ ਕੇ ਰੱਖਣਾ ਸੰਘੇੜਾ ਇਲਾਕੇ ਦੇ ਵਾਸੀਆਂ ਦੀ ਪਹਿਲੀ ਤਰਜੀਹ ਹੈ। ਇਹ ਗੱਲ ਨਗਰ ਕੌਂਸਲ ਬਰਨਾਲਾ ਦੀਆਂ ਲੰਘੀਆਂ 4 ਚੋਣਾਂ ਦੇ ਨਤੀਜਿਆਂ ਦੇ ਅੰਕੜਿਆਂ ਨੂੰ ਖੰਗਾਲਣ ਤੋਂ ਬਾਅਦ ਸਾਫ ਹੋ ਗਈ ਹੈ।
ਸਾਲ 1997 ‘ਚ ਅਕਾਲੀ-ਭਾਜਪਾ ਸਰਕਾਰ ਬਣਨ ਤੋਂ ਬਾਅਦ ਸਾਲ 1998 ਵਿੱਚ ਕੌਂਸਲ ਦੀਆਂ ਚੋਣਾਂ ਹੋਈਆਂ। ਇੱਨਾਂ ਚੋਣਾਂ ਵਿੱਚ ਸੰਘੇੜਾ ਖੇਤਰ ਦੇ ਵਾਰਡ ਨੰਬਰ 1 ਤੋਂ ਅਜਾਦ ਉਮੀਦਵਾਰ ਦੇ ਤੌਰ ਤੇ ਰਜਿੰਦਰ ਪਾਲ ਕੌਰ ਨੇ ਜਿੱਤ ਹਾਸਿਲ ਕੀਤੀ। ਰਜਿੰਦਰ ਪਾਲ ਕੌਰ ਭਾਂਵੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਰਜੀਤ ਸਿੰਘ ਬਰਨਾਲਾ ਦੇ ਗੁੱਟ ਨਾਲ ਸੀ, ਪਰੰਤੂ ਉਸ ਨੇ ਵੀ ਖੇਤਰ ਵਿੱਚ ਚੰਗਾ ਰਸੂਖ ਹੋਣ ਦੇ ਬਾਵਜੂਦ ਅਜਾਦ ਉਮੀਦਵਾਰ ਦੇ ਤੌਰ ਤੇ ਹੀ ਚੋਣ ਦੰਗਲ ਵਿੱਚ ਉਤਰਨ ਨੂੰ ਪਹਿਲ ਦਿੱਤੀ। ਰਜਿੰਦਰ ਪਾਲ ਕੌਰ ਸੰਘੇੜਾ ਨੂੰ ਹੀ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ। ਇਸੇ ਤਰਾਂ ਵਾਰਡ ਨੰਬਰ 2 ਤੋਂ ਦਰਸ਼ਨ ਸਿੰਘ ਅਤੇ ਵਾਰਡ ਨੰਬਰ 25 ਤੋਂ ਮਨਜੀਤ ਕੌਰ ਵੀ ਅਜਾਦ ਉਮੀਦਵਾਰ ਦੇ ਤੌਰ ਤੇ ਸਫਲ ਰਹੇ। ਇਸੇ ਤਰਾਂ ਸਾਲ 2003 ਵਿੱਚ ਕਾਂਗਰਸ ਸਰਕਾਰ ਸਮੇਂ ਹੋਈਆਂ ਚੋਣਾਂ ਵਿੱਚ ਵਾਰਡ ਨੰਬਰ 1 ਤੋਂ ਜਸਵੀਰ ਸਿੰਘ ਅਤੇ ਵਾਰਡ ਨੰਬਰ 25 ਤੋਂ ਪ੍ਰੀਤਮ ਸਿੰਘ ਦੋਵੇਂ ਸ਼ਿਅਦ ਮਾਨ ਅਤੇ ਵਾਰਡ ਨੰਬਰ 2 ਤੋਂ ਅਜਾਦ ਉਮੀਦਵਾਰ ਦੇ ਤੌਰ ਤੇ ਪਰਮਜੀਤ ਸਿੰਘ ਸਫਲ ਹੋਏ।
ਇਸੇ ਤਰਾਂ ਅਕਾਲੀ ਭਾਜਪਾ ਦੀ ਸਰਕਾਰ ਦੌਰਾਨ ਸਾਲ 2008 ਵਿੱਚ ਕੌਂਸਲ ਦੀਆਂ ਚੋਣਾਂ ਹੋਈਆਂ। ਇੰਨ੍ਹਾਂ ਚੋਣਾਂ ਦੌਰਾਨ ਵੀ ਵਾਰਡ ਨੰਬਰ 1 ਤੋਂ ਅਜਾਦ ਉਮੀਦਵਾਰ ਗੁਰਮੀਤ ਸਿੰਘ , ਵਾਰਡ ਨੰਬਰ 2 ਤੋਂ ਇਕਬਾਲ ਸਿੰਘ ਅਤੇ ਵਾਰਡ ਨੰਬਰ 25 ਤੋਂ ਅਜਾਦ ਉਮੀਦਵਾਰ ਮਾਸਟਰ ਕਰਮ ਸਿੰਘ ਜੇਤੂ ਰਹੇ। ਇਸੇ ਤਰਾਂ ਅਕਾਲੀ-ਭਾਜਪਾ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਸਾਲ 2015 ਵਿੱਚ ਨਵੀਂ ਵਾਰਡਬੰਦੀ ਤੋਂ ਬਾਅਦ ਕੌਂਸਲ ਦੀਆਂ ਚੋਣਾਂ ਹੋਈਆਂ । ਇੱਨਾਂ ਚੋਣਾਂ ਵਿੱਚ ਵਾਰਡਾਂ ਦੀ ਗਿਣਤੀ ਵੱਧ ਕੇ 25 ਤੋਂ 31 ਹੋ ਗਈ। ਸੰਘੇੜਾ ਖੇਤਰ ਨੂੰ ਵਾਰਡ ਨੰਬਰ-1,2,3 ਵਿੱਚ ਵੰਡ ਦਿੱਤਾ ਗਿਆ। ਇੱਨਾਂ ਚੋਣਾਂ ਦੌਰਾਨ ਵਾਰਡ ਨੰਬਰ-1 ਤੋਂ ਸਿੰਦਰ ਪਾਲ ਕੌਰ , ਵਾਰਡ ਨੰਬਰ-2 ਤੋਂ ਹਰਬੰਸ ਸਿੰਘ ਅਤੇ ਵਾਰਡ ਨੰਬਰ 3 ਤੋਂ ਮਾਸਟਰ ਕਰਮ ਸਿੰਘ ਯਾਨੀ ਤਿੰਨੋਂ ਹੀ ਅਜਾਦ ਉਮੀਦਵਾਰ ਦੇ ਤੌਰ ਦੇ ਸਫਲ ਰਹੇ। ਇੱਥੇ ਹੀ ਬੱਸ ਨਹੀਂ , ਮਾਸਟਰ ਕਰਮ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋਈ ਵਾਰਡ ਨੰਬਰ 3 ਦੀ ਸੀਟ ਤੋਂ ਕਰਮ ਸਿੰਘ ਦੀ ਥਾਂ ਗੁਰਦੀਪ ਕੌਰ ਵੀ ਅਜਾਦ ਉਮੀਦਵਾਰ ਦੇ ਤੌਰ ਤੇ ਸਫਲ ਹੋਈ।
ਕੁੱਲ ਮਿਲਾ ਕੇ ਨਤੀਜਾ ਇਹ ਨਿਕਲਦਾ ਹੈ ਕਿ ਸੰਘੇੜਾ ਖੇਤਰ ਦੇ ਲੋਕ ਵੱਖ ਵੱਖ ਪਾਰਟੀਆਂ ਨਾਲ ਜੁੜੇ ਹੋਣ ਦੇ ਬਾਵਜੂਦ ਕੌਂਸਲ ਚੋਣਾਂ ਦੌਰਾਨ ਜਿਆਦਾ ਵਾਰ ਜਿੱਤ ਦਾ ਮੌਕਾ ਪਾਰਟੀ ਤੋਂ ਉੱਪਰ ਉੱਠ ਕੇ ਅਜਾਦ ਉਮੀਦਵਾਰਾਂ ਨੂੰ ਹੀ ਦਿੰਦੇ ਰਹੇ ਹਨ। ਮਾਹੌਲ ਇਸ ਵਾਰ ਵੀ ਸੰਘੇੜਾ ਖੇਤਰ ਦੇ ਲੋਕਾਂ ਹੁਣ ਤੱਕ ਅਜਾਦ ਉਮੀਦਵਾਰ ਨੂੰ ਆਗਾਮੀ ਚੋਣਾਂ ਦੌਰਾਨ ਚੁਣਨ ਦਾ ਬਣਿਆ ਲੱਗਦਾ ਹੈ। ਪਰੰਤੂ ਇਸ ਦਾ ਨਿਰਣਾ ਤਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਲੋਕ ਪਿਛਲੀਆਂ ਚੋਣਾਂ ਦਾ ਇਤਹਾਸ ਹੀ ਦੁਹਰਾਉਣਗੇ ਜਾਂ ਫਿਰ ਕਿਸੇ ਰਾਜਸੀ ਦਲ ਦੀ ਹਵਾ ਦੇ ਵਹਾਅ ਨਾਲ ਬਹਿ ਕੇ ਨਵਾਂ ਇਤਹਾਸ ਸਿਰਜਣਗੇ।