ਖੁਦਕਸ਼ੀ ਲਈ ਮਜਬੂਰ ਕਰਨ ਵਾਲੇ 3 ਦੋਸ਼ੀਆਂ ਖਿਲਾਫ ਕੇਸ ਦਰਜ, ਤਲਾਸ਼ ਜਾਰੀ
ਹਰਿੰਦਰ ਨਿੱਕਾ , ਬਰਨਾਲਾ 3 ਦਸੰਬਰ 2020
ਜਮੀਨੀ ਝਗੜੇ ਨੂੰ ਲੈ ਕੇ ਵਿਰੋਧੀ ਪੱਖ ਵੱਲੋਂ ਕੀਤੀ ਕਥਿਤ ਗਈ ਬੇਇੱਜਤੀ ਤੋਂ ਖਫਾ ਹੋ ਕੇ ਗੁਰਦੀਪ ਕੁਮਾਰ ਵਾਸੀ ਖੁੱਡੀ ਪੱਤੀ ਧੌਲਾ ਨੇ ਕੋਈ ਜਹਿਰੀਲੀ ਦਵਾਈ ਪੀ ਕੇ ਖੁਦਕਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਅਨੁਸਾਰ ਗੁਰਦੀਪ ਕੁਮਾਰ ਨੂੰ ਖੁਦਕਸ਼ੀ ਲਈ ਮਜਬੂਰ ਕਰਨ ਵਾਲੇ ਤਿੰਨ ਨਾਮਜਦ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਗੁਰਜੀਤ ਰਾਣੀ ਪਤਨੀ ਲੇਟ ਗੁਰਦੀਪ ਕੁਮਾਰ ਵਾਸੀ ਧੌਲਾ ਨੇ ਦੱਸਿਆ ਕਿ ਉਸ ਦਾ ਪਤੀ ਖੇਤੀਬਾੜੀ ਦਾ ਕੰਮ ਕਰਦਾ ਸੀ। 23 ਨਵੰਬਰ 2020 ਨੂੰ ਅਮ੍ਰਿਤਪਾਲ ਪੁੱਤਰ ਛੋਟਾ ਰਾਮ ਅਤੇ ਨਵਦੀਪ ਕੁਮਾਰ ਪੁੱਤਰ ਅਮ੍ਰਿਤਪਾਲ ਦੋਵੇਂ ਵਾਸੀ ਧੌਲਾ ਅਤੇ ਲਵਦੀਪ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਬਰਨਾਲਾ ਨੇ ਆਪਣੀ ਜਮੀਨ ਦੀ ਮਿਣਤੀ ਕਰਵਾਉਣ ਸਮੇਂ ਉਸ ਦੇ ਪਤੀ ਨੂੰ ਕਿਹਾ ਕਿ ਤੁਹਾਡੇ ਪਲਾਟ ਵੱਲ ਉਨਾਂ ਦੀ 01 ਕਨਾਲ ਜਮੀਨ ਵਧ ਗਈ ਹੈ, ਜੋ ਉਨਾਂ ਦੀ ਹੈ।
ਉਨਾਂ ਕਿਹਾ ਕਿ ਉਹ ਤੁਹਾਡੇ ਵੱਲ ਨਿੱਕਲੀ ਜਮੀਨ ਵਿੱਚ ਹੁਣ ਠੱਡੇ ਲਗਾਉਣਗੇ। ਇਸ ਗੱਲ ਨਾਲ ਗੁਰਦੀਪ ਕੁਮਾਰ ਸਹਿਮਤ ਨਾ ਹੋਇਆ ਤਾਂ ਨਾਮਜ਼ਦ ਦੋਸ਼ੀਆਂ ਨੇ ਉਸਨੂੰ ਗਾਲੀ ਗਲੋਚ ਕੀਤਾ, ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਕਾਫੀ ਬੇਇੱਜਤੀ ਵੀ ਕੀਤੀ। ਜਿਸ ਤੋਂ ਤੰਗ ਆ ਕੇ ਗੁਰਦੀਪ ਕੁਮਾਰ ਨੇ ਮੁਦਈ ਗੁਰਜੀਤ ਰਾਣੀ ਨੂੰ ਘਰ ਆ ਕੇ ਕਿਹਾ ਕਿ ਮੇਰੀ ਬਹੁਤ ਬੇਇੱਜਤੀ ਹੋ ਗਈ ਹੈ , ਹੁਣ ਮੇਰਾ ਮਰ ਜਾਨਾ ਹੀ ਚੰਗਾ ਹੈ। ਇਹ ਗੱਲ ਕਹਿ ਕੇ ਮੁਦਈ ਦੇ ਪਤੀ ਨੇ 24 ਨਵੰਬਰ ਨੂੰ ਆਪਣੇ ਛੱਪੜ ਵਾਲੇ ਖੇਤ ਬਾਹੱਦ ਧੌਲਾ ਵਿਖੇ ਕੋਈ ਜਹਿਰੀਲੀ ਦਵਾਈ ਪੀ ਲਈ। ਜਿਸ ਦੀ ਦੌਰਾਨ ਏ ਇਲਾਜ ਕਸ਼ਮੀਰੀ ਹਸਪਤਾਲ ਸੁਨਾਮ ਵਿਖੇ 2 ਦਸੰਬਰ ਨੂੰ ਮੌਤ ਹੋ ਗਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਅਧਾਰ ਤੇ ਉਕਤ ਤਿੰਨੋਂ ਨਾਮਜਦ ਦੋਸ਼ੀਆਂ ਦੇ ਖਿਲਾਫ ਥਾਣਾ ਰੂੜੇਕੇ ਕਲਾਂ ਵਿਖੇ ਅਧੀਨ ਜੁਰਮ 306/506/34 ਆਈਪੀਸੀ ਦੇ ਤਹਿਤ ਕੇਸ ਦਰਜ਼ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ,ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।