ਅਸ਼ੋਕ ਵਰਮਾ ਬਠਿੰਡਾ,2 ਦਸੰਬਰ 2020
ਮਾਡਲ ਟਾਊਨ ਫੇਜ਼-5 ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਹਾਰਾਜ ਦੇ 551 ਵੇਂ ਪ੍ਰਕਾਸ਼ ਪੁਰਬ ਮੌਕੇ ਕਲੋਨੀ ਨੂੰ ਸੰੁਦਰ ਬਨਾਉਣ ਅਤੇ ਵਾਤਾਵਰਨ ਬਚਾਉਣ ਲਈ ਹਰਿਆਵਲ ਲਹਿਰ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਕਲੋਨੀ ਨੂੰ ਆਉਣ ਵਾਲੇ ਰਸਤੇ ਇੱਕ ਦਰਜਨ ਤੋਂ ਵੱਧ ਪੌਦੇ ਲਾਏ ਗਏ ਜਦੋਂਕਿ ਹੋਰ ਲਾਉਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਲੋਨੀ ’ਚ ਪਏ ਖਾਲੀ ਥਾਂ ਨੂੰ ਸੰਵਾਰਿਆ ਗਿਆ ਅਤੇ ਫਿਰ ਟੋਏ ਵਗੈਰਾ ਪੁੱਟ ਗਏ। ਇਸ ਮੌਕੇ ਪੌਦਿਆਂ ਦੀ ਸਾਂਭ ਸੰਭਾਲ ਦਾ ਪ੍ਰਣ ਵੀ ਲਿਆ ਗਿਆ ਹੈ। ਕਲੋਨੀ ਵਾਸੀਆਂ ਨੂੰ ਪੂਰੀ ਉਮੀਦ ਹੈ ਕਿ ਇਹ ਪਹਿਲਕਦਮੀ ਹੌਲੀ ਹੌਲੀ ਰੰਗ ਦਿਖਾਉਣ ਲੱਗੇਗੀ। ਇਸ ਤੋਂ ਪਹਿਲਾਂ ਵੀ ਵੱਖ ਵੱਖ ਥਾਵਾਂ ਤੇ ਪੌਦੇ ਲਾਏ ਗਏ ਸਨ। ਮਹੱਤਵਪੂਰਨ ਤੱਥ ਹੈ ਕਿ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵੀ ਵੱਧ ਤੋਂ ਵੱਧ ਪੌਦੇ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਵਰਿਆਂ ਦੌਰਾਨ ਵਾਤਾਵਰਨ ਬਚਾਓ ਮੁਹਿੰਮ ’ਚ ਇੰਨਾਂ ਪੌਦਿਆਂ ਦਾ ਅਹਿਮ ਯੋਗਦਾਨ ਹੋਵੇਗਾ।
ਐਸੋਸੀਏਸ਼ਨ ਦੇ ਮੈਂਬਰਾਂ ਨੇ ਸੁਰੱਖਿਆ ਦੇ ਪੱਖ ਤੋਂ ਇਹਨਾਂ ਮੌਦਿਆਂ ਦੇ ਆਲੇ ਦੁਆਲੇ ਟਰੀ ਗਾਰਡ ਲਾਏ ਹਨ ਜਿਹਨਾਂ ਨੂੰ ਪਹਿਲਾਂ ਰੰਗ ਕੀਤਾ ਗਿਆ ਤਾਂ ਜੋ ਇਹ ਸੋਹਣੇ ਵੀ ਲੱਗਣ। ਕਲੋਨੀ ਵਾਸੀਆਂ ਨੇ ਆਖਿਆ ਕਿ ਜਿੰਨੇਂ ਵੀ ਨਵੇਂ ਪੌਦੇ ਲਾਏ ਜਾ ਰਹੇ ਹਨ ਉਹਨਾਂ ਦੀ ਸਹਾਇਤਾ ਨਾਲ ਵਾਤਾਵਰਨ ਪਲੀਤ ਹੋਣ ਤੋਂ ਰੋਕਣ ’ਚ ਸਹਾਇਤਾ ਮਿਲੇਗੀ। ਐਸੋਸੀਏਸ਼ਨ ਨਾਲ ਜੁੜੇ ਪ੍ਰੀਵਾਰਾਂ ਨੂੰ ਦਰੱਖ਼ਤਾਂ ਦੀ ਇਨਸਾਨੀ ਜ਼ਿੰਦਗੀ ‘ਚ ਅਹਿਮੀਅਤ ਨੂੰ ਮਹਿਸੂਸ ਕਰਦਿਆਂ ਆਪਣੇ ਘਰਾਂ ਅਤੇ ਆਸ-ਪਾਸ ‘ਚ ਪੌਦੇ ਲਾਉਣ ਦਾ ਸੱਦਾ ਦਿੱਤਾ। ਦੱਸਣਯੋਗ ਹੈ ਕਿ ਪ੍ਰਦੂਸ਼ਣ ਇਸ ਵੇਲੇ ਅਹਿਮ ਮੁੱਦਾ ਹੈ ਅਤੇ ਰੁੱਖਾਂ ਦੀ ਕਟਾਈ ਕਾਰਨ ਗੰਧਲੇ ਹੋਏ ਵਾਤਾਵਰਨ ਨੂੰ ਅੱਖੋਂ ਪਰੋਖੇ ਨਾਂ ਕਰਦਿਆਂ ਬੂਟੇ ਲਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਵੀ ਮਹਿਸੂਸ ਕੀਤਾ ਜਾਣ ਲੱਗਿਆ ਹੈ ਕਿ ਹੁਣ ਹਰ ਮਨੁੱਖ ਲਾਵੇ ਇੱਕ ਰੁੱਖ ਦੇ ਨਾਲ ਨਾਲ ਹਰੀ ਪੱਟੀ ਵਿਕਸਤ ਕਰਨ ਲਈ ਇਹ ਮੁਹਿੰਮ ਜੰਗੀ ਪੱੱਧਰ ਤੇ ਵਿੱਢਣ ਦੀ ਜਰੂਰਤ ਹੈ।