ਅਸ਼ੋਕ ਵਰਮਾ ਨਵੀਂ ਦਿੱਲੀ ,2ਦਸੰਬਰ 2020:
ਪੰਜਾਬ ਦੇ ਨੌਜਵਾਨ ਮੁੰਡਿਆਂ ਨੇ ਨਸ਼ੇੜੀ ਜਾਂ ਵਿਹਲੇ ਰਹਿਣ ਦਾ ਦਾਗ ਧੋ ਦਿੱਤਾ ਹੈ। ਦਿੱਲੀ ਦੇ ਸਿੰਘੂ ਟੀਕਰੀ ਬਾਰਡਰ ਤੇ ਕਿਸਾਨਾਂ ਦੇ ਨਾਲ ਨਾਲ ਨੌਜਵਾਨਾਂ ਦਾ ਵੱਡਾ ਤੇ ਜਾਬਤਾਬੱਧ ਇਕੱਠ ਇਸ ਦਾ ਗਵਾਹ ਹੈ। ਚੜ੍ਹਦੀ ਉਮਰ ਦੇ ਮੁੰਡਿਆਂ ਵੱਲੋਂ ਆਪਣੇ ਸਪੀਕਰਾਂ ਤੇ ਲਾਏ ਡੈਕਾਂ ਤੇ ਗੁਰੂਆਂ ਅਤੇ ਦੇਸ਼ ਭਗਤਾਂ ਦੀਆਂ ਵਾਰਾਂ ਲਾਈਆਂ ਜਾਂਦੀਆਂ ਹਨ ਜਿਹਨਾਂ ਨਾਲ ਸੰਘਰਸ਼ ਦਾ ਨਵਾਂ ਰੰਗ ਸਾਹਮਣੇ ਆਇਆ ਹੈ। ਨੌਜਵਾਨਾਂ ਦਾ ਇਹ ਕਾਫਲਾ ਰੋਜਾਨਾ ਬੈਰੀਕੇਡ ਦੇ ਕੋਲ ਆ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਾ ਹੈ। ਵੱਡੀ ਗੱਲ ਹੈ ਕਿ ਸਟੇਜ਼ ਦੀ ਕਾਰਵਾਈ ਤੋਂ ਪਹਿਲਾਂ ਕੇਂਦਰ ਸਰਕਾਰ ਵਿਰੋਧੀ ਅਤੇ ਕਿਸਾਨ ਪੱਖੀ ਨਾਅਰਿਆਂ ਨਾਲ ਮੋਦੀ ਸਰਕਾਰ ਨੂੰ ਵੰਗਾਰਿਆ ਜਾ ਰਿਹਾ ਹੈ। ਮੋਦੀ ਸਰਕਾਰ ਲਈ ਸਿਰਦਰਦੀ ਬਣੇ ਇਹ ਨੌਜਵਾਨ ਸਵੇਰੇ ਸਟੇਜ ਵਾਲੀ ਜਗ੍ਹਾ ਦੀ ਸਫ਼ਾਈ ਵੀ ਕਰਦੇ ਹਨ ਅਤੇ ਸਟੇਜ ਸਜਾਈ ਵੀ ਜਾਂਦੀ ਹੈ।
ਯੂਥ ਵਿੰਗ ਦੇ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਸਾਹਿਲਦੀਪ ਸਿੰਘ ਅਤੇ ਗੁਰਜੋਤ ਸਿੰਘ ਡੋਡ ਨੇ ਕਿਹਾ ਕਿ ਕੇਂਦਰ ਸਰਕਾਰ ਜਿੱਥੇ ਇੱਕ ਪਾਸੇ ਗੱਲਬਾਤ ਕਰ ਰਹੀ ਹੈ ਜਦੋਂਕਿ ਦੂਸਰੇ ਪਾਸੇ ਦਿੱਲੀ ਵਿੱਚ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਨੌਜਵਾਨ ਹਾਕਮਾਂ ਵੱਲੋਂ ਕਿਸੇ ਵੇਲੇ ਵੀ ਕਿਸਾਨਾਂ ਤੇ ਕੀਤੇ ਜਾਣ ਵਾਲੇ ਤਸ਼ੱਦਦ ਅਗੇ ਕੰਧ ਬਣ ਕੇ ਡਟਣ ਲਈ ਤਿਆਰ ਹਨ। ਇਸ ਤੋਂ ਬਿਨਾਂ ਨਵੇਂ ਪੋਚ ਨੇ ਸੋਸ਼ਲ ਮੀਡੀਆ ਤੇ ਇਸ ਘੋਲ ਦੇ ਪ੍ਰਚਾਰ ਦੀ ਕਮਾਨ ਸਾਂਭੀ ਹੋਈ ਹੈ। ਹਰ ਰੋਜ਼ ਲੱਖਾਂ ਪੋਸਟਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇਸੇ ਕਾਰਨ ਪੰਜਾਬੀ ਗਾਇਕ ਇਸ ਮੋਰਚੇ ਪ੍ਰਤੀ ਖਾਸ ਦਿਲਚਸਪੀ ਦਿਖਾ ਰਹੇ ਹਨ ਅਤੇ ਸਿੱਧੂ ਮੂਸੇਵਾਲਾ, ਕੰਵਰ ਗਰੇਵਾਲ ਸਮੇਤ ਕਈ ਕਲਾਕਾਰ ਪਿਛਲੇ ਦਿਨਾਂ ਚ ਆਪਣੀ ਹਾਜ਼ਰੀ ਲਵਾਕੇ ਸੰਘਰਸ਼ ਪ੍ਰਤੀ ਭਰਵੀਂ ਹਮਾਇਤ ਦਾ ਐਲਾਨ ਕੀਤਾ ਜਾ ਚੁੱਕਿਆ ਹੈ।
ਉਹਨਾਂ ਦੱਸਿਆ ਕਿ ਸੰਘਰਸ਼ ਦਰਮਿਆਨ ਕੱਟੜ ਲੋਕਾਂ ਵੱਲੋਂ ਧਰਨੇ ’ਚ ਦਾਖਲ ਹੋਕੇ ਗੜਬੜ ਕਰਨ ਦੀਆਂ ਹਰਕਤਾਂ ਤੋਂ ਵੀ ਸੁਚੇਤ ਹਨ ਅਤੇ ਲਗਾਤਾਰ ਪਹਿਰੇਦਾਰੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਉਹਨਾਂ ਦੇ ਹੀਰੋ ਬਾਬਾ ਬੰਦਾ ਸਿੰਘ ਬਹਾਦਰ, ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਹਨ ਅਤੇ ਉਹਨਾਂ ਦੀ ਪ੍ਰੇਰਨਾ ਸਦਕਾ ਨੌਜਵਾਨ ਏਥੇ ਆਏ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਜਗੀਰਦਾਰੀ ਤੋੜਕੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅਤੇ ਦਿੱਲੀ ਦੇ ਹਾਕਮਾਂ ਨਾਲ ਟੱਕਰ ਲਈ, ਜਿਸ ਦੀ ਪ੍ਰੇਰਣਾ ਤਹਿਤ ਜੁਆਨੀ ਇਹ ਲੜਾਈ ਲੜ ਰਹੀ ਹੈ। ਵਰਨਣਯੋਗ ਗੱਲ ਹੈ ਕਿ ਏਥੇ ਕੇਵਲ ਪੰਜਾਬ ਦੇ ਨਹੀਂ, ਹਰਿਆਣਾ ਦੇ ਨੌਜਵਾਨ ਵੀ ਪਹੁੰਚ ਰਹੇ ਹਨ ਜਿਹਨਾਂ ਨੇ ਟੈਂਟ, ਸਾਊਂਡ, ਦਰੀਆਂ ਦੀ ਜ਼ਿੰਮੇਵਾਰੀ ਸਾਂਭੀ ਹੋਈ ਹੈ।
ਹਰਿਆਣਾ ਦੇ ਪਿੰਡਾਂ ਚੋਂ ਦੁੱਧ ਇਕੱਠਾ ਕਰਕੇ ਹਰ ਰੋਜ਼ ਦੁਧ ਤੇ ਲੱਸੀ ਦਾ ਲੰਗਰ ਲਾਇਆ ਜਾ ਰਿਹਾ ਹੈ। ਪੰਜਾਬ ਵਿੱਚ ਵੀ ਯੂਥ ਵਿੰਗ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਜਿਹੜੀਆਂ ਰੈਲੀਆਂ, ਮੀਟਿੰਗਾਂ ਅਤੇ ਘਰ ਘਰ ਜਾਕੇ ਨੌਜਵਾਨਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਕਰ ਰਹੀਆਂ ਹਨ। ਆਮ ਲੋਕਾਂ ਵੱਲੋਂ ਦਿੱਲੀ ਮੋਰਚੇ ਲਈ ਦਿਲ ਖੋਹਲ ਕੇ ਫ਼ੰਡ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕੈਨੇਡਾ ਤੋਂ ਕੁਝ ਨੌਜਵਾਨ ਵੀ ਧਰਨੇ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ ਜਿਹਨਾਂ ਦੀ ਗਿਣਤੀ ਆਉਂਦੇ ਦਿਨੀਂ ਵਧਣ ਦੀ ਸੰਭਾਵਨਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਅਤੇ ਪ੍ਰਸਤਾਵਿਤ ਬਿਜਲੀ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ ਅਤੇ ਕਿਸਾਨਾਂ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਰੱਖਿਆ ਜਾਵੇ। ਉਹਨਾਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਲਈ ਨਹੀਂ ਬਲਕਿ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਸੇਵਾ ਲਈ ਬਣਾਏ ਗਏ ਹਨ।