ਬਜੁਰਗ ਮਾਂਵਾਂ ਦਾ ਸੰਘਰਸ਼ ਵਿੱਚ ਰੋਜਾਨਾ ਸ਼ਾਮਿਲ ਹੋਣਾ ਮਾਣ ਵਾਲੀ ਗੱਲ-ਅਮਰਜੀਤ ਕੌਰ
ਰਘਵੀਰ ਹੈਪੀ ਬਰਨਾਲਾ 2 ਦਸੰਬਰ 2020
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਤੀਜੇ ਮਹੀਨੇ ਵਿੱਚ ਦਾਖਲ ਹੋਣ’ਤੇ ਬੁਲਾਰਿਆਂ ਨੇ ਸ਼ਾਮਲ ਹੋਣ ਵਾਲੇ ਖੇਤਾਂ ਦੇ ਰਾਖਿਆਂ ਸਮੇਤ ਜਵਾਨੀ ਦੀ ਦਹਿਲੀਜ ਵੱਲ ਵਧ ਰਹੇ ਸਕੂਲੀ ਵਿਦਿਆਰਥੀਆਂ(ਮਰਦ,ਔਰਤਾਂ,ਨੌਜਵਾਨਾਂ) ਨੂੰ ਸੰਗਰਾਮੀ ਮੁਬਾਰਕਬਾਦ ਦਿੱਤੀ। ਇੱਕ ਪਾਸੇ ਜਵਾਨੀ ਦੀ ਦਹਿਲੀਜ ਤੇ ਪੈਰ ਧਰ ਰਹੇ ਸਕੂਲੀ ਵਿਦਿਆਰਥੀ ਖਾਸ ਕਰ ਗਗਨਦੀਪ, ਗੁਰਬੀਰ, ਸਵਨਪ੍ਰੀਤ ਸਟੇਜ ਤੋਂ ਮੋਦੀ ਹਕੂਮਤ ਖਿਲਾਫ ਨਾਹਰੇ ਬੁਲੰਦ ਕਰਕੇ ਪੰਡਾਲ ਵਿੱਚ ਨਵਾਂ ਜੋਸ਼ ਭਰ ਦਿੰਦੇ ਹਨ। ਇਸੇ ਹੀ ਤਰ੍ਹਾਂ 80 ਸਾਲਾਂ ਨੂੰ ਢੁੱਕੀ ਮਾਤਾ ਪ੍ਰੀਤਮ ਕੌਰ ਠੀਕਰੀਵਾਲ ਨੌਜਵਾਨਾਂ ਦੇ ਜੋਸ਼ੀਲੇ ਨਾਹਰਿਆਂ ਨੂੰ ਅਵਾਜ ਦਿੰਦੀ ਹੈ। ਇਹ ਮਾਤਾ ਤਿੰਨ ਮਹੀਨੇ ਤੋਂ ਲਗਾਤਾਰ ਚੱਲ ਰਹੇ ਸਾਂਝੇ ਕਿਸਨ ਮੋਰਚੇ ਵਿੱਚ ਹਾਜਰੀ ਭਰ ਹਾਕਮਾਂ ਦੀ ਨੀਂਦ ਹਰਾਮ ਕਰ ਰਹੀ ਹੈ। ਨਾਂ ਸਿਰਫ ਆਪ ਸਗੋਂ ਆਪਣੇ ਪਤੀ ਬੀਕੇਯੂ ਏਕਤਾ ਡਕੌਂਦਾ ਦੇ ਆਗੂ ਸੁਖਦੇਵ ਸਿੰਘ ਅਤੇ ਸੇਵਾਮੁਕਤ ਪੁੱਤਰ ਕੁਲਵੰਤ ਸਿੰਘ ਨਾਲ ਸੰਘਰਸ਼ ਦੇ ਮੈਦਾਨ ਵਿੱਚ ਜੂਝਦੀ ਹੋਈ ਨਵੀਆਂ ਪਿਰਤਾਂ ਸਿਰਜ ਰਹੀ ਹੈ। ਸਾਂਝੇ ਕਿਸਾਨ ਸੰਘਰਸ਼ ਨੂੰ ਵਿਸ਼ਾਲ ਲੋਕਾਈ ਦੇ ਸੱਭੇ ਮਿਹਨਤਕਸ਼ ਤਬਕੇ ਇਸ ਸਾਂਝੇ ਕਿਸਾਨ ਨੂੰ ਬਲ ਬਖਸ਼ ਰਹੇ ਹਨ। ਸੂਝਵਾਨ ਸਖਸ਼ੀਅਤਾਂ ਸਾਂਝੇ ਕਿਸਾਨ ਮੋਰਚੇ ਵਿੱਚ ਸ਼ਾਮਿਲ ਵੀ ਹੁੰਦੀਆਂ ਹਨ, ਹਜਾਰਾਂ ਰੁ. ਫੰਡ ਪੱਖੋਂ ਯੋਗਦਾਨ ਪਾਕੇ ਵੱਡਾ ਸਹਾਰਾ ਬਣ ਰਹੇ ਹਨ।
ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੀ ਜੰਗ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਗੁਰਚਰਨ ਸਿੰਘ, ਕਾਕਾ ਸਿੰਘ ਫਰਵਾਹੀ, ਸੋਹਣ ਸਿੰਘ ਚੀਮਾ, ਪਾਲ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ , ਜਸਪਾਲ ਸਿੰਘ ਚੀਮਾ, ਖੁਸ਼ੀਆ ਸਿੰਘ, ਗੁਰਮੇਲ ਰਾਮ ਸ਼ਰਮਾ ਆਦਿ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਸਾਂਝਾ ਕਿਸਾਨ ਸੰਘਰਸ਼ ਰੇਲਵੇ ਸਟੇਸ਼ਨ ਤੇ ਸ਼ੁਰੂ ਕਰਨ ਤੋਂ ਬਾਅਦ ਹੁਣ ਤੱਕ ਦਸ ਲੱਖ ਰੁ. ਤੋਂ ਵਧੇਰੇ ਖਰਚਾ ਹੋ ਚੁੱਕਾ ਹੈ, ਜਿਸ ਨੂੰ ਪੂਰਾ ਕਰਨ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ, ਜਮਹੂਰੀ ਕਾਰਕੁਨਾਂ, ਸੇਵਾਮੁਕਤ ਸੂਝਵਾਨ ਕਾਰਕੁਨ ਆਪਣਾ ਫਰਜ ਅਦਾ ਕਰ ਰਹੇ ਹਨ। ਫਿਰ ਵੀ ਵਡੇਰੇ ਖਰਚਿਆਂ ਦੇ ਸਨਮੁਖ ਇਹ ਸਾਧਨ ਨਿਗੂਣੇ ਹਨ। ਇਹ ਉਸਾਰੂ ਪਿਰਤ ਹੋਰ ਵਧੇਰੇ ਜਿੰਮੇਵਾਰੀ ਨਾਲ ਜਾਰੀ ਰੱਖਣ ਦੀ ਬੁਲਾਰਿਆ ਜੋਰਦਾਰ ਅਪੀਲ ਕੀਤੀ।
ਕਿਸਾਨਾਂ ਨੇ ਆਪਣੇ ਲਗਾਤਾਰ ਸ਼ੁਰੂ ਕੀਤੇ ਪੜਾਅਵਾਰ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਦਿੱਲੀ ਹਕੂਮਤ ਦੀ ਸਾਹ ਰਗ ਨੂੰ ਹੱਥ ਪਾ ਲਿਆ ਹੈ। ਬੁਲਾਰਿਆਂ ਨੇ ਮੋਦੀ ਹਕੂਮਤ ਦੇ ਖੇਤੀ ਕਾਨੂੰਨਾਂ ਨੂੰ ਕਿਸਾਨ ਪੱਖੀ ਕ੍ਰਾਂਤੀਕਾਰੀ ਗਰਦਾਨਣ ਦੀ ਜਾਰੀ ਰੱਖੀ ਜਾ ਰਹੀ ਰਟਣ ਮੁਹਾਰਨੀ ਅਤੇ ਉਸ ਦਾ ਗਰੂਰ ਭੰਨਣ ਲਈ ਕਾਫਲਿਆਂ ਨੂੰ ਦਿੱਲੀ ਵੱਲ ਚਾਲੇ ਪਾਉਣ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ। ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪ ਬਰਨਾਲਾ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਧਰਨਿਆਂ/ਘਿਰਾਉਆਂ ਉੱਪਰ ਸੰਘਰਸ਼ਸ਼ੀਲ ਕਾਫਲਿਆਂ ਨੇ ਹੋਰ ਵੱਧ ਜੋਸ਼ ਭਰਪੂਰ ਗੁੰਜਾਊ ਨਾਹਰੇ ਗੁੰਜਾਕੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਹੈਂਕੜ ਭੰਨਣ ਦਾ ਐਲਾਨ ਕੀਤਾ।
ਵੱਖ ਵੱਖ ਥਾਵਾਂ ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਉੱਪਰ ਮਲਕੀਤ ਸਿੰਘ ਈਨਾ, ਮੇਜਰ ਸਿੰਘ ਸੰਘੇੜਾ, ਅਜਮੇਰ ਸਿੰੰਘ ਕਾਲਸਾਂ, ਪਿਸ਼ੌਰਾ ਸਿੰਘ ਹਮੀਦੀ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਬਿੱਕਰ ਸਿੰਘ ਔਲਖ, ਪਰਮਜੀਤ ਕੌਰ ਠੀਕਰੀਵਾਲ, ਸ਼ਿੰਦਰ ਕੌਰ, ਸਰਬਜੀਤ ਕੌਰ ਆਦਿ ਆਗੂਆਂ ਨੇ ਕਿਹਾ ਕਿ ਹਜਾਰਾਂ ਦੀ ਗਿਣਤੀ ਵਿੱਚ ਕੱਲ੍ਹ ਦਿੱਲੀ ਵੱਲ ਰਵਾਨਾ ਹੋਏ ਕਾਫਲਿਆਂ ਨੇ ਦਿੱਲੀ ਦੇ ਬਾਰਡਰ ਉੱਪਰ ਪਹੁੰਚਕੇ ਦਿੱਲੀ ਹਕੂਮਤ ਦੀ ਧੌਣ ਤੇ ਗੋਡਾ ਧਰਕੇ ਪੱਕੇ ਡੇਰੇ ਜਮਾ ਲਏ ਹਨ। ਵੱਡੀ ਗਿਣਤੀ ਵਿੱਚ ਕਿਸਾਨ ਆਗੂ ਕਾਫਲਿਆਂ ਦੇ ਦਿੱਲੀ ਵੱਲ ਕੂਚ ਕਰ ਜਾਣ ਦੇ ਬਾਵਜੂਦ ਵੀ ਸੈਂਕੜੇ ਕਿਸਾਨਾਂ ਦਾ ਲਗਾਤਾਰ ਚਲਦੇ ਸੰਘਰਸ਼ਾਂ ਵਿੱਚ ਪਹੁੰਚਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਰੋਹਲੀ ਗਰਜ ਬੁਲੰਦ ਕਰਨਾ ਉਤਸ਼ਾਹਜਨਕ ਵਰਤਾਰਾ ਹੈ। ਸਾਂਝੇ ਕਿਸਾਨ ਸੰਘਰਸ਼ ਦੇ ਤੀਜੇ ਮਹੀਨੇ ਵਿੱਚ ਦਾਖਲ ਹੋ ਜਾਣ ਦੇ ਬਾਵਜੂਦ ਵੀ ਔਰਤਾਂ ਦੀ ਵਧਦੀ ਲਗਾਤਾਰਤਾ ਹਾਕਮਾਂ ਨੂੰ ਨਵੀਂ ਚੁਣੌਤੀ ਪੇਸ਼ ਕਰ ਰਹੀ ਹੈ।