ਜਾਅਲੀ ਕਰੰਸੀ ਤਿਆਰ ਕਰਨ ਵਾਲਾ ਗਿਰੋਹ ਬੇਨਕਾਬ, 6 ਮੈਂਬਰ ਕਾਬੂ , 5.47 ਲੱਖ ਰੁਪਏ ਦੇ ਜਾਅਲੀ ਨੋਟ

Advertisement
Spread information

ਗਿਰੋਹ ਦੇ ਕਾਬੂ ਮੈਂਬਰ ਦਿੰਦੇ ਸੀ , ਅਸਲ ਕਰੰਸੀ 200 ਰੁਪਏ ਲੈ ਕੇ 4000 ਰੁਪਏ ਦੇ ਜਾਅਲੀ ਨੋਟ


ਰਿਚਾ ਨਾਗਪਾਲ  , ਪਟਿਆਲਾ, 4 ਨਵੰਬਰ:2020 
             ਪਟਿਆਲਾ ਪੁਲਿਸ ਨੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਇੱਕ ਗਿਰੋਹ ਨੂੰ ਬੇਪਰਦ ਕੀਤਾ ਹੈ। ਇਹ ਖੁਲਾਸਾ ਕਰਦਿਆਂ ਜ਼ਿਲ੍ਹੇ ਦੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ‘ਚ 6 ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5 ਲੱਖ 47 ਹਜ਼ਾਰ 400 ਰੁਪਏ ਦੇ ਜਾਅਲੀ ਨੋਟ ਅਤੇ ਇਹ ਨੋਟ ਤਿਆਰ ਕਰਨ ਵਾਲਾ ਸਾਜੋ-ਸਮਾਨ ਵੀ ਬਰਾਮਦ ਕੀਤਾ ਹੈ।
            ਐਸ.ਐਸ.ਪੀ. ਨੇ ਅੱਜ ਇੱਥੇ ਦੱਸਿਆ ਕਿ ਇਸ ਗਿਰੋਹ ‘ਚ ਸਤਨਾਮ ਸਿੰਘ ਰਿੰਕੂ ਵਾਸੀ ਸੀਸ ਮਹਿਲ ਕਲੋਨੀ, ਗੁਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸੁਖਰਾਮ ਕਲੋਨੀ ਅਲੀਪੁਰ ਰੋਡ, ਤਰਸੇਮ ਲਾਲ ਪੁੱਤਰ ਮੋਤੀ ਲਾਲ ਵਾਸੀ ਗੋਬਿੰਦ ਨਗਰ, ਮਾਡਲ ਟਾਊਨ ਪਟਿਆਲਾ, ਗੁਰਜੀਤ ਸਿੰਘ ਜੀਤੀ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਘਰਾਚੋ ਹਮੀਰ ਪੱਤੀ ਥਾਣਾ ਭਵਾਨੀਗੜ, ਯਸਪਾਲ ਪੁੱਤਰ ਸ਼ਾਮ ਲਾਲ ਵਾਸੀ ਸਿਨੇਮਾ ਚੌਕ ਸਮਾਣਾ, ਅਮਿਤ ਕੁਮਾਰ ਉਰਫ ਅਮਨ ਪੁੱਤਰ ਮਨੋਹਰ ਲਾਲ ਵਾਸੀ ਟੈਲੀਫੋਨ ਕਾਲੋਨੀ ਨੇੜੇ ਸਰਾਂਪੱਤੀ ਚੌਕ ਸਮਾਣਾ ਅਤੇ ਇਸ਼ਾਕ ਉਰਫ ਭੂਰਾ ਪੁੱਤਰ ਅੱਲਾਦੀਆ ਵਾਸੀ ਸਿੱਧੂਵਾਲ ਪਟਿਆਲਾ ਸ਼ਾਮਲ ਹਨ। ਇਨ੍ਹਾਂ ਵਿਰੁੱਧ ਥਾਣਾ ਸਦਰ ਵਿਖੇ ਮੁਕੱਦਮਾ ਨੰਬਰ 220 ਮਿਤੀ 3-11-2020 ਅ/ਧ 489-ਏ, 489-ਬੀ, 489-ਸੀ, 489-ਡੀ, 420,120-ਬੀ ਆਈਪੀਸੀ ਤਹਿਤ ਦਰਜ ਕੀਤਾ ਗਿਆ ।
              ਸ੍ਰੀ ਦੁੱਗਲ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਸਤਨਾਮ ਸਿੰਘ ਰਿੰਕੂ, ਗੁਰਦੀਪ ਸਿੰਘ, ਗੁਰਜੀਤ ਸਿੰਘ ਜੀਤੀ, ਯਸਪਾਲ, ਅਮਿਤ ਕੁਮਾਰ ਅਮਨ ਤੇ ਇਸ਼ਾਕ ਭੂਰਾ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ ਜਾਅਲੀ ਕਰੰਸੀ ਦੇ 2,93,000 ਰੁਪਏ, 2,16,000 ਰੁਪਏ ਇੱਕ ਪਾਸੇ ਛਪੇ ਹੋਏ, 38,400 ਰੁਪਏ ਦੋਨੇ ਪਾਸੇ ਛਪੇ ਨੋਟ (ਨੋਟਾਂ ਦੀ ਕਟਿੰਗ ਬਾਕੀ) ਕੁੱਲ ਰਕਮ 5,47,400 ਰੁਪਏ, ਕੰਪਿਊਟਰ, ਸੀ.ਪੀ.ਯੂ, ਮਾਊਸ, ਕੀ-ਬੋਰਡ, ਯੂ.ਪੀ.ਐਸ, ਤਿੰਨ ਪ੍ਰਿੰਟਰ ਅਤੇ ਲੈਮੀਨੇਟਰ ਬ੍ਰਾਮਦ ਕਰਵਾਏ ਗਏ ਹਨ।
            ਐਸ.ਐਸ.ਪੀ ਨੇ ਹੋਰ ਦੱਸਿਆ ਕਿ ਪੁਲਿਸ ਨੂੰ 3 ਨਵੰਬਰ ਨੂੰ ਸੂਚਨਾ ਮਿਲੀ ਸੀ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪ੍ਰੋਫੈਸਰ ਇਨਕਲੇਵ ਮਕਾਨ ਨੰਬਰ 1, ਪਿੰਡ ਨਸੀਰਪੁਰ ਵਿਖੇ ਗੁਰਦੀਪ ਸਿੰਘ, ਸਤਨਾਮ ਸਿੰਘ, ਤਰਸੇਮ ਲਾਲ, ਗੁਰਜੀਤ ਸਿੰਘ, ਯਸਪਾਲ, ਅਮਿਤ ਕੁਮਾਰ ਅਮਨ ਤੇ ਇਸ਼ਾਕ ਭੂਰਾ ਜਾਅਲੀ ਕਰੰਸੀ ਤਿਆਰ ਕਰਕੇ ਤੇ ਇਸ ਨੂੰ ਅਸਲ ਕਰੰਸੀ ਦੱਸ ਕੇ ਭੋਲੇ ਭਾਲੇ ਲੋਕਾਂ ਨਾਲ ਧੋਖਾਦੇਹੀ ਨਾਲ ਬਾਜਾਰ ਵਿਚ ਚਲਾਉਦੇ ਹਨ ਤੇ ਇਹ ਭੋਲੇ ਭਾਲੇ ਲੋਕਾਂ ਨੂੰ ਲਾਲਚ ਵਿਚ ਫਸਾ ਕੇ ਉਨ੍ਹਾਂ ਨੂੰ ਜਾਅਲੀ ਕਰੰਸੀ ਵੇਚਣ ਦੀ ਫਿਰਾਕ ਵਿਚ ਰਹਿੰਦੇ ਹਨ।
              ਸ੍ਰੀ ਦੁੱਗਲ ਜੀ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ ‘ਤੇ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾਂ ਦੀ ਨਿਗਰਾਨੀ ਹੇਠ ਇੰਚਾਰਜ ਪੀ.ਓ ਸਟਾਫ ਸਹਾਇਕ ਥਾਣੇਦਾਰ ਗੁਰਦੀਪ ਸਿੰਘ, ਇੰਚਾਰਜ ਨਾਰਕੋਟਿਕ ਸੈਲ ਸਹਾਇਕ ਥਾਣੇਦਾਰ ਪਵਨ ਕੁਮਾਰ ਤੇ ਪੁਲਿਸ ਪਾਰਟੀ ਨੇ ਫੌਰੀ ਕਾਰਵਾਈ ਕੀਤੀ। ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਆਪਣਾ 2000 ਰੁਪਏ ਦਾ ਨੰਬਰੀ ਨੋਟ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੂੰ ਆਮ ਕੱਪੜੇ ਪੁਆ ਕੇ ਡੰਮੀ ਗ੍ਰਾਹਕ ਬਣਾ ਕੇ ਉਕਤ ਟਿਕਾਣੇ ‘ਤੇ ਭੇਜਿਆ। ਉਕਤ ਦੋਸ਼ੀ ਗੁਰਦੀਪ ਸਿੰਘ ਨੇ ਨੰਬਰੀ ਨੋਟ ਅਸਲ ਕਰੰਸੀ 200 ਰੁਪਏ ਲੈ ਕੇ 4000 ਰੁਪਏ ਦੇ ਜਾਅਲੀ ਕਰੰਸੀ ਨੋਟ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੂੰ ਦੇ ਦਿੱਤੇ।
            ਇਸ ਮਗਰੋਂ ਪੁਲਿਸ ਨੇ ਉਕਤ ਮਕਾਨ ‘ਤੇ ਤੁਰੰਤ ਛਾਪੇਮਾਰੀ ਕੀਤੀ, ਜਿੱਥੇ ਗੁਰਦੀਪ ਸਿੰਘ ਕੰਪਿਊਟਰ ਤੇ ਜਾਆਲੀ ਕਰੰਸੀ ਛਾਪ ਕੇ ਪ੍ਰਿੰਟਰ ਰਾਹੀ ਕੱਢ ਕੇ ਗੁਰਜੀਤ ਸਿੰਘ ਜੀਤੀ ਨੂੰ ਫੜਾ ਰਿਹਾ ਸੀ, ਸਤਨਾਮ ਸਿੰਘ ਰਿੰਕੂ ਕਟਰ ਨਾਲ ਨੋਟਾਂ ਦੀ ਕਟਿੰਗ ਕਰ ਰਿਹਾ ਸੀ, ਯਸਪਾਲ, ਅਮਿਤ ਕੁਮਾਰ ਅਮਨ ਤੇ ਇਸ਼ਾਕ ਭੂਰਾ ਲੌਬੀ ਵਿਚ ਬੈਠੇ ਜਾਅਲੀ ਕਰੰਸੀ ਦੇ ਨੋਟਾਂ ਦੀ ਗਿਣਤੀ ਕਰ ਰਹੇ ਸਨ। ਇਨ੍ਹਾਂ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ। ਜਦੋਂਕਿ ਉਹਨਾਂ ਦਾ ਇੱਕ ਸਾਥੀ ਤਰਸੇਮ ਲਾਲ ਮੌਕਾ ਪਾ ਕੇ ਪਿਛਲੇ ਦਰਵਾਜੇ ਤੋਂ ਫਰਾਰ ਹੋ ਗਿਆ, ਇਸ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
              ਐਸ.ਐਸ.ਪੀ ਨੇ ਹੋਰ ਦੱਸਿਆ ਕਿ ਤਰਸੇਮ ਲਾਲ, ਗੁਰਦੀਪ ਸਿੰਘ ਤੇ ਸਤਨਾਮ ਸਿੰਘ ਵਿਰੁੱਧ ਪਹਿਲਾ ਵੀ ਮੁਕੱਦਮੇ ਦਰਜ ਹਨ। ਸਾਲ 2019 ਵਿਚ ਇਹ ਤਿੰਨੇ ਕੇਂਦਰੀ ਜੇਲ ਪਟਿਆਲਾ ਵਿਖੇ ਬੰਦ ਸਨ ਜਿੱਥੇ ਇਹਨਾ ਦੀ ਆਪਸ ਵਿਚ ਮੁਲਾਕਾਤ ਹੋਈ ਅਤੇ ਜੇਲ ਤੋਂ ਬਾਹਰ ਆ ਕੇ ਜਾਅਲੀ ਕਰੰਸੀ ਬਣਾ ਕੇ ਚਲਾਉਣ ਅਤੇ ਵੇਚਣ ਦਾ ਕੰਮ ਸ਼ੁਰੂ ਕਰਕੇ ਪਿਛਲੇ ਘਾਟੇ ਪੂਰੇ ਕਰਨ ਦੀ ਤਰਕੀਬ ਬਣਾਈ। ਹੁਣ ਜਦੋਂ ਉਹ ਪਿਛਲੇ ਕਰੀਬ 6 ਮਹੀਨੇ ਪਹਿਲਾਂ ਜਮਾਨਤ ਹੋਣ ‘ਤੇ ਜੇਲ ਤੋਂ ਬਾਹਰ ਆਏ ਤੇ ਲਾਕ ਡਾਊਨ ਖਤਮ ਹੋਣ ਮਗਰੋਂ ਕਰੀਬ ਦੋ ਮਹੀਨੇ ਪਹਿਲਾਂ ਇਨ੍ਹਾਂ ਨੇ ਇਹ ਮਕਾਨ ਕਿਰਾਏ ‘ਤੇ ਲੈ ਕੇ ਜਾਅਲੀ ਕਰੰਸੀ ਤਿਆਰ ਕਰਨ ਦਾ ਧੰਦਾ ਸ਼ੁਰੂ ਕਰ ਲਿਆ।
           ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਜਾਅਲੀ ਕਰੰਸੀ ਅੱਗੇ ਬਾਜਾਰ ਵਿਚ ਦੁਕਾਨਦਾਰਾਂ ਨੂੰ ਚਲਾਉਣ ਅਤੇ ਭੋਲੇ ਭਾਲੇ ਲੋਕਾਂ ਨੂੰ ਅਸਲ ਦੱਸ ਕੇ ਦੇਣ ਲਈ ਗਿਰੋਹ ਦੇ ਮੈਂਬਰਾਂ ਯਸਪਾਲ, ਅਮਿਤ ਕੁਮਾਰ ਅਮਨ ਅਤੇ ਇਸ਼ਾਕ ਭੂਰਾ ਨੂੰ ਵਰਤਿਆ ਅਤੇ ਹੁਣ ਇਹ ਜਾਅਲੀ ਕਰੰਸੀ ਆਪਣੇ ਪੱਕੇ ਬੰਦਿਆਂ ਰਾਹੀ ਵੇਚਣ ਦੀ ਤਿਆਰੀ ਕਰ ਰਹੇ ਸਨ। ਗੁਰਦੀਪ ਸਿੰਘ ਤੇ ਸਤਨਾਮ ਸਿੰਘ ਰਿੰਕੂ ਦੀ ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦੇ ਖ਼ਿਲਾਫ਼ ਥਾਣਾ ਘੱਗਾ ਵਿਖੇ ਪਹਿਲਾਂ ਵੀ ਜਾਅਲੀ ਕਰੰਸੀ ਦਾ ਮੁਕੱਦਮਾ ਦਰਜ ਹੈ।

Advertisement
Advertisement
Advertisement
Advertisement
Advertisement
error: Content is protected !!