ਵਿਭਾਗ ਵੱਲੋਂ’ਉਡਾਣ ਕੰਪੀਟਿਟਿਵ ਐਗਜ਼ਾਮ ਸੀਰੀਜ਼’ ਸ਼ੁਰੂ
ਰਘਵੀਰ ਹੈਪੀ , ਬਰਨਾਲਾ, 31 ਅਕਤੂਬਰ2020
ਸੂਬੇ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਸਾਇੰਸ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਹਿੱਤ ਇੱਕ ਨਿਵੇਕਲਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਲਈ ‘ਉਡਾਣ’ ਪ੍ਰਾਜੈਕਟ ਤਹਿਤ ‘ਉਡਾਣ ਕੰਪੀਟਿਟਿਵ ਐਗਜਾਮ ਸੀਰੀਜ਼ (ਮੈਡੀਕਲ ਅਤੇ ਨਾਨ ਮੈਡੀਕਲ) ਸ਼ੁਰੂ ਕੀਤੀ ਗਈ ਹੈ।
ਵਿਭਾਗ ਦੀ ਸਹਾਇਕ ਨਿਰਦੇਸ਼ਕਾ ਜਸਵਿੰਦਰ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੇ ਮੈਡੀਕਲ ਅਤੇ ਨਾਨ-ਮੈਡੀਕਲ ਗਰੁੱਪਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ ਜੇ.ਈ.ਈ. ਮੇਨਜ਼, ਜੇ.ਈ.ਈ.ਅਡਵਾਂਸ, ਏਮਜ਼, ਨੀਟ, ਕੈਟ, ਬੀ.ਐੱਸ.ਸੀ. ਨਰਸਿੰਗ, ਬੀ.ਐੱਸ.ਸੀ. ਆਨਰਜ਼, ਸੀ.ਈ.ਟੀ., ਬਿਟਸੈੱਟ, ਆਈ.ਆਈ.ਟੀ., ਪੈਰਾਮੈਡੀਕਲ ਐਂਟਰੈਂਸ ਟੈਸਟ, ਬੀ.ਪੀ.ਐੱਚ (ਬੈਚੂਲਰ ਆਫ਼ ਪਬਲਿਕ ਹੈਲਥ), ਬੀ.ਐੱਸ.ਸੀ. ਮੈਡੀਕਲ ਟੈਕਨਾਲੋਜੀ, ਆਈਸਰ ਐਪਟੀਚਿਊਡ ਟੈਸਟ, ਬੈਚੂਲਰ ਆਫ਼ ਆਰਕੀਟੈਕਟ ਐਂਟਰੈਂਸ ਟੈਸਟ, ਪੀ.ਜੀ.ਆਈ. ਨਰਸਿੰਗ ਅਤੇ ਇਹਨਾਂ ਵਿਸ਼ਿਆਂ (ਮੈਡੀਕਲ ਅਤੇ ਨਾਨ ਮੈਡੀਕਲ) ਨਾਲ ਸੰਬੰਧਤ ਹੋਰ ਪ੍ਰੀਖਿਆਵਾਂਂ ਦੀ ਤਿਆਰੀ ਕਰਵਾਉਣ ਦੇ ਮਨੋਰਥ ਨਾਲ ਆਰਟਸ ਵਿਸ਼ਿਆਂ ਦੇ ਵਿਦਿਆਰਥੀਆਂ ਵਾਂਗ ਹੀ ‘ਉਡਾਣ ਕੰਪੀਟਿਟਿਵ ਐਗਜ਼ਾਮ ਸੀਰੀਜ਼’ ਸ਼ੁਰੂ ਕੀਤੀ ਗਈ ਹੈ।
ਇਸ ਸੀਰੀਜ਼ ਵਿੱਚ ਵਿਦਿਆਰਥੀਆਂ ਲਈ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਫਿਜਿਕਸ, ਕਮਿਸਟਰੀ, ਗਣਿਤ ਅਤੇ ਬਾਇਓਲੋਜੀ ਵਿਸ਼ਿਆਂ ਦੀਆਂ ਸ਼ੀਟਾਂ ਤਿਆਰ ਕਰਕੇ ਰੋਜ਼ਾਨਾ ਵਿਭਾਗ ਦੇ ਫੇਸਬੁੱਕ ਪੇਜ਼, ਪੰਜਾਬ ਐਜੂਕੇਅਰ ਐਪ ਅਤੇ ਵਟਸਐਪ ਗਰੁੱਪਾਂ ਰਾਹੀਂ ਭੇਜੀਆਂ ਜਾਇਆ ਕਰਨਗੀਆਂ। ਹਰੇਕ ਸ਼ੀਟ ਵਿੱਚ ਦਸ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ ਦਿੱਤੇ ਜਾਣਗੇ ਅਤੇ ਪ੍ਰਸ਼ਨਾਂ ਦੇ ਹੱਲ ਲਈ ਸੰਕੇਤ (ਹਿੰਟ) ਵੀ ਦਿੱਤੇ ਜਾਇਆ ਕਰਨਗੇ।ਉਹਨਾਂ ਦੱਸਿਆ ਕਿ
ਫਿਜ਼ਿਕਸ, ਕਮਿਸਟਰੀ, ਮੈਥੇਮੈਟਿਕਸ ਅਤੇ ਬਾਇਓਲੋਜੀ ਵਿਸ਼ਿਆਂ ਦੇ ਜ਼ਿਲ੍ਹਾ ਮੈਂਟਰ ਪ੍ਰਿੰਸੀਪਲ ਅਤੇ ਰਿਸੋੋਰਸ ਪਰਸਨ ਲਗਾਏ ਸਾਇੰਸ, ਗਣਿਤ ਵਿਸ਼ਿਆਂ ਨਾਲ ਸੰਬੰਧਿਤ ਮੈਰੀਟੋਰੀਅਸ ਸਕੂਲਾਂ ਅਤੇ ਸਰਕਾਰੀ ਸਕੂਲਾਂ ਦੇ ਲੈਕਚਰਾਰਾਂ ਦੀ ਟੀਮ ਵੱਲੋਂ ਇਹ ਸ਼ੀਟਾਂ ਤਿਆਰ ਕੀਤੀਆਂ ਜਾਣਗੀਆਂ। ਹਰੇਕ ਅਧਿਆਇ ਦੇ ਪੂਰਾ ਹੋਣ ਤੇ ਇਹਨਾਂ ਵਿਸ਼ਿਆਂ ਦੇ ਲੈਕਚਰਾਰਾਂ ਵੱਲੋਂ ਵਿਦਿਆਰਥੀਆਂ ਦੀ ਇਹਨਾਂ ਵਿਸ਼ਿਆਂ ਵਿੱਚ ਚੰਗੀ ਤਿਆਰੀ ਲਈ ਡਾਊਟ ਕਲੀਅਰਿੰਗ ਸੈਸ਼ਨ ਵੀ ਲਗਾਏ ਜਾਇਆ ਕਰਨਗੇ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਲਕੰਵਲਜੀਤ ਕੌਰ ਨੇ ਦੱਸਿਆ ਕਿ ਜਿਲ੍ਹੇ ਦੇ ਸਮੂਹ ਸਾਇੰਸ ਅਤੇ ਗਣਿਤ ਵਿਸ਼ਿਆਂ ਦੇ ਲੈਕਚਰਾਰਾਂ ਅਤੇ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਸ਼ੁਰੂ ਕੀਤੇ ਇਸ ਨਵੇਂ ਉਪਰਾਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਾਇੰਸ ਵਿਸ਼ਿਆਂ ਦੇ ਜ਼ਿਲ੍ਹਾ ਮੈਂਟਰ ਪ੍ਰਿੰਸੀਪਲਾਂ ਅਤੇ ਰਿਸੋਰਸ ਪਰਸਨ ਲੈਕਚਰਾਰਾਂ ਵੱਲੋਂ ਵਿਦਿਆਰਥੀਆਂ ਨੂੰ ਉਡਾਣ ਟੈਸਟ ਸੀਰੀਜ਼ ਹੱਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਬੱਡੀ ਗਰੁੱਪਾਂ ਦੀ ਮੱਦਦ ਨਾਲ ਇਹਨਾਂ ਵਿਸ਼ਿਆਂ ਦੇ ਸਾਰੇ ਲੈਕਚਰਾਰ ਸਹਿਬਾਨ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਭੇਜੀਆਂ ਜਾਣ ਵਾਲੀਆਂ ਸਾਰੀਆਂ ਸ਼ੀਟਾਂ ਦੇ ਪ੍ਰਸ਼ਨਾਂ ਦੀ ਚੰਗੀ ਤਰ੍ਹਾਂ ਤਿਆਰੀ ਕਰਵਾਉਣ ਤਾਂ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵੱਧ ਤੋਂ ਵੱਧ ਵਿਦਿਆਰਥੀ ਇਨ੍ਹਾਂ ਮੁਕਾਬਲਿਆਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾ ਕੇ ਆਪਣਾ ਭਵਿੱਖ ਬਿਹਤਰ ਬਣਾ ਸਕਣ।ਵਿਭਾਗ ਦੇ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਕਿਹਾ ਕਿ ਵਿਭਾਗ ਦਾ ਇਹ ਉਪਰਾਲਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚੋਂ ਸਫਲਤਾ ਪ੍ਰਾਪਤ ਕਰਨ ਦੇ ਸਮਰੱਥ ਬਣਾਏਗਾ