ਅਸ਼ੋਕ ਵਰਮਾ, ਬਠਿੰਡਾ,26 ਅਕਤੂਬਰ2020
ਬਠਿੰਡਾ ਪੁਲਿਸ ਦੇ ਸਪੈਸ਼ਲ ਸਟਾਫ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਰਾਜਸਥਾਨ ਨਾਲ ਸਬੰਧਤ ਗੈਂਗਸਟਰ ਜਾਰਡਨ ਗਰੁੱਪ ਦੇ ਚਾਰ ਗੈਂਗਸਟਰਾਂ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਜਿਹਨਾਂ ’ਚ ਬੀ ਕੈਟਾਗਰੀ ਦਾ ਇੱਕ ਗੈਂਗਸਟਰ ਵੀ ਸ਼ਾਮਲ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਗਿ੍ਰਫਤਾਰੀਆਂ ਨਾਲ ਤਿਉਹਾਰਾਂ ਮੌਕੇ ਬਠਿੰਡਾ ਖਿੱਤੇ ’ਚ ਕਿਸੇ ਵੱਡੀ ਵਾਰਦਾਤ ਤੋਂ ਬਚਾਅ ਹੋ ਗਿਆ ਹੈ।
ਬਠਿੰਡਾ ਰੇਂਜ ਦੇ ਆਈਜੀ ਜਸਕਰਨ ਸਿੰਘ,ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਅਤੇ ਐਸਪੀ ਡੀ ਗੁਰਵਿੰਦਰ ਸਿੰਘ ਸੰਘਾ ਨੇ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਨੂੰ ਮਿਲੀ ਇਸ ਸਫਲਤਾ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੂੰਘਾਈ ਨਾਲ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਆਈਜੀ ਨੇ ਦੱਸਿਆ ਕਿ ਤਿਉਹਾਰਾਂ ਦੀ ਆਮਦ ਕਾਰਨ ਮੁਸਤੈਦ ਚੱਲ ਰਹੀ ਸਪੈਸ਼ਲ ਸਟਾਫ ਦੇ ਥਾਣੇਦਾਰ ਰਾਜਵਿੰਦਰ ਸਿੰਘ ਮਲੋਟ ਰੋਡ ਤੇ ਗਸ਼ਤ ਕਰ ਰਹੇ ਸਨ ਤਾਂ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਨੋਜ ਕੁਮਾਰ ਉਫ ਗੱਬਰ ਪੁੱਤਰ ਮੋਹਨ ਲਾਲ ਵੀਸੀ ਸ੍ਰੀ ਗੰਗਾਨਗਰ,ਰਵਿੰਦਰ ਸਿੰਘ ਰਵੀ ਤੇ ਅਕਾਸ਼ ਪੁੱਤਰਾਨ ਕੈਲਾਸ਼ ਸਿੰਘ ਵਾਸੀ ਜੋਧਪੁਰ ਅਤੇ ਜਗਦੀਪ ਸਿੰਘ ਸੋਨੀ ਪੁੱਤਰ ਜੱਗਾ ਸਿੰਘ ਵਾਸੀ ਤੁੰਗਵਾਲੀ ਥਾਣਾ ਨਥਾਣਾ ਬਠਿੰਡਾ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ।
ਇਹ ਗਿਰੋਹ ਬਿਨਾਂ ਨੰਬਰ ਵਾਲੀ ਕਾਰ ’ਚ ਅਸਲੇ ਸਮੇਤ ਕਿਸੇ ਲੁੱਟ ਖੋਹ ਵਰਗੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਪੁਲਿਸ ਨੇ ਚਾਰਾਂ ਮੁਲਜਮਾਂ ਨੂੰ ਟਰਾਂਸਪੋਰਟ ਨਗਰ ਲਾਗਿਓਂ ਦਬੋਚ ਲਿਆ ਜਦੋਂਕਿ ਇਹਨਾਂ ਦੇ ਦੋ ਸਾਥੀ ਫਰਾਰ ਹੋਣ ’ਚ ਕਾਮਯਾਬ ਹੋ ਗਏ ਜਿਹਨਾਂ ਦਾ ਪਤਾ ਲਾਇਆ ਜਾ ਰਿਹਾ ਹੈ।
ਪੁਲਿਸ ਨੇ ਮੁਲਜਮਾਂ ਕੋਲੋਂ ਪੰਜ 32 ਬੋਰ ਦੇ ਪਿਸਤੌਲ ਅਤੇ 25 ਕਾਰਤੂਸਾਂ ਤੋਂ ਇਲਾਵਾ 2 ਦੇਸੀ ਕੱਟੇ 315 ਬੋਰ ਤੇ 10 ਕਾਰਤੂਸ,1 ਪਿਸਤੌਲ ਦੇਸੀ 12 ਬੋਰ ਤੇ ਪੰਜ ਕਾਰਤੂਸ ਅਤੇ ਬਿਨਾਂ ਨੰਬਰ ਵਾਲੀ ਸੈਵਰਲੇਟ ਗੱਡੀ ਬਰਾਮਦ ਕੀਤੀ ਹੈ। ਉਹਨਾਂ ਦੱਸਿਆ ਕਿ ਅਸਲ ’ਚ ਮੁਲਜਮ ਇਲਾਕੇ ’ਚ ਰੇਕਕੀ ਕਰਨ ਦੇ ਮੰਤਵ ਨਾਲ ਆਏ ਸਨ ਤਾਂ ਜੋ ਕੋਈ ਵੱਡੀ ਵਾਰਦਾਤ ਕੀਤਾ ਜਾ ਸਕੇ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਇਹਨਾਂ ਨੂੰ ਦਬੋਚ ਲਿਆ।ਆਈਜੀ ਨੇ ਦੱਸਿਆ ਕਿ ਮੁਲਜਮਾਂ ਖਿਲਾਫ ਪਹਿਲਾਂ ਵੀ ਲੁੱਟਾਂ ਖੋਹਾਂ,ਇਰਾਦਾ ਕਤਲ ਅਤੇ ਲੜਾਈਆਂ ਝਗੜੇ ਦੇ ਮੁਕੱਦਮੇ ਦਰਜ ਹਨ। ਮਨੋਜ ਕੁਮਾਰ ਬੀ ਕੈਟਾਗਰੀ ਦਾ ਗੈਂਗਸਟਰ ਹੈ ਜਿਸ ਖਿਲਾਫ 15 ਕੇਸ ਦਰਜ ਹਨ। ਜਗਦੀਪ ਸਿੰਘ ਉਰਫ ਸੋਨੀ ਖਿਲਾਫ 4,ਰਵਿੰਦਰ ਖਿਾਫ ਦੋ ਅਤੇ ਅਕਾਸ਼ ਖਿਲਾਫ 1 ਪੁਲਿਸ ਕੇਸ ਦਰਜ ਹੈ।