ਤਿਉਹਾਰਾਂ ਦੇ ਸੀਜਨ ਦੀ ਸ਼ੁਰੂਆਤ ‘ਚ ਹੀ ਆਬਕਾਰੀ ਅਤੇ ਪੁਲਿਸ ਮਹਿਕਮੇਂ ਨੇ ਵਿੱਢੀ ਸਾਂਝੀ ਮੁਹਿੰਮ
3 ਦਿਨਾਂ ‘ਚ , 3 ਥਾਣਿਆਂ ਵਿੱਚ 4 ਦੋਸ਼ੀਆਂ ਖਿਲਾਫ ਕਾਰਵਾਈ, 300 ਲੀਟਰ ਲਾਹਣ, 10 ਬੋਤਲਾਂ ਘਰ ਦੀ ਕੱਢੀ ਸ਼ਰਾਬ ਅਤੇ ਹਰਿਆਣਾ ਤੋਂ ਲਿਆਂਦੀ ਸ਼ਰਾਬ ਦੀਆਂ 49 ਬੋਤਲਾਂ ਬਰਾਮਦ
ਹਰਿੰਦਰ ਨਿੱਕਾ ਬਰਨਾਲਾ 14 ਅਕਤੂਬਰ 2020
ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ ਅਤੇ ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਦੇ ਸਹਿਯੋਗ ਨਾਲ ਸਹਇਕ ਕਮਿਸ਼ਨਰ(ਆਬਕਾਰੀ) ਸ੍ਰੀ ਚੰਦਰ ਮਹਿਤਾ ਵੱਲੋੋਂ ਤਿਉਹਾਰਾਂ ਅਤੇ ਵਿਆਹਾਂ ਦੇ ਸੀਜਨ ਦੇ ਮੱਦੇਨਜਰ ਬਾਹਰਲੇ ਰਾਜਾਂ ਤੋਂ ਸਮੱਗਲ ਹੋ ਕੇ ਆ ਰਹੀ ਸ਼ਰਾਬ ਨੂੰ ਰੋਕਣ ਲਈ ਇਕ ਵਿਸ਼ੇਸ਼ ਮੁਹਿਮ ਚਲਾਈ ਗਈ ਹੈ। ਸ੍ਰੀ ਮਹਿਤਾ ਨੇ ਦੱਸਿਆ ਕਿ ਜਿਲੇ ਦੇ ਜਿਨ੍ਹਾਂ ਪਿੰਡਾਂ ਦੇ ਲੋਕ ਨਜਾਇਜ ਢੰਗ ਨਾਲ ਦੇਸੀ ਸ਼ਰਾਬ ਕੱਢ ਕੇ ਵੇਚਣ ਦੇ ਆਦੀ ਹਨ, ਉਨ੍ਹਾਂ ਪਿੰਡਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪਿਛਲੇ ਤਿੰਨ ਦਿੰਨਾਂ ਵਿਚ ਚੈਕਿੰਗ ਦੌਰਾਨ ਪੁਲਿਸ ਅਤੇ ਆਬਕਾਰੀ ਵਿਭਾਗ ਵੱਲੋੋਂ ਵੱਖ-ਵੱਖ ਥਾਣਿਆਂ ਵਿਚ 4 ਕੇਸ ਦਰਜ਼ ਕੀਤੇ ਗਏ ਹਨ। ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ।
ਦਰਜ਼ ਕੇਸਾਂ ਦਾ ਵੇਰਵਾ :-
1 ਬਰਨਾਲਾ ਸਿਟੀ—1 ਪਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸੰਘੇੜਾ 25 ਬੋਤਲਾਂ (ਹਰਿਆਣਾ)
2 ਬਰਨਾਲਾ ਸਿਟੀ—1 ਬਲਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬਰਨਾਲਾ 24 ਬੋਤਲਾਂ (ਹਰਿਆਣਾ)
3 ਧਨੌਲਾ- ਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਕੋਟਦੁੱਨਾਂ 100 ਲੀਟਰ ਲਾਹਣ ਅਤੇ 10 ਬੋਤਲਾਂ ਨਜਾਇਜ ਸ਼ਰਾਬ।
4 ਧਨੌਲਾ – ਜ਼ੋਰਾਵਰ ਸਿੰਘ ਉਰਫ ਕਾਲਾ ਪੁੱਤਰ ਗੁਰਦਿਆਲ ਸਿੰਘ ਵਾਸੀ ਕੋਟਦੁੱਨਾਂ 200 ਲੀਟਰ ਲਾਹਣ।
ਗੁਆਂਢੀ ਸੂਬਿਆਂ ਦੀ ਸ਼ਰਾਬ ਫੜ੍ਹੀ ਗਈ ਤਾਂ ,,,,,,
ਜਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ, ਕਿ ਜੇਕਰ ਕਿਸੇ ਵੀ ਵਿਅਕਤੀ ਕੋਲੋਂ ਕਿਸੇ ਬਾਹਰਲੇ ਰਾਜ ਦੀ ਸ਼ਰਾਬ ਫੜ੍ਹੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਆਬਕਾਰੀ ਐਕਟ ਅਧੀਨ 2 ਲੱਖ ਰੁਪਏ ਜੁਰਮਾਨਾ ਜਾਂ ਸਜ਼ਾ ਵੀ ਹੋ ਸਕਦੀ ਹੈ। ਇਸ ਤੋੋਂ ਇਲਾਵਾ ਕਿਸੇ ਅਣਅਧਿਕਾਰਤ ਜਗ੍ਹਾ ਤੋਂ ਖਰੀਦ ਕੀਤੀ ਗਈ ਸ਼ਰਾਬ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਜਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਮੁਹਿਮ ਅੱਗੇ ਵੀ ਜ਼ਾਰੀ ਰੱਖਣ ਦਾ ਦਾਅਵਾ ਕੀਤਾ ਗਿਆ ਹੈ ਤਾਂ ਜੋ ਸਰਕਾਰੀ ਮਾਲੀਏ ਅਤੇ ਲੋਕਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦੇ ਜਾਨੀ ਨੁਕਸਾਨ ਨੂੰ ਰੋਕਣ ਲਈ ਪ੍ਰਸ਼ਾਸ਼ਨ ਕੋਈ ਕਸਰ ਨਹੀਂ ਛੱਡੂਗਾ।