ਕਿਹਾ , ਲੋਕ ਬੀਹਲਾ ਵਰਗੇ ਫਸਲੀ ਬਟੇਰਿਆਂ ਦੀਆਂ ਗੱਲਾਂ ਵਿੱਚ ਨਹੀਂ ਆਉਂਦੇ
ਹਰਿੰਦਰ ਨਿੱਕਾ ਬਰਨਾਲਾ 14 ਅਕਤੂਬਰ 2020
ਨਾ 3 ‘ਚ ਨਾ 13 ‘ਚ , ਨਾ ਦੁੱਕੀ ਵਾਲੇ ਬੇਰਾਂ ਵਿੱਚ, ਅਜਿਹੀ ਹਾਲਤ ਕੁਝ ਮਹੀਨੇ ਪਹਿਲਾਂ ਸ੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋਏ ਦਵਿੰਦਰ ਸਿੰਘ ਬੀਹਲਾ ਦੀ ਬਣੀ ਹੋਈ ਹੈ। ਜਿਸ ਨੂੰ ਨਾ ਪਾਰਟੀ ਨੇ ਕੋਈ ਅਹੁਦਾ ਦਿੱਤਾ ਅਤੇ ਨਾ ਹੀ ਕਦੇ ਉਸ ਨੂੰ ਲੋਕਾਂ ਨੇ ਆਪਣਾ ਨੁਮਾਇੰਦਾ ਚੁਣਿਆ ਹੈ। ਇਹ ਤਿੱਖੀ ਪ੍ਰਤੀਕ੍ਰਿਆ ਨਗਰ ਸੁਧਾਰ ਟਰਸਟ ਬਰਨਾਲਾ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ ਨੇ ਦਵਿੰਦਰ ਸਿੰਘ ਬੀਹਲਾ ਵੱਲੋਂ ਦੋ ਦਿਨ ਪਹਿਲਾਂ ਨਗਰ ਕੌਂਸਲ ਬਰਨਾਲਾ ਦੀ ਕਾਰਗੁਜਾਰੀ ਤੇ ਕੀਤੀ ਬਿਆਨਬਾਜੀ ਤੇ ਪ੍ਰਗਟ ਕੀਤੀ। ਮੱਖਣ ਸ਼ਰਮਾ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਕਾਫੀ ਸਮਾਂ ਪਹਿਲਾਂ ਅਲਾਟ ਟੈਂਡਰਾਂ ਅਤੇ ਹੋਰ ਬੇਨਿਯਮੀਆਂ ਬਾਰੇ ਬੀਹਲਾ ਨੇ ਉਹੀ ਗੱਲਾਂ ਕਹੀਆਂ ਹਨ, ਜਿਹੜੀਆਂ ਕਰੀਬ 2 ਮਹੀਨੇ ਪਹਿਲਾਂ ਮੀਡੀਆ ਦੀਆਂ ਸੁਰਖੀਆਂ ਬਣ ਚੁੱਕੀਆਂ ਹਨ। ਉਨਾਂ ਕਿਹਾ ਕਿ ਪੁਰਾਣੇ ਮੁੱਦੇ ਮੀਡੀਆ ਵਿੱਚ ਉਠਾ ਕੇ ਬੀਹਲਾ ਬਰਨਾਲਾ ਇਲਾਕੇ ਅੰਦਰ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦਾ ਹੈ, ਜਦੋਂ ਕਿ ਲੋਕ ਚੰਗੀ ਤਰਾਂ ਸਮਝਦੇ ਹਨ ਕਿ ਦਵਿੰਦਰ ਬੀਹਲਾ ,ਵਿਦੇਸ਼ੀ ਪੰਛੀਆਂ ਦੀ ਤਰਾਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਬਰਨਾਲਾ ਇਲਾਕੇ ਵਿੱਚ ਸਰਗਰਮੀ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗਿਆ ਹੋਇਆ ਹੈ।
ਸ਼ਰਮਾ ਨੇ ਦਵਿੰਦਰ ਬੀਹਲਾ ਨੂੰ ਕਿਹਾ ਕਿ ਦਵਿੰਦਰ ਬੀਹਲਾ ਉਸ ਅਕਾਲੀ ਦਲ ਬਾਦਲ ਦਾ ਝੰਡਾ ਚੁੱਕ ਕੇ ਫਿਰਦਾ ਹੈ, ਜਿਸ ਨੂੰ ਪੰਜਾਬ ਦੇ ਲੋਕਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ , ਬਰਗਾੜੀ ਕਾਂਡ ਅਤੇ ਚਿੱਟੇ ਦੀ ਵਧੀ ਸਮਗਲਿੰਗ ਕਾਰਣ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਹੀ ਬੁਰੀ ਤਰਾਂ ਰੱਦ ਕਰ ਦਿੱਤਾ ਸੀ। ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਸੱਤਾ ਤੇ 10 ਲਗਾਤਾਰ ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਨੂੰ ਲੋਕਾਂ ਨੇ ਸੱਤਾ ਤੋਂ ਦੂਰ ਕਰਕੇ ਮੁੱਖ ਵਿਰੋਧੀ ਧਿਰ ਵਿੱਚ ਬੈਠਣ ਜੋਗ ਵੀ ਨਹੀਂ ਸੀ ਛੱਡਿਆ। ਹੁਣ ਵੀ ਲੋਕ ਬੀਹਲਾ ਵਰਗੇ ਫਸਲੀ ਬਟੇਰਿਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ। ਉਨਾਂ ਕਿਹਾ ਕਿ ਇਲਾਕੇ ਦੇ ਲੋਕ ਵਿਕਾਸ ਪੁਰਸ਼ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਤੇ ਅੱਜ ਵੀ ਯਕੀਨ ਕਰਦੇ ਹਨ। ਲੋਕ ਚੰਗੀ ਤਰਾਂ ਜਾਣਦੇ ਹਨ ਕਿ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਨੂੰ ਜਿਲ੍ਹਾ ਬਣਾਇਆ, ਰਿਕਾਰਡ ਤੋੜ ਵਿਕਾਸ ਦੇ ਕੰਮ ਕੀਤੇ ਹਨ। ਉਹ ਗੱਲਾਂ ਜਾਂ ਫੋਕੀ ਬਿਆਨਬਾਜੀ ਨਹੀਂ, ਕੰਮ ਕਰਨ ਨੂੰ ਹੀ ਤਰਜੀਹ ਦਿੰਦੇ ਹਨ।
ਬੀਹਲਾ ਨੂੰ ਨਗਰ ਕੌਂਸਲ ਦੀ ਏ.ਬੀ.ਸੀ. ਪਤਾ ਨਹੀਂ
ਮੱਖਣ ਸ਼ਰਮਾ ਨੇ ਕਿਹਾ ਕਿ ਦਵਿੰਦਰ ਸਿੰਘ ਬੀਹਲਾ ਨੂੰ ਤਾਂ ਨਗਰ ਕੌਂਸਲ ਦੇ ਕੰਮਾਂ ਦੀ ਏ.ਬੀ.ਸੀ ਵੀ ਪਤਾ ਨਹੀਂ ਹੈ। ਉਸ ਨੇ ਤਾਂ ਉਹੀ ਗੱਲਾਂ ਕੀਤੀਆਂ ਹਨ, ਜਿਹੜੀਆਂ ਕੁਝ ਸਮਾਂ ਪਹਿਲਾਂ ਹੀ ਹੋ ਚੁੱਕੀਆਂ ਹਨ। ਮੱਖਣ ਸ਼ਰਮਾ ਨੇ ਕਿਹਾ ਕਿ ਕਿੰਨ੍ਹਾਂ ਚੰਗਾ ਹੁੰਦਾ, ਜੇਕਰ ਦਵਿੰਦਰ ਸਿੰਘ ਬੀਹਲਾ ਅਕਾਲੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਅਤੇ ਹੋਰ ਅਕਾਲੀ ਕੌਂਸਲਰਾਂ ਨੂੰ ਆਪਣੇ ਨਾਲ ਲੈ ਕੇ ਪ੍ਰੈਸ ਕਾਨਫਰੰਸ ਕਰਦਾ। ਸ਼ਰਮਾ ਨੇ ਉਲਟਾ ਅਕਾਲੀਆਂ ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਬੀਹਲਾ ਨੂੰ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਰਹੇ ਸੰਜੀਵ ਸ਼ੋਰੀ ਦੇ ਕਾਰਜਕਾਲ ਦੌਰਾਨ ਹੋਏ ਘਪਲਿਆਂ ਤੇ ਬੇਨਿਯਮੀਆਂ ਬਾਰੇ ਖੁਲਾਸਾ ਕਰਨਾ ਚਾਹੀਦਾ ਸੀ। ਪਰੰਤੂ ਉਨਾਂ ਅਜਿਹਾ ਨਾ ਕਰਕੇ ਆਪਣੀ ਪਾਰਟੀ ਦੇ ਆਗੂ ਦੀਆਂ ਬੇਨਿਯਮੀਆਂ ਤੇ ਪਰਦਾ ਪਾ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ।
ਬੀਹਲਾ ਬੋਲ ਰਿਹਾ ਕਾਂਗਰਸ ਦੀਆਂ ਕਾਲੀਆਂ ਭੇਡਾਂ ਦੀ ਬੋਲੀ
ਮੱਖਣ ਸ਼ਰਮਾ ਨੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਕਿ ਦਵਿੰਦਰ ਸਿੰਘ ਬੀਹਲਾ ਕਾਂਗਰਸ ਦੀਆਂ ਕੁਝ ਕਾਲੀਆਂ ਭੇਡਾਂ ਦੀ ਬੋਲੀ ਬੋਲ ਰਿਹਾ ਹੈ। ਜਿਹੜੀਆਂ ਹਮੇਸ਼ਾ ਕਾਂਗਰਸ ਨੂੰ ਕਮਜ਼ੋਰ ਕਰਕੇ ਅਕਾਲੀ ਦਲ ਦੇ ਸਿਰਮੌਰ ਆਗੂਆਂ ਦੇ ਤਲੂਏ ਚੱਟਦੀਆਂ ਰਹੀਆਂ ਹਨ। ਉਨਾਂ ਕਿਹਾ ਕਿ ਅਜਿਹੇ ਆਗੂ ਅਕਾਲੀ ਦਲ ਦੇ ਨਾਮ ਨਿਹਾਦ ਆਗੂ ਬੀਹਲਾ ਨਾਲ ਮਿਲ ਕੇ ਕਾਂਗਰਸ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾ ਘੜ ਰਹੇ ਹਨ । ਉਨਾਂ ਕਿਹਾ ਕਿ ਕਾਂਗਰਸ ਦਾ ਬੁਰਕਾ ਪਹਿਣ ਕੇ ਪਾਰਟੀ ਨੂੰ ਕਮਜ਼ੋਰ ਕਰਨ ਤੇ ਲੱਗੇ ਕੁਝ ਆਗੂਆਂ ਨੂੰ ਪਾਰਟੀ ‘ਚੋਂ ਕੱਢਣ ਲਈ ਉਹ ਸਰਦਾਰ ਕੇਵਲ ਸਿੰਘ ਢਿੱਲੋਂ ਨੂੰ ਅਪੀਲ ਕਰਨਗੇ। ਇਸ ਮੌਕੇ ਜਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਸਰਬਜੀਤ ਕੌਰ ਖੁੱਡੀ ਕਲਾਂ, ਮਾਰਕੀਟ ਕਮੇਟੀ ਦੇ ਚੇਅਰਮੈਨ ਅਸ਼ੋਕ ਮਿੱਤਲ, ਕਾਂਗਰਸ ਦੇ ਜਿਲ੍ਹਾ ਸਕੱਤਰ ਹਰਵਿੰਦਰ ਸਿੰਘ ਚਹਿਲ, ਯੂਥ ਆਗੂ ਜੌਂਟੀ ਮਾਨ, ਬਲਾਕ ਪ੍ਰਧਾਨ ਸਤੀਸ਼ ਜੱਜ,, ਕ੍ਰਿਸ਼ਨ ਚੰਣਨਵਾਲੀਆ, ਸ਼ਹਿਰੀ ਪ੍ਰਧਾਨ ਮਨੀਸ਼ ਕਾਕਾ, ਯੂਥ ਆਗੂ ਜੱਗਾ ਸਿੰਘ ਸੰਧੂ, ਯੂਥ ਕਾਂਗਰਸ ਦੇ ਜਿਲ੍ਹਾ ਵਾਈਸ ਪ੍ਰਧਾਨ ਡਿੰਪਲ ਉਪਲੀ, ਮਹਿਲਾ ਕਾਂਗਰਸ ਦੀ ਜਿਲ੍ਹਾ ਮੀਤ ਪ੍ਰਧਾਨ ਹਰਵਿੰਦਰ ਕੌਰ, ਯੂਥ ਕਾਂਗਰਸ ਵਿਧਾਨ ਸਭਾ ਹਲਕਾ ਬਰਨਾਲਾ ਦੇ ਪ੍ਰਧਾਨ ਵਿੱਕੀ ਢੋਲੀ ਆਦਿ ਆਗੂਆਂ ਨੇ ਵੀ ਦਵਿੰਦਰ ਬੀਹਲਾ ਦੇ ਬਿਆਨ ਦੀ ਸਖਤ ਨਿੰਦਿਆ ਕੀਤੀ।