ਸ਼ੱਕੀ ਹਾਲਤ ‘ਚ ਕੀਤੀ ਆਤਮ ਹੱਤਿਆ, ਕਾਰਣਾਂ ਦੀ ਜਾਂਚ ਵਿੱਚ ਲੱਗੀ ਪੁਲਿਸ
ਰਘਵੀਰ ਹੈਪੀ ਬਰਨਾਲਾ 11 ਅਕਤੂਬਰ 2020
ਰਾਤ ਨੂੰ ਜਿਲ੍ਹਾ ਕਚਿਹਰੀਆਂ ਦੀ ਰਾਖੀ ਲਈ ਤਾਇਨਾਤ ਕੋਰਟ ਦੇ ਚੌਂਕੀਦਾਰ ਪਰਮਿੰਦਰ ਸਿੰਘ ਉਮਰ ਕਰੀਬ 42 ਕੁ ਸਾਲ ਨੇ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਕਿਸੇ ਸਮੇਂ ਸ਼ੱਕੀ ਹਾਲਤਾਂ ਵਿੱਚ ਆਪਣੇ ਕਮਰੇ ‘ਚ ਲੱਗੇ ਛੱਤ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪਰਿਵਾਰ ਦੇ ਮੈਂਬਰਾਂ ਨੂੰ ਘਟਨਾ ਬਾਰੇ ਸਵੇਰੇ ਕਰੀਬ 7:30 ਕੁ ਵਜੇ ਉਦੋਂ ਪਤਾ ਲੱਗਿਆ, ਜਦੋਂ ਚੌਂਕੀਦਾਰ ਦਾ ਬੇਟਾ ਰੋਜਾਨਾ ਦੀ ਤਰਾਂ ਉਸ ਦੀ ਚਾਹ ਲੈ ਕੇ ਕੋਰਟ ‘ਚ ਪਹੁੰਚਿਆ। ਆਪਣੇ ਪਿਤਾ ਨੂੰ ਪੱਖੇ ਨਾਲ ਲਟਕਦਾ ਵੇਖ ਕੇ ਉਸ ਦੇ ਪੈਰਾਂ ਹੇਠੋਂ ਜਮੀਨ ਨਿੱਕਲ ਲਈ। ਇਸ ਘਟਨਾ ਦੀ ਸੂਚਨਾ ਉਸ ਨੇ ਤੁਰੰਤ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਪੁਲਿਸ ਨੂੰ ਦਿੱਤੀ।
ਸੂਚਨਾ ਮਿਲਦਿਆਂ ਹੀ ਥਾਣਾ ਸਿਟੀ-2 ਦੀ ਪੁਲਿਸ ਨੇ ਕੋਰਟ ‘ਚ ਬਖਸ਼ੀਖਾਨੇ ਦੇ ਨੇੜੇ ਬਣੇ ਚੌਂਕੀਦਾਰ ਦੇ ਕਮਰੇ ਵਿੱਚ ਮੌਕਾ ਮੁਆਇਨਾ ਕਰ ਕੇ ਲਾਸ਼ ਐਂਬੂਲੈਂਸ ਰਾਹੀਂ ਅਗਲੀ ਕਾਨੂੰਨੀ ਕਾਰਵਾਈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਭੇਜ ਦਿੱਤੀ। ਮੌਕੇ ਤੇ ਪਹੁੰਚੇ ਪਰਿਵਾਰ ਦੇ ਮੈਂਬਰਾਂ ਅਨੁਸਾਰ ਪਰਮਿੰਦਰ ਸਿੰਘ ਸ਼ਨੀਵਾਰ ਰਾਤ ਕਰੀਬ 8 ਕੁ ਵਜੇ ਘਰੋਂ ਰੋਟੀ ਲੈ ਕੇ ਕੋਰਟ ਵਿੱਚ ਆਪਣੀ ਡਿਊਟੀ ਤੇ ਪਹੁੰਚਿਆ। ਉਨਾਂ ਦੱਸਿਆ ਕਿ ਨਾ ਤਾਂ ਘਰ ਵਿੱਚ ਹੀ ਕੋਈ ਕਲੇਸ਼ ਸੀ ਅਤੇ ਨਾ ਹੀ ਡਿਊਟੀ ਤੇ ਡਿਪਾਰਟਮੈਂਟ ਦੀ ਕੋਈ ਪ੍ਰੇਸ਼ਾਨੀ । ਉਨਾਂ ਦੱਸਿਆ ਕਿ ਕਾਫੀ ਸਮੇਂ ਤੋਂ ਪਰਮਿੰਦਰ ਸਿੰਘ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਜਰੂਰ ਸੀ ਅਤੇ ਮਾਨਸਿਕ ਤੌਰ ਦੇ ਕਾਫੀ ਪ੍ਰੇਸ਼ਾਨ ਵੀ ਰਹਿੰਦਾ ਸੀ। ਪਰੰਤੂ ਇਹ ਗੱਲ ਖੁਦ ਉਨਾਂ ਨੂੰ ਵੀ ਸਮਝ ਨਹੀਂ ਆ ਰਹੀ ਕਿ ਆਖਿਰ ਉਸ ਨੇ ਆਤਮ ਹੱਤਿਆ ਦਾ ਕਦਮ ਕਿਉਂ ਚੁੱਕ ਲਿਆ। ਕੇਸ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਤਫਤੀਸ਼ ਜਾਰੀ ਹੈ, ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਤੇ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।