BTN ਤਪਾ 10 ਅਕਤੂਬਰ, 2020
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਵੱਲੋਂ ਪਿੰਡ ਢਿੱਲਵਾਂ (ਬਰਨਾਲਾ) ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੀ ਅਸਲ ਜ਼ਿੰਦਗੀ ਦੀ ਤਸਵੀਰ ਪੇਸ਼ ਕਰਦੀ ਰਾਜੀਵ ਕੁਮਾਰ ਦੁਆਰਾ ਨਿਰਦੇਸ਼ਿਤ ਕੀਤੀ ਇਨਕਲਾਬੀ ਫ਼ਿਲਮ ‘ਸੀਰੀ’ ਦਿਖਾਈ ਗਈ। ਫਿਲਮ ਨਾਲ ਜੁੜਿਆ ਇੱਕ ਮਹੱਤਵਪੂਰਨ ਪੱਖ ਇਹ ਹੈ ਕਿ ਫਿਲਮ ਨੂੰ ਮੁਨਾਫ਼ੇ ਦੇ ਲਈ ਸਿਨੇਮਾ ਵਿੱਚ ਰਿਲੀਜ਼ ਨਹੀਂ ਕੀਤਾ ਗਿਆ, ਕਿਉਂਕਿ ਜਿਨ੍ਹਾਂ ਮਜ਼ਦੂਰਾਂ ਕਿਸਾਨਾਂ ਲਈ ਇਹ ਫਿਲਮ ਬਣਾਈ ਗਈ ਹੈ, ਉਹ ਸਿਨੇਮਾ ਤੱਕ ਪਹੁੰਚ ਨਹੀਂ ਕਰ ਸਕਦੇ। ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦਾ ਇਹ ਉਪਰਾਲਾ ਹੈ ਕਿ ਜੇਕਰ ਥੁੜਾਂ ਮਾਰੇ ਆਮ ਲੋਕ ਅੱਜ ਸਿਨੇਮਾ ਤੱਕ ਪਹੁੰਚ ਨਹੀਂ ਕਰ ਸਕਦੇ ਤਾਂ ਯੂਨੀਅਨ ਆਮ ਲੋਕਾਂ ਤੱਕ ਸਿਨੇਮਾ ਲੈਕੇ ਜਾਵੇਗੀ।
ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਸੰਗੀਤ ਮੰਡਲੀ ਵੱਲੋਂ ‘ਇਨਕਲਾਬੀ ਗੀਤਾਂ ਨਾਲ ਕੀਤੀ ਗਈ।
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ ਤੇ ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ”ਜਦੋਂ ਪੰਜਾਬ ਅਤੇ ਕੇਂਦਰ ਸਰਕਾਰ ਅੱਜ ਮਜਦੂਰਾਂ ਕਿਸਾਨਾਂ ,ਵਿਦਿਆਰਥੀਆਂ ਅਤੇ ਬੇਰੁਜ਼ਗਾਰਾਂ ਦੇ ਖਿਲਾਫ ਨਿੱਤ ਨਵੇਂ ਲੋਕ ਵਿਰੋਧੀ ਕਾਨੂੰਨ ਲੈ ਕੇ ਆ ਰਹੀ ਹੈ। ਦੇਸ਼ ਦੇ ਕਿਸਾਨ ਖਾਸਕਰ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੜਕਾਂ ਉੱਤੇ ਹਨ। ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕੋਡੀਆਂ ਭਾਅ ਕਾਰਪੋਰੇਟ ਘਰਾਣਿਆ ਨੂੰ ਸੋਂਪਿਆ ਜਾ ਰਿਹਾ ਹੈ। ਮਜ਼ਦੂਰਾਂ ਦੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਮਜ਼ਦੂਰਾਂ ਦੇ ਕੰਮ ਦੇ ਘੰਟੇ ਵਧਾਏ ਜਾ ਰਹੇ ਹਨ।
ਕੇਂਦਰ ਸਰਕਾਰ ਦੀ ਨਵੀ ਸਿੱਖਿਆ ਨੀਤੀ ਮਜਦੂਰਾਂ ਅਤੇ ਕਿਸਾਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਬਿਲਕੁੱਲ ਹੀ ਵਾਂਝੇ ਕਰਨ ਦਾ ਹਥਕੰਡਾ ਹੈ । ਅਜਿਹੇ ਵਿੱਚ ਜਰੂਰਤ ਹੈ ਕਿ ਸ਼ਹੀਦ ਭਗਤ ਸਿੰਘ ਦਾ ਇਨਕਲਾਬੀ ਵਿਰਸਾ ਅਤੇ ਵਿਚਾਰਧਾਰਾ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਵੇ। ਉਹਨਾਂ ਦੱਸਿਆ ਕਿ ਫ਼ਿਲਮ ਕਿਸਾਨਾਂ ਮਜ਼ਦੂਰਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਖੁਦਕਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੰਦੀ ਹੈ।
ਬੁਲਾਰਿਆਂ ਨੇ ਹਰਿਆਣਾ ਵਿੱਚ ਖੇਤੀ ਆਰਡੀਨੈਂਸਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਹਰਿਆਣਾ ਪੁਲਿਸ ਵੱਲੋਂ ਲਾਠੀਚਾਰਜ ਕਰਨ,ਹਾਥਰਸ ਬਲਾਤਕਾਰ ਅਤੇ ਕਤਲ ਕਾਂਡ,ਬਠਿੰਡਾ ਜਿਲੇ ਦੇ ਪਿੰਡ ਹਮੀਰਗੜ੍ਹ ਵਿਚ ਆਰਥਿਕ ਥੁੜਾਂ ਵਿਚੋਂ ਗੁਜਰਦੇ ਦੇ ਇੱਕ ਦਿਹਾੜੀਦਾਰ ਵੱਲੋ ਬੱਚਿਆਂ ਸਮੇਤ ਕੀਤੀ ਖੁਦਕੁਸ਼ੀ ਲਈ ਸਿਸਟਮ ਦੋਸ਼ੀ ਆਖਦਿਆਂ ਸਖ਼ਤ ਨਿਖੇਧੀ ਕੀਤੀ।
ਫ਼ਿਲਮ ਉਪਰੰਤ ਇਨਕਲਾਬੀ ਨਾਹਰਿਆਂ, ਗੀਤਾਂ ਅਤੇ ਸਾਂਝੇ ਸੰਘਰਸ਼ਾਂ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।
ਸਟੇਜ ਸਕੱਤਰ ਦੀ ਭੂਮਿਕਾਂ ਮਨਜੀਤ ਸਿੰਘ ਨੇ ਬਾਖੂਬੀ ਨਿਭਾਈ ।
ਇਸ ਮੌਕੇ ਜਸਪ੍ਰੀਤ ਸਿੰਘ, ਅਰਸ਼ਦੀਪ ਸਿੰਘ ਆਦਿ ਤੋਂ ਇਲਾਵਾ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।