ਪੰਜਾਬ ਸਰਕਾਰ ਤੋਂ ਪਰਚੇ ਰੱਦ ਕਰਨ ਦੀ ਮੰਗ, ਮੰਗ ਪੂਰੀ ਨਾ ਹੋਣ ਤੇ ਸੰਘਰਸ਼ ਕਰਨ ਦੀ ਚਿਤਾਵਨੀ
ਹਰਿੰਦਰ ਨਿੱਕਾ 9 ਸਤੰਬਰ 2020
ਜਿਲ੍ਹਾ ਬਰਨਾਲਾ (09-09-2020) ਕੰਪਿਊਟਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਸ. ਗੁਰਵਿੰਦਰ ਸਿਘ ਤਰਨਤਾਰਨ ਅਤੇ ਜਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਦੀ ਅਗਵਾਈ ਵਿੱਚ ਪ੍ਰੈਸ ਬਿਆਨ ਜਾਰੀ ਕੀਤਾ ਗਿਆ। ਆਗੂਆ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਹੱਕੀ ਮੰਗਾਂ ਲਈ ਅਵਾਜ਼ ਉਠਾਉਣ ਵਾਲੇ ਕੰਪਿਊਟਰ ਅਧਿਆਪਕਾਂ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਕਪੂਰਥਲਾ ਅਤੇ ਫਰੀਦਕੋਟ ਵੱਲੋ ਝੂਠੇ ਪਰਚੇ ਦਰਜ ਕਰਕੇ ਨਿਰੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ।ਜੱਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਪਰਚੇ ਰੱਦ ਕਰਨ ਦੀ ਮੰਗ ਕੀਤੀ ਤੇ ਮੰਗ ਪੂਰੀ ਨਾ ਹੋਣ ਤੇ ਸਟੇਟ ਲੈਵਲ ਤੇ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਗਈ।
ਕੋਰੋਨਾ ਕਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਹਜਾਰਾਂ ਕਰਮਚਾਰੀਆਂ ਨੂੰ ਫਰੰਟ ਲਾਈਨ ਦੀ ਡਿਊਟੀ ਤੇ ਤੈਨਾਤ ਕੀਤਾ ਗਿਆ ਹੈ । ਪਰ ਇਹਨਾਂ ਦੀਆਂ ਮੁਸ਼ਕਲਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਹੈ। ਕੋਵਿਡ-19 ਦੀਆਂ ਡਿਊਟੀਆਂ ਵਿੱਚ ਸੈਂਕੜੇ ਕੰਪਿਊਟਰ ਅਧਿਆਪਕਾਂ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਕਿ ਇਕ ਪਾਸੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਹਿਲ ਦੇ ਆਧਾਰ ਤੇ ਕੰਪਿਊਟਰ ਆਪਰੇਟਰਾਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਜਿਲ੍ਹਾ ਸਿੱਖਿਆ ਦਫਤਰਾਂ ਵੱਲੋਂ ਸਿੱਖਿਆ ਵਿਭਾਗ ਦੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ, ਸਰਾਸਰ ਨਾਜਾਇਜ਼ ਢੰਗ ਨਾਲ ਅਧਿਆਪਕਾਂ ਨੂੰ ਡਾਟਾ ਐਟਰੀ ਆਪਰੇਟਰ ਬਣਾ ਕੇ ਡਿਊਟੀ ਤੇ ਧੱਕੇ ਨਾਲ ਹਾਜਰ ਕਰਵਾਇਆ ਜਾਂਦਾ ਹੈ। ਦੂਜੇ ਪਾਸੇ ਕੰਪਿੳਟਰ ਅਧਿਆਪਕਾਂ ਨੂੰ ਪ੍ਰਸ਼ਾਸ਼ਨ ਜਾਂ ਸਿੱਖਿਆ ਵਿਭਾਗ ਵੱਲੋਂ ਕੋਈ ਸਰਕਾਰੀ ਮੈਡੀਕਲ ਸੁਰੱਖਿਆ ਸਹੂਲਤਾਂ ਨਹੀਂ ਦਿੱਤੀ ਜਾ ਰਹੀ ।
ਸੀਨੀਅਰ ਆਗੂ ਅਵਤਾਰ ਸਿੰਘ ਨੇ ਦੱਸਿਆ ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲਾਂ ਦੀ ਆਨਲਾਈਨ ਸਿੱਖਿਆ ਦੀਆਂ ਉਪਲੱਭਧੀਆ ਦੇ ਦਾਅਵੇ ਖੋਖਲੇ ਹਨ । ਕਿਉਕਿ ਸਕੂਲ ਵਿੱਚ ਆਨਲਾਈਨ ਸਿੱਖਿਆ ਲਈ ਸਭ ਤੋਂ ਵੱਧ ਜਰੂਰੀ ਅਧਿਆਪਕਾਂ ਨੂੰ ਧੱਕੇ ਨਾਲ ਸਕੂਲਾਂ ਤੋਂ ਬਾਹਰ ਰੱਖਿਆ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਵਿੱਚ ਪ੍ਰਸ਼ਾਸ਼ਨ ਵੱਲੋਂ ਵੱਖ-ਵੱਖ ਕੋਵਿਡ ਸੈਂਟਰਾਂ ਵਿੱਚ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਬਿਨਾ ਕਿਸੇ ਮੁੱਢਲੇ ਸੁਰੱਖਿਆ ਸਾਧਨ (ਪੀ.ਪੀ.ਈ) ਉਪਲੱਬਧ ਕਰਵਾਏ 5-5 ਮਹੀਨੇ ਤੋਂ ਡਿਊਟੀਆਂ ਤੇ ਹਾਜਰ ਕਰਵਾਇਆ ਗਿਆ ਹੈ। ਡਿਊਟੀ ਦੌਰਾਨ ਵੱਖ-ਵੱਖ ਜ਼ਿਲਿਆਂ ਦੇ ਕਈ ਕੰਪਿਊਟਰ ਅਧਿਆਪਕ ਕੋਰੋਨਾ ਸੰਕ੍ਰਮਿਤ ਵੀ ਹੋ ਚੁੱਕੇ ਹਨ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਡਿਊਟੀ ਦੌਰਾਨ ਕੰਪਿਊਟਰ ਅਧਿਆਪਕ ਦੇ ਸੰਕ੍ਰਮਿਤ ਹੋਣ ਤੇ ਜਾਂ ਜਾਨੀ ਨੁਕਸਾਨ ਹੋਣ ਤੇ ਪੰਜਾਬ ਸਿਵਲ ਸੇਵਾ ਨਿਯਮ (ਸੀ.ਐੱਸ.ਆਰ), ਤਰਸ ਦੇ ਅਧਾਰ ਤੇ ਨੌਕਰੀ ਅਤੇ ਹੋਰ ਮੈਡੀਕਲ ਸੁਰੱਖਿਆ ਨਿਯਮਾਂ ਤਹਿਤ ਸਹੂਲਤਾਂ ਤੁਰੰਤ ਲਾਗੂ ਕਰੇ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਜਲਦ ਤੋਂ ਜਲਦ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਕੋਈ ਸਾਰਥਿਕ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਕੰਪਿਊਟਰ ਅਧਿਆਪਕ ਹਾਜਰ ਸਨ।