ਮਗਨਰੇਗਾ ਯੋਜ਼ਨਾ ‘ਚ ਵੱਡਾ ਘਪਲਾ-ਚਹੇਤਿਆਂ ਨੂੰ ਬਿਨਾਂ ਕੰਮ ਹੀ ਗੱਫੇ ,ਕੰਮ ਵਾਲਿਆਂ ਨੂੰ ਧੱਕੇ

Advertisement
Spread information

ਫਰਜੀ ਦਿਹਾੜੀਆਂ ਪਾ ਕੇ ਲਾਇਆ ਜਾ ਰਿਹਾ ਪੰਚਾਇਤ ਫੰਡਾਂ ਨੂੰ ਚੂਨਾ

ਪੱਖੋ ਕਲਾਂ ਦੇ ਮਗਨਰੇਗਾ ਮਜਦੂਰਾਂ ਨੇ ਡੀ.ਸੀ. ਨੂੰ ਸ਼ਕਾਇਤ ਦੇ ਕੇ ਮੰਗੀ ਜਾਂਚ


ਨਵਦੀਪ ਗਰਗ ਪੱਖੋਂ ਕਲਾਂ 31 ਅਗਸਤ 2020

                 ਲੋਕਾਂ ਦਾ ਨਹੀਂ ਦੁੱਧ ਵਿਕਦਾ, ਤੇਰਾ ਵਿਕਦਾ ਧੰਨ ਕੁਰੇ ਪਾਣੀ, ਮਕਬੂਲ ਪੰਜਾਬੀ ਗੀਤ ਦੇ ਇਹ ਬੋਲ , ਇੱਨੀਂ ਦਿਨੀਂ ਪੱਖੋ ਕਲਾਂ ਪਿੰਡ ‘ਚ ਮਗਨਰੇਗਾ ਯੋਜ਼ਨਾ ਰਾਹੀਂ ਪੰਚਾਇਤ ਫੰਡ ਨੂੰ ਲਾਏ ਜਾ ਰਹੇ ਚੂਨੇ ਤੇ ਪੂਰੇ ਢੁੱਕਦੇ ਹਨ। ਜਿੱਥੇ ਯੋਜ਼ਨਾ ਤਹਿਤ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਦੇ ਮਜਦੂਰਾਂ ਨੂੰ ਆਪਣੀ ਮਿਹਨਤ ਦਾ ਮੁੱਲ ਲੈਣ ਲਈ ਧੱਕੇ ਖਾਣੇ ਪੈ ਰਹੇ ਹਨ। ਜਦੋਂ ਕਿ ਦੂਜੇ ਬੰਨੇ ਕੁਝ ਪੰਚਾਇਤ ਮੈਂਬਰਾਂ ਦੇ ਚਹੇਤਿਆਂ ਨੂੰ ਫਰਜ਼ੀ ਦਿਹਾੜੀਆਂ ਪਾ ਕੇ ਪੰਚਾਇਤੀ ਫੰਡਾਂ ਨੂੰ ਡਕਾਰਿਆ ਜਾ ਰਿਹਾ ਹੈ। ਮਗਨਰੇਗਾ ਯੋਜਨਾ ਵਿੱਚ ਹੋ ਰਹੇ ਇਸ ਵੱਡੇ ਘਪਲੇ ਸਬੰਧੀ ਕੁਝ ਮਗਨਰੇਗਾ ਮਜਦੂਰਾਂ ਨੇ ਨਾਰੇਬਾਜੀ ਕਰਕੇ ਮਨਰੇਗਾ ਦੇ ਸੈਕਟਰੀ ਅਤੇ ਕੁਝ ਪੰਚਾਇਤੀ ਨੁਮਾਇੰਦਿਆਂ ‘ਤੇ ਗੰਭੀਰ ਦੋਸ਼ ਲਾਉਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਪੱਤਰ ਲਿਖ ਕੇ ਇਸ ਦੀ ਜਾਂਚ ਦੀ ਮੰਗ ਕੀਤੀ ਹੈ।

Advertisement

               ਬੀਰਬਲ ਸਿੰਘ ਪੁੱਤਰ ਬਲਦੇਵ ਸਿੰਘ, ਵੀਰਪਾਲ ਕੌਰ ਪਤਨੀ ਜਸਵੰਤ ਸਿੰਘ, ਕਰਮਜੀਤ ਕੌਰ , ਭੂਰਾ ਸਿੰਘ, ਜਸਪ੍ਰੀਤ ਕੌਰ ਆਦਿ ਨੇ ਦੱਸਿਆ ਕਿ ਪੰਚਾਇਤ ਵੱਲੋਂ ਮਗਨਰੇਗਾ ਮਜ਼ਦੂਰਾਂ ਨਾਲ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਆਪਣੇ ਚਹੇਤਿਆਂ ਦੀਆਂ ਘਰ ਬੈਠਿਆਂ ਦੀਆਂ ਫਰਜੀ ਦਿਹਾੜੀਆਂ ਪਾ ਕੇ ਪੰਚਾਇਤੀ ਫੰਡਾਂ ਨੂੰ ਚੂਨਾ ਲਾਇਆ ਜਾ ਰਿਹਾ ਅਤੇ ਦੂਜੇ ਪਾਸੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਪੈਸੇ ਦੇਣ ਲਈ ਟਾਲਮਟੋਲ ਕੀਤੀ ਜਾ ਰਹੀ ਹੈ । ਇੱਥੋਂ ਤੱਕ ਕੇ ਮਜ਼ਦੂਰਾਂ ਨੂੰ ਕੰਮ ਕਰਨ ਲਈ ਕੋਈ ਲੌੜੀਂਦਾ ਔਜਾਰ ਵੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ । ਕੰਮ ਕਰਨ ਲਈ ਵੀ ਮਜਦੂਰਾਂ ਨੂੰ ਦੂਰ ਦੁਰੇਡੇ ਜਾਣਾ ਪੈ ਰਿਹਾ ਹੈ। ਇਸ ਪੱਤਰਕਾਰ ਵੱਲੋਂ ਕੀਤੀ ਪੜਤਾਲ ਅਨੁਸਾਰ ਮਨਰੇਗਾ ਦੇ ਕੰਮਾਂ ਵਿੱਚ ਹੋਰ ਵੀ ਬਹੁਤ ਵੱਡੇ ਘਪਲੇ ਸਾਹਮਣੇ ਆਏ ਹਨ।

ਪੱਤਰਕਾਰ ਨੇ ਦੋਸ਼ਾਂ ਨੂੰ ਖੰਗਾਲਿਆ,,

ਇਸ ਪੱਤਰਕਾਰ ਨੇ ਮਜਦੂਰਾਂ ਵੱਲੋਂ ਲਾਏ ਦੋਸ਼ਾਂ ਦੀ ਪੜਤਾਲ ਦੌਰਾਨ ਪਾਇਆ ਕਿ ਇੱਕ ਮੌਜੂਦਾ ਔਰਤ ਪੰਚ ਦੇ ਪੁੱਤਰ ਵੱਲੋਂ ਆਪਣੀ ਚੌਧਰ ਚਮਕਾਉਣ ਲਈ ਮਗਨਰੇਗਾ ਦੀ ਇੱਕ ਫਰਜੀ ਗਰਾਮ ਸਭਾ ਵੀ ਬਣਾ ਰੱਖੀ ਹੈ । ਜਿਸ ਨੇ ਕਦੇ ਵੀ ਜਨਤਕ ਤੌਰ ਤੇ ਆਪਣਾ ਹਿਸਾਬ ਪਿੰਡ ਵਾਸੀਆਂ ਅੱਗੇ ਨਹੀਂ ਰੱਖਿਆ । ਉਸ ਨੇ ਆਪਣੇ ਇੱਕ ਕਰੀਬੀ ਪਤੀ-ਪਤਨੀ ਦੀਆਂ 81 ਦਿਹਾੜੀਆਂ ਇਸ ਸਕੀਮ ਵਿੱਚ ਪਾ ਰੱਖੀਆਂ ਹਨ । ਜਦੋਂ ਕਿ ਹੋਰ ਕੰਮ ਕਰਦੇ ਮਜ਼ਦੂਰਾਂ ਦੀਆਂ ਦਿਹਾੜੀਆਂ ਪੰਜ ਸੱਤ ਮਸਾਂ ਬਣਦੀਆਂ ਹਨ। ਮਗਨਰੇਗਾ ਘਪਲੇ ਤੋਂ ਪਰਦਾ ਚੁੱਕਣ ਵਾਲੇ ਮਜਦੂਰਾਂ ਅਨੁਸਾਰ ਉਨਾਂ ਨੇ 81 ਦਿਹਾੜੀਆਂ ਲਾਉਣ ਵਾਲੀ ਪਤੀ-ਪਤਨੀ ਦੀ ਜੋੜੀ ਕਦੇ ਕੰਮ  ਕਰਦੀ ਹੀ ਨਹੀਂ ਦੇਖੀ ਅਤੇ ਇਹ ਦਿਹਾੜੀਆਂ ਫਰਜੀ ਹਨ। ਇੱਕ ਹੋਰ ਮੌਜੂਦਾ ਪੰਚ ਨੇ ਵੱਖ ਵੱਖ ਥਾਵਾਂ ਤੇ ਕੰਮ ਕਰਦੇ ਆਪਣੇ ਪਰਿਵਾਰ ਦੇ ਚਾਰ ਜੀਆਂ ਦੀਆਂ ਫਰਜੀ ਦਿਹਾੜੀਆਂ ਮਨਰੇਗਾ ਯੋਜਨਾ ਵਿੱਚ ਪਾ ਕੇ ਪੰਚਾਇਤੀ ਫੰਡਾਂ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਪੰਚਾਂ ਤੇ ਹੋਰ ਮੋਹਤਬਰ ਬੰਦਿਆਂ ਨੇ ਵੀ ਆਪਣੇ ਨਿੱਜੀ ਕੰਮ ਕਰਵਾ ਕੇ ਉਨਾਂ ਦੀਆਂ ਦਿਹਾੜੀਆਂ ਮਗਨਰੇਗਾ ਵਿੱਚ ਪਾ ਦਿੱਤੀਆਂ ਗਈਆਂ ਹਨ । ਹੁਣ ਇਹ ਮਾਮਲਾ ਜਨਤਕ ਹੋਣ ਤੋਂ ਬਾਅਦ ਮਜਦੂਰਾਂ ਨੂੰ ਘਰ ਘਰ ਜਾ ਕੇ ਪੈਸੇ ਦੇਣ ਦੀਆਂ ਕੰਨਸੋਆਂ ਵੀ ਮਿਲ ਰਹੀਆਂ ਹਨ ।

ਛੱਪੜ ਦਾ ਪਾਣੀ ਕੱਢਣ ਲਈ 48 ਹਜ਼ਾਰ ਰੁਪੈ ਦਾ ਡੀਜ਼ਲ ਖਰਚਾ !

ਪੰਚਾਇਤੀ ਛੱਪੜ ਦਾ ਪਾਣੀ ਕੱਢਣ ਲਈ 48 ਹਜ਼ਾਰ ਰੁਪੈ ਦਾ ਡੀਜ਼ਲ ਖਰਚਾ ਦਿਖਾਇਆ ਗਿਆ ਹੈ । ਜਦੋਂ ਕੇ ਛੱਪੜ ਵਿੱਚੋਂ ਕਿਧਰੇ ਪਾਣੀ ਕੱਢਿਆ ਨਜ਼ਰ ਨਹੀਂ ਆਉਂਦਾ। ਇੱਕ ਪਾਰਕ ਵਿੱਚ ਪਾਈ ਜਾ ਰਹੀ ਇੰਟਰਲਾਕ ਟਾਇਲ ਵੀ ਮਾਰਕੀਟ ਨਾਲੋਂ ਡੇਢ ਗੁਣਾ ਰੇਟ ‘ਤੇ ਖਰੀਦ ਕੀਤੀ ਗਈ ਹੈ ਅਤੇ ਇਸ ਦੇ ਫਰਜੀ ਬਿਲ ਵੀ ਪਾਏ ਗਏ ਹਨ। ਪਿੰਡ ਵਿੱਚ ਪਲਾਂਟੇਸ਼ਨ ਅਤੇ ਰਿਵਾਇਤੀ ਪਾਣੀ ਦੇ ਪ੍ਰਬੰਧਨ ਲਈ ਜਿੱਥੇ ਕੁਝ ਮੋਹਤਬਰਾਂ ਦੇ ਚਹੇਤਿਆਂ ਦੀਆਂ ਜੋ ਦਿਹਾੜੀਆਂ ਦਿਖਾਈਆਂ ਗਈਆਂ ਹਨ , ਉੱਥੇ  ਜ਼ਮੀਨੀ ਤੌਰ ‘ਤੇ ਇਸ ਤੋਂ 10ਵਾਂ ਹਿੱਸਾ ਵੀ ਕੰਮ ਹੋਇਆ ਵੀ ਨਜ਼ਰ ਨਹੀਂ ਆਉਂਦਾ ਹੈ ।  ਪੰਚਾਇਤੀ ਫੰਡਾਂ ਦੇ ਘਪਲੇ ਸਬੰਧੀ ਪੁੱਛਣ ਤੇ ਮਗਨਰੇਗਾ ਸੈਕਟਰੀ ਜਗਸੀਰ ਸਿੰਘ ਨੇ ਟਾਲਮਟੋਲ ਕਰਕੇ ਕਿਸੇ ਵੀ ਘਪਲੇਬਾਜ਼ੀ ਤੋਂ ਸਾਫ਼ ਇਨਕਾਰ ਕਰਦਿਆਂ ਪੱਤਰਕਾਰ ਨੂੰ ਬੈਠ ਕੇ ਗੱਲ ਕਰਨ ਲਈ ਕਿਹਾ। 

Advertisement
Advertisement
Advertisement
Advertisement
Advertisement
error: Content is protected !!