ਤਫਤੀਸ਼ ਅਧਿਕਾਰੀ ਨੇ ਕਿਹਾ ਸਤਨਾਮ ਸੱਤੀ ਦੀ ਤਲਾਸ਼ ਜਾਰੀ, ਗਿਰਫਤਾਰੀ ਜਲਦ
ਹਰਿੰਦਰ ਨਿੱਕਾ ਬਰਨਾਲਾ 1 ਸਤੰਬਰ 2020
ਕਰੀਬ ਡੇਢ ਮਹੀਨਾ ਪਹਿਲਾਂ ਇੱਕ ਨਿੱਜੀ ਫਾਇਨਾਂਸ ਬੈਂਕ ਦੀ ਕਰਮਚਾਰੀ ਦੇ ਘਰ ਜਾ ਕੇ ਅੱਧੀ ਰਾਤ ਨੂੰ ਸਾਮੂਹਿਕ ਬਲਾਤਕਾਰ ਕਰਨ ਅਤੇ ਅਸ਼ਲੀਲ ਫੋਟੋਆਂ ਵਾਇਰਲ ਕਰਨ ਦੇ ਨਾਮ ਤੇ ਬਲੈਕਮੇਲ ਕਰਕੇ 3 ਲੱਖ ਰੁਪਏ ਬਟੋਰਨ ਦੇ ਦੋਸ਼ ‘ਚ ਪੁਲਿਸ ਦੁਆਰਾ ਗਿਰਫਤਾਰ ਕੀਤੇ ਹੈਪੀ ਕਿਸ਼ਨਗੜ ਨੂੰ ਅਦਾਲਤ ਨੇ 14 ਦਿਨ ਲਈ ਜੇਲ੍ਹ ਭੇਜ ਦਿੱਤਾ ਹੈ । ਜਦੋਂ ਕਿ ਪੁਲਿਸ ਦੂਜੇ ਨਾਮਜ਼ਦ ਦੋਸ਼ੀ ਸਤਨਾਮ ਸੱਤੀ ਦੀ ਹਾਲੇ ਤਲਾਸ਼ ਕਰ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੀ ਤਫਤੀਸ਼ ਅਧਿਕਾਰੀ ਐਸ.ਆਈ. ਰਾਜਪਾਲ ਕੌਰ ਨੇ ਦੱਸਿਆ ਕਿ ਪੁਲਿਸ ਦੁਆਰਾ ਗਿਰਫਤਾਰ ਕੀਤੇ ਕੇਸ ਦੇ ਨਾਮਜ਼ਦ ਦੋਸ਼ੀ ਹੈਪੀ ਸਿੰਘ ਕਿਸ਼ਨਗੜ ਨਿਵਾਸੀ ਸੇਖਾ ਰੋਡ ਗਲੀ ਨੰਬਰ-12 ਬਰਨਾਲਾ ਨੂੰ ਡਿਊਟੀ ਮਜਿਸਟ੍ਰੇਟ ਬਬਲਜੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਦੋਸ਼ੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ਼ ਦਿੱਤਾ ਹੈ। ਤਫਤੀਸ਼ ਅਧਿਕਾਰੀ ਨੇ ਕਿਹਾ ਕਿ ਕੇਸ ਦੇ ਮੁੱਖ ਦੋਸ਼ੀ ਸਤਨਾਮ ਸਿੰਘ ਸੱਤੀ ਨਿਵਾਸੀ ਸੇਖਾ ਰੋਡ ਗਲੀ ਨੰਬਰ 12 ਬਰਨਾਲਾ ਦੀ ਵੀ ਗਿਰਫਤਾਰੀ ਦੇ ਯਤਨ ਜਾਰੀ ਹਨ। ਜਲਦ ਹੀ ਉਸ ਨੂੰ ਗਿਰਫਤਾਰ ਕਰ ਲਿਆ ਜਾਵੇਗਾ।
ਉਨਾਂ ਕਿਹਾ ਕਿ ਸਾਮੂਹਿਕ ਬਲਾਤਕਾਰ ਪੀੜਤਾ ਦਾ ਮੈਡੀਕਲ ਸਿਵਲ ਹਸਪਤਾਲ ਤੋਂ ਕਰਵਾਕੇ ਅਗਲੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵਰਨਣਯੋਗ ਹੈ ਕਿ 17 ਜੁਲਾਈ ਦੀ ਰਾਤ ਕਰੀਬ 12 ਵਜੇ ਸਤਨਾਮ ਸਿੰਘ ਸੱਤੀ ਨੇ ਪੀੜਤ ਨੂੰ ਫੋਨ ਕਰਕੇ ਗੇਟ ਖੋਲ੍ਹਣ ਲਈ ਮਜਬੂਰ ਕੀਤਾ ਸੀ ਕਿ ਜੇਕਰ ਗੇਟ ਨਾ ਖੋਹਲਿਆ ਤਾਂ ਉਹ ਕੰਧ ਟੱਪ ਕੇ ਜਬਰਦਸਤੀ ਘਰ ਅੰਦਰ ਦਾਖਿਲ ਹੋ ਜਾਣਗੇ। ਪੀੜਤਾ ਦੇ ਗੇਟ ਖੋਹਲਣ ਤੋਂ ਬਾਅਦ ਸਤਨਾਮ ਸਿੰਘ ਸੱਤੀ ਅਤੇ ਹੈਪੀ ਸਿੰਘ ਕਿਸ਼ਨਗੜ ਨੇ ਪੀੜਤਾ ਨਾਲ ਸਾਮੂਹਿਕ ਬਲਾਤਕਾਰ ਕਰਕੇ ਉਸਦੀਆਂ ਫੋਟੋਆਂ ਖਿੱਚ ਲਈਆਂ ਸਨ ਅਤੇ ਫੋਟੋਆਂ ਵਾਇਰਲ ਕਰਨ ਦੇ ਨਾਮ ਤੇ 3 ਲੱਖ ਰੁਪਏ ਵੀ ਬਟੋਰ ਲਏ ਸਨ। ਰੌਲਾ ਪਾਉਣ ਦੀ ਸੂਰਤ ਵਿੱਚ ਨਾਮਜ਼ਦ ਦੋਸ਼ੀਆਂ ਨੇ ਉਸਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ ਸਨ।
ਆਖਿਰ ਪੀੜਤਾ ਨੇ 3 ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ 21 ਅਗਸਤ ਨੂੰ ਐਸਐਸਪੀ ਦਫਤਰ ‘ਚ ਦੁਰਖਾਸਤ ਦਿੱਤੀ ਸੀ। ਪਰੰਤੂ ਡੀਲਿੰਗ ਕਰਮਚਾਰੀਆਂ ਨੇ ਇਹ ਦੁਰਖਾਸਤ ਕਿਸੇ ਅਧਿਕਾਰੀ ਤੋਂ ਇਨਕੁਆਰੀ ਲਈ ਮਾਰਕ ਹੀ ਨਹੀਂ ਕਰਵਾਈ ਸੀ। ਇਸ ਮਾਮਲੇ ਨੂੰ ਬਰਨਾਲਾ ਟੂਡੇ ਨੇ 28 ਅਗਸਤ ਨੂੰ ਪ੍ਰਮੁੱਖਤਾ ਨਾਲ ਨਸ਼ਰ ਕਰਕੇ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੂੰ ਹਲੂਣਿਆ। ਜਿਸ ਤੋਂ ਬਾਅਦ ਪੁਲਿਸ ਨੇ ਦੁਰਖਾਸਤ ਵਿੱਚ ਦਰਜ਼ ਇੱਕ ਦੋਸ਼ੀ ਮਹਿਲਾ ਪੁਲਿਸ ਮੁਲਾਜ਼ਮ ਨੂੰ ਬਚਾਉਣ ਲਈ ਦੁਰਖਾਸਤ ਨੂੰ ਅੱਖੋਂ ਪਰੋਖੇ ਕਰਦਿਆਂ ਪੀੜਤਾ ਦਾ ਨਵਾਂ ਬਿਆਨ ਦਰਜ ਕਰਕੇ 29 ਅਗਸਤ ਨੂੰ ਥਾਣਾ ਸਿਟੀ ਬਰਨਾਲਾ ਵਿੱਚ ਦੋ ਨਾਮਜਦ ਦੋਸ਼ੀਆਂ ਖਿਲਾਫ ਅਧੀਨ ਜੁਰਮ 376 ਡੀ, 450, 384 ,506 ਆਈਪੀਸੀ ਦੇ ਤਹਿਤ ਕੇਸ ਦਰਜ਼ ਕੀਤਾ ਸੀ । ਇੱਥੇ ਇਹ ਵੀ ਜਿਕਰਯੋਗ ਹੈ ਕਿ ਸਤਨਾਮ ਸਿੰਘ ਸੱਤੀ ਅਤੇ ਹੈਪੀ ਸਿੰਘ ਕਿਸ਼ਨਗੜ ਦੇ ਖਿਲਾਫ ਥਾਣਾ ਤਪਾ ਵਿਖੇ ਪਹਿਲਾਂ ਹੀ ਸ਼ਰਾਬ ਸਮਗਲਿੰਗ ਦਾ ਕੇਸ ਦਰਜ਼ ਹੈ । ਇਸ ਕੇਸ ‘ਚ ਦੋਵੇਂ ਨਾਮਜਦ ਦੋਸ਼ੀਆਂ ਨੂੰ ਅਦਾਲਤ ਵੱਲੋਂ ਜਮਾਨਤ ਦਿੱਤੀ ਹੋਈ ਹੈ।