ਅੱਗ ਲਾਉਣ ਦੇ ਕਾਰਣਾਂ ਦਾ ਪਤਾ ਲਾਉਣ ਚ, ਰੁੱਝੀ ਪੁਲਿਸ-ਐਸ.ਐਚ.ਉ.
ਹਰਿੰਦਰ ਨਿੱਕਾ / ਰਘਵੀਰ ਹੈਪੀ ਬਰਨਾਲਾ 1 ਸਤੰਬਰ 2020
ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪਿੰਡ ‘ਚ ਇੱਕ ਸੌਹਰੇ ਨੇ ਸ਼ੱਕੀ ਹਾਲਤਾਂ ਵਿੱਚ ਆਪਣੀ ਨੂੰਹ ਨੂੰ ਅੱਗ ਲਗਾ ਦਿੱਤੀ। ਗੰਭੀਰ ਹਾਲਤ ‘ਚ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ। ਪਰੰਤੂ 80 ਪ੍ਰਤੀਸ਼ਤ ਦੇ ਕਰੀਬ ਝੁਲਸ ਜਾਣ ਕਾਰਣ ਡਾਕਟਰਾਂ ਨੇ ਜਖਮੀ ਔਰਤ ਨੂੰ ਪੀਜੀਆਈ ਰੈਫਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 35 ਵਰ੍ਹਿਆਂ ਦੀ
ਲਵਦੀਪ ਕੌਰ ਪਤਨੀ ਗਗਨਦੀਪ ਸਿੰਘ ਨਿਵਾਸੀ ਮਾਨ ਪੱਤੀ ਠੀਕਰੀਵਾਲਾ ਨੂੰ ਸ਼ੱਕੀ ਹਾਲਤਾਂ ‘ਚ ਉਸ ਦੇ ਸੌਹਰੇ ਗੁਰਚਰਨ ਸਿੰਘ ਨੇ ਪਹਿਲਾਂ ਕਹੀ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਪਰੰਤੂ ਕਹੀ ਦੇ ਵਾਰ ਤੋਂ ਬਚ ਜਾਣ ਤੋਂ ਬਾਅਦ ਲਵਦੀਪ ਕੌਰ ਤੇ ਤੇਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ। ਰੌਲਾ ਸੁਣ ਕੇ ਪਹੁੰਚੇ ਉਸ ਦੇ ਪਤੀ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਝੁਲਸੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਲਿਆਂਦਾ। ਪਰੰਤੂ ਜਿਆਦਾ ਗੰਭੀਰ ਹਾਲਤ ਕਾਰਣ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਥਾਣਾ ਸਦਰ ਦੇ ਐਸ.ਐਚ.ਉ. ਬਲਜੀਤ ਸਿੰਘ ਨੇ ਦੱਸਿਆ ਕਿ ਲਵਦੀਪ ਦੇ ਬਿਆਨ ਦੇ ਅਧਾਰ ਤੇ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।









