ਕੌਣ ਕਹੇ, ਅੱਗਾ ਢੱਕ- ਸ਼ਰਾਬ ਤਸਕਰਾਂ ਦੀ ਕਾਰ ‘ਚ ਅਗਲੀ ਸੀਟ ਤੇ ਬਹਿੰਦੀ ਮਹਿਲਾ ਕਾਂਸਟੇਬਲ ?
ਪੁਲਿਸ ਨੇ 2 ਕੇਸਾਂ ‘ਚੋਂ ਮਹਿਲਾ ਮੁਲਾਜ਼ਮ ਨੂੰ ਮੁਲਜਮ ਬਣਾਉਣ ਤੋਂ ਹੱਥ ਪਿੱਛੇ ਖਿੱਚਿਆ , ਇੱਕ ਐਸ.ਪੀ. ਨੇ ਕੇਸ ‘ਚੋਂ ਬਚਾਉਣ ਲਈ ਨਿਭਾਈ ਅਹਿਮ ਭੂਮਿਕਾ
ਹਰਿੰਦਰ ਨਿੱਕਾ ਬਰਨਾਲਾ 31 ਅਗਸਤ 2020
ਜਿਲ੍ਹੇ ਦੇ ਕੁਝ ਆਲ੍ਹਾ ਪੁਲਿਸ ਅਧਿਕਾਰੀਆਂ ਦੀ ਛਤਰ-ਛਾਇਆ ਹੇਠ ਖਾਕੀ ਵਰਦੀ ਦੀ ਆੜ ਚ, ਲਾਲ ਪਰੀ ਦਾ ਨਜਾਇਜ਼ ਧੰਦਾ ਪੂਰੇ ਜੋਬਨ ਤੇ ਹੈ। ਹੋਵੇ ਵੀ ਕਿਉਂ ਨਾ, ਜਦੋਂ ਪੁਲਿਸ ਦੇ ਕੁਝ ਆਲ੍ਹਾ ਅਧਿਕਾਰੀ ਖੁਦ ਹੀ ਸ਼ਰਾਬ ਤਸਕਰੀ ਦੇ ਧੰਦੇ ਵਿੱਚ ਸ਼ਾਮਿਲ ਕੁਝ ਪੁਲਿਸ ਮੁਲਾਜਮਾਂ ਤੇ ਸ਼ਿਕੰਜਾ ਕਸਣ ਦੀ ਬਜਾਏ, ਹਰ ਵਾਰ ਉਨਾਂ ਦੀ ਨੌਕਰੀ ਅਤੇ ਬੱਚਿਆਂ ਦਾ ਵਾਸਤਾ ਦੇ ਕੇ ਕੇਸ ਵਿੱਚੋਂ ਬਚਾਉਣ ਲਈ ਅੱਗੇ ਸਿਰੀ ਕੱਢ ਲੈਂਦੇ ਹਨ । ਪੁਲਿਸ ਅਤੇ ਸ਼ਰਾਬ ਸਮਗਲਰਾਂ ਦੀ ਇਹੋ ਸਾਂਝ ਕਾਰਣ ਜਿਲ੍ਹੇ ਅੰਦਰ ਸ਼ਰਾਬ ਤਸਕਰੀ ਠੱਲ੍ਹਣ ਦਾ ਨਾਮ ਹੀ ਨਹੀਂ ਲੈ ਰਹੀ। ਪੁਲਿਸ ਅਧਿਕਾਰੀਆਂ ਦੀ ਆਪਣੇ ਮੁਲਾਜਮਾਂ ਨੂੰ ਬਚਾਉਣ ਦੀ ਨੀਤੀ ਦਾ ਨਤੀਜਾ, ਢਾਕ ਦੇ ਤੀਨ ਪਾਤ ਹੀ ਰਹਿੰਦਾ ਹੈ । ਨੌਕਰੀ ਦਾ ਵਾਸਤਾ ਦੇ ਕੇ ਬਚਣ ਵਾਲੇ ਪੁਲਿਸ ਕਰਮਚਾਰੀ ਵੀ ਸ਼ਰਾਬ ਤਸਕਰਾਂ ਤੋਂ ਕਿਨਾਰਾ ਕਰਨ ਦੀ ਬਜਾਏ , ਫਿਰ ਤੋਂ ਸ਼ਰਾਬ ਤਸਕਰਾਂ ਨਾਲ ਮਿਲ ਕੇ ਸ਼ਰਾਬ ਤਸਕਰੀ ਦੇ ਧੰਦੇ ਨੂੰ ਪਹਿਲਾਂ ਤੋਂ ਜਿਆਦਾ ਜ਼ੋਰ ਨਾਲ ਬੇਖੌਫ ਅੱਗੇ ਵਧਾਉਂਦੇ ਹੋਏ ਲੱਖਾਂ ਰੁਪਏ ਦੋ ਨੰਬਰ ਦੀ ਕਮਾਈ ਕਰਨ ‘ਚ ਰੁੱਝੇ ਹੋਏ ਹਨ।
ਬਖਤਗੜ੍ਹੀਏ ਤਸਕਰ ਦੀ ਗੱਡੀ ‘ਚ ….
ਪੁਲਿਸ ਦੇ ਆਲ੍ਹਾ ਸੂਤਰਾਂ ਅਨੁਸਾਰ ਜਿਲ੍ਹੇ ਦੀ ਇੱਕ ਮਹਿਲਾ ਪੁਲਿਸ ਮੁਲਾਜਮ ਪਿਛਲੇ ਵਰ੍ਹੇ , ਬਖਤਗੜ੍ਹੀਏ , ਸ਼ਰਾਬ ਤਸਕਰ ਨਾਲ ਸ਼ਰਾਬ ਸਮੇਤ ਪੁਲਿਸ ਨੇ ਹਿਰਾਸਤ ‘ਚ ਲਈ ਸੀ। ਪਰੰਤੂ ਪੁਲਿਸ ਦੇ ਕੁਝ ਆਲ੍ਹਾ ਅਧਿਕਾਰੀਆਂ ਨੇ ਪੁਲਿਸ ਮਹਿਕਮੇਂ ਦੀ ਸੰਭਾਵਿਤ ਬਦਨਾਮੀ ਦਾ ਭੈਅ ਦਿਖਾ ਕੇ ‘’ ਢੱਕੀ ਹੀ ਰਿੱਝਣ ਦਿੱਤੀ,, ਅਤੇ ਨੌਕਰੀ ਚਲੀ ਜਾਣ ਦਾ ਵਾਸਤਾ ਦੇ ਕੇ ਮਹਿਲਾ ਪੁਲਿਸ ਮੁਲਾਜਮ ਨੂੰ ਬਚਾ ਲਿਆ । ਮਹਿਲਾ ਮੁਲਾਜਮ ਨੂੰ ਬਚਾਉਣ ਵਿੱਚ ਬਹੁਚਰਚਿਤ ਐਸ.ਪੀ. ਨੇ ਅਹਿਮ ਭੂਮਿਕਾ ਨਿਭਾਈ ਸੀ। ਐਸ.ਪੀ. ਨੇ ਮਹਿਲਾ ਮੁਲਾਜਮ ਨੂੰ ਬਚਾਉਣ ਲਈ ਜਰੂਰਤ ਤੋਂ ਜਿਆਦਾ ਰੁਚੀ ਕਿਉਂ ਦਿਖਾਈ , ਇਹ ਭੇਦ ਹਾਲੇ ਗੁੱਝਾ ਹੀ ਹੈ। ਪਰੰਤੂ ਬਖਤਗੜ੍ਹੀਏ ਤਸਕਰ ਖਿਲਾਫ ਉਦੋਂ ਵੀ ਕੇਸ ਦਰਜ਼ ਕਰ ਦਿੱਤਾ ਗਿਆ ਸੀ । ਬਖਤਗੜੀਏ ਤਸਕਰ ਖਿਲਾਫ ਇਸ ਤੋਂ ਇਲਾਵਾ ਵੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਇਸ ਤਰਾਂ ਪੁਲਿਸ ਅਧਿਕਾਰੀਆਂ ਦੀ ਆਪਣੇ ਮੁਲਾਜਮਾਂ ਨੂੰ ਮੁਲਜਮ ਬਣਾਉਣ ਤੋਂ ਬਚਾਉਣ ਦੀ ਨੀਤੀ ਨੇ ਸ਼ਰਾਬ ਤਸਕਰੀ ਦੇ ਧੰਦੇ ‘ਚ ਲੱਗੇ ਕੁਝ ਪੁਲਿਸ ਮੁਲਾਜਮਾਂ ਦੇ ਹੌਂਸਲੇ ਹੋਰ ਬੁਲੰਦ ਕਰ ਦਿੱਤੇ ਹਨ । ਜਿਨ੍ਹਾਂ ਨੇ ਸ਼ਰੇਆਮ ਸ਼ਰਾਬ ਤਸਕਰਾਂ ਦੀਆਂ ਗੱਡੀਆਂ ‘ਚ ਗੱਡੀ ਦੀ ਮੂਹਰਲੀ ਸੀਟ ਤੇ ਬਹਿ ਕੇ ਬਾਹਰੀ ਜਿਲ੍ਹਿਆਂ ਵਿੱਚੋਂ ਸ਼ਰਾਬ ਲਿਆ ਕੇ ਬਰਨਾਲਾ ਤੇ ਆਸਪਾਸ ਦੇ ਇਲਾਕਿਆਂ ਵਿੱਚ ਨਜ਼ਾਇਜ਼ ਸ਼ਰਾਬ ਦੀ ਸਪਲਾਈ ਦਾ ਧੰਦਾ ਹੋਰ ਵਧਾ ਦਿੱਤਾ ਹੈ । ਲੌਕਡਾਉਣ ਦੇ ਦੌਰਾਨ ਵੀ ਸ਼ਰਾਬ ਤਸਕਰਾਂ ਦੇ ਗੈਂਗ ਵਿੱਚ ਸ਼ਾਮਿਲ ਕੁਝ ਪੁਲਿਸ ਵਾਲਿਆਂ ਨੇ ਸ਼ਰਾਬ ਸਪਲਾਈ ਕਰਕੇ ਅਤੇ ਕਰਵਾਕੇ ਚੋਖੀ ਕਮਾਈ ਕੀਤੀ ਹੈ।
ਕੌਣ ਕੌਣ ਹੈ ਸ਼ਰਾਬ ਤਸਕਰੀ ਦੇ ਧੰਦੇ ‘ਚ ਸ਼ਾਮਿਲ ਮੁਲਾਜਮ
ਭਰੋਸੇਯੋਗ ਸੂਤਰਾਂ ਮੁਤਾਬਿਕ ਸ਼ਰਾਬ ਤਸਕਰੀ ‘ਚ ਸ਼ਾਮਿਲ ਜਿਲ੍ਹੇ ਦੇ ਕੁਝ ਪੁਲਿਸ ਮੁਲਾਜਮਾਂ ਦੇ ਨਾਮਾਂ ਦੀ ਚਰਚਾ ਲੱਗਭੱਗ ਹਰ ਪੁਲਿਸ ਮੁਲਾਜਮ ਦੀ ਜੁਬਾਨ ਤੇ ਹੈ। ਇੱਨ੍ਹਾਂ ਵਿੱਚ ਇੱਕ ਥਾਣਾ ਸਿਟੀ 1 ਬਰਨਾਲਾ ਅਤੇ ਦੂਸਰਾ ਥਾਣਾ ਸਿਟੀ 2 ਬਰਨਾਲਾ ਵਿਖੇ ਤਾਇਨਾਤ ਹੈ। ਇੱਕ ਦਾ ਰੈਂਕ ਏ.ਐਸ.ਆਈ. ਤੇ ਦੂਜੇ ਦਾ ਰੈਂਕ ਕਾਂਸਟੇਬਲ ਹੈ। ਦੱਸਿਆ ਜਾ ਰਿਹਾ ਹੈ ਕਿ ਏ.ਐਸ.ਆਈ. ਦੀ ਕਾਰ ਉਹ ਨਸ਼ਾ ਸਮਗਲਰ ਅਕਸਰ ਹੀ ਸ਼ਰਾਬ ਤਸਕਰੀ ਲਈ ਇਸਤੇਮਾਲ ਕਰਦੇ ਹਨ । ਜਿਨ੍ਹਾਂ ਖਿਲਾਫ ਮਾਨਸਾ ਅਤੇ ਬਰਨਾਲਾ ਜਿਲ੍ਹਿਆਂ ਦੇ ਵੱਖ ਵੱਖ ਥਾਣਿਆਂ ਵਿਖੇ ਕਈ ਕੇਸ ਦਰਜ ਹਨ। ਪਤਾ ਇਹ ਵੀ ਲੱਗਿਆ ਹੈ ਕਿ ਮਹਿਲਾ ਪੁਲਿਸ ਮੁਲਾਜਮ ਦਾ ਭਰਾ ਵੀ ਨਜਾਇਜ਼ ਸ਼ਰਾਬ ਵੇਚਣ ਵਾਲੇ ਗੈਂਗ ਦੇ ਮੈਂਬਰ ਦੇ ਤੌਰ ਤੇ ਪੁਲਿਸ ਰਿਕਾਰਡ ‘ਚ ਬੋਲਦਾ ਹੈ। ਇੱਥੇ ਹੀ ਬੱਸ ਨਹੀਂ ਇੱਕ ਪੁਲਿਸ ਮੁਲਾਜਮ ਦੇ ਪਿਉ ਦਾ ਨਾਮ ਵੀ ‘’ ਮੁੰਨੀ ਨਾਲੋਂ ਵੱਧ ਸ਼ਰਾਬ ਬਲੈਕੀਏ ਦੇ ਤੌਰ ਤੇ ਬਦਨਾਮ ,, ਹੋ ਚੁੱਕਿਆ ਹੈ।
ਕੌਣ ਕਰੂ ਪਹਿਚਾਣ , ਕਾਲੀਆਂ ਭੇਡਾਂ ਦੀ ……
ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਅਹੁਦਾ ਸੰਭਾਲਣ ਸਮੇਂ ਨਸ਼ਾ ਤਸਕਰਾਂ ਨਾਲ ਸਾਂਝ ਭਿਆਲੀ ਰੱਖਦੀਆਂ ਕੁਝ ਕਾਲੀਆਂ ਭੇਡਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਬੜ੍ਹਕ ਮਾਰੀ ਸੀ। ਪਰ ਉਨਾਂ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਕਿਸੇ ਇੱਕ ਵੀ ਕਾਲੀ ਭੇਡ ਖਿਲਾਫ ਉਂਗਲੀਆਂ ਤੇ ਗਿਣਨਯੋਗ ਨਾ ਕੋਈ ਕਾਨੂੰਨੀ ਕਾਰਵਾਈ ਕੀਤੀ ਹੈ ਅਤੇ ਨਾ ਹੀ ਇਸ ਦਾ ਖੁਲਾਸਾ ਮੀਡੀਆ ਅੱਗੇ ਕੀਤਾ ਹੈ। ਹੁਣ ਤਾਂ ਵਿਅੰਗ ਵਿੱਚ ਪੁਲਿਸ ਮੁਲਾਜਮਾਂ ਨੇ ਵੀ ਦਬੀ ਜੁਬਾਨ ਨਾਲ ਗੱਲੀਂਬਾਤੀਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਾਲੀਆਂ ਭੇਡਾਂ ਤਾਂ ਪਹਿਲਾਂ ਤੋਂ ਵੀ ਜਿਆਦਾ ਪਲ ਗਈਆਂ ਹਨ। ਜੇਕਰ ਸੱਚਮੁੱਚ ਹੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਰੱਖਣ ਵਾਲੀਆਂ ਕਾਲੀਆਂ ਭੇਡਾਂ ਦੀ ਪਛਾਣ ਕਰਕੇ ਕੋਈ ਸਖਤ ਕਾਰਵਾਈ ਹੋਈ ਹੁੰਦੀ ਤਾਂ, ਇਲਾਕੇ ਅੰਦਰ ਨਸ਼ਾ ਤਸਕਰੀ ਨੂੰ ਬ੍ਰੇਕ ਜਰੂਰ ਲੱਗੀ ਹੋਣੀ ਸੀ। ਹੁਣ ਲੋਕਾਂ ਦੇ ਜਿਹਨ ‘ਚ ਸਵਾਲ ਉੱਠ ਰਿਹਾ ਹੈ ਕਿ , ਹੁਣ ਕੌਣ ਕਰੂ ਪਹਿਚਾਣ ਕਾਲੀਆਂ ਭੇਡਾਂ ਦੀ….।