ਅਸ਼ੋਕ ਵਰਮਾ ਬਠਿੰਡਾ, 30 ਅਗਸਤ 2020
ਜ਼ਿਲ੍ਹੇ ਦੇ ਪਿੰਡ ਬੱਲ੍ਹੋ ’ਚ ਬਿਜਲੀ ਚੋਰੀ ਦੇ ਮਾਮਲਿਆਂ ਨੂੰ ਕਾਬੂ ਕਰਨ ਗਈ ਪਾਵਰਕਾਮ ਦੀ ਟੀਮ ਨੂੰ ਲੋਕਾਂ ਵੱਲੋਂ ਕੀੜਿਆਂ ਦੇ ਭੌਣ ਤੇ ਬਿਠਾ ਕੇ ਬੰਦੀ ਬਣਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਐਸਡੀਓ ਦਿਹਾਤੀ ਰਾਮਪੁਰਾ ਦੀ ਸ਼ਕਾਇਤ ਤੇ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਰਾਮਪੁਰਾ ’ਚ ਬੂਟਾ ਸਿੰਘ ਪੁੱਤਰ ਦਾਸ ਸਿੰਘ, ਰੇਸ਼ਮ ਸਿੰਘ ਪੁੱਤਰ ਚੂਹੜ ਸਿੰਘ, ਮਿੱਠੂ ਸਿੰਘ ਪੁੱਤਰ ਚੰਦ ਸਿੰਘ ਅਤੇ ਸੁੱਖਾ ਸਿੰਘ ਪੁੰਤਰ ਮਿੱਠੂ ਸਿੰਘ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਨੂੰ ਧਾਰਾ 341,342,353,186 ਤਹਿਤ ਨਾਮਜਦ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ’ਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਐਸਡੀਓ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਲੰਘੀ 27 ਅਗਸਤ ਨੂੰ ਪਿੰਡ ਬੱਲ੍ਹੋ ’ਚ ਪਾਵਰਕਾਮ ਦੀ ਟੀਮ ਬਿਜਲੀ ਚੋਰੀ ਦੇ ਸਬੰਧ ’ਚ ਗਈ ਸੀ ਤਾਂ ਇਸ ਮੌਕੇ ਨਾਮਜਦ ਮੁਲਜਮਾਂ ਸਮੇਤ ਹੋਰ ਲੋਕਾਂ ਨੇ ਪੜਤਾਲੀਆ ਟੀਮ ਨੂੰ ਬੰਦੀ ਬਣਾ ਲਿਆ ਅਤੇ ਮੁਲਾਜਮਾਂ ਨੂੰ ਕੀੜਿਆਂ ਦੇ ਭੌਣ ‘ਤੇ ਬੈਠਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਜਾਂਚ ਟੀਮ ਨਾਲ ਗਾਲੀ ਗਲੌਚ ਵੀ ਕੀਤਾ। ਟੀਮ ’ਚ ਸ਼ਾਮਲ ਮੁਲਾਜ਼ਮਾਂ ਨੂੰ ਕੀੜਿਆਂ ਨੇ ਕੱਟ ਵੀ ਲਿਆ ਪਰ ਲੋਕਾਂ ਨੇ ਕਈ ਘੰਟੇ ਉਨ੍ਹਾਂ ਨੂੰ ਬੰਦੀ ਬਣਾਈ ਰੱਖਿਆ। ਉਨ੍ਹਾਂ ਦੱਸਿਆ ਕਿ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਪਾਵਰਕਾਮ ਦੀ ਟੀਮ ਨੂੰ ਲੋਕਾਂ ਦੇ ਚੁੰਗਲ ਵਿੱਚੋਂ ਛੁਡਵਾਇਆ। ਥਾਣਾ ਸਦਰ ਰਾਮਪੁਰਾ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਭੁਪਿੰਦਰਜੀਤ ਸਿੰਘ ਦਾ ਕਹਿਣਾ ਸੀ ਕਿ ਹਾਲੇ ਤੱਕ ਇਸ ਮਾਮਲੇ ’ਚ ਕਿਸੇ ਵੀ ਮੁਲਜਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸਡੀਓ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਨਾਮਜਦ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।