ਪ੍ਰਦਰਸ਼ਨ ਦੀ ਪੂਰੀ ਵਿਉਂਤਬੰਦੀ ਲਈ ਫਰੰਟ ਦੇ ਆਗੂਆਂ ਨੇ ਕੀਤੀ ਮੀਟਿੰਗ
ਹਰਿੰਦਰ ਨਿੱਕਾ ਬਰਨਾਲਾ: 18 ਅਗਸਤ 2020
ਫਾਸ਼ੀ ਹਮਲਿਆਂ ਵਿਰੋਧੀ ਫਰੰਟ, ਪੰਜਾਬ, ਦੇ ਸੱਦੇ ’ਤੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਹਕੂਮਤ ਵੱਲੋਂ ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾਂ, ਵਕੀਲਾਂ, ਪੱਤਰਕਾਰਾਂ ਅਤੇ ਘੱਟ-ਗਿਣਤੀ ਮੁਸਲਿਮ ਭਾਈਚਾਰੇ ਖਾਸ ਕਰਕੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਚੱਲੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਕਾਰਕੁੰਨਾਂ ਖਿਲਾਫ ਵਿੱਢੇ ਫਾਸ਼ੀ ਹੱਲੇ ’ਤੇ ਕੀਤੇ ਜਾ ਰਹੇ ਰੋਸ-ਪ੍ਰਦਰਸ਼ਨਾਂ ਦੀ ਕੜੀ ਵਜੋਂ 28 ਅਗਸਤ ਨੂੰ ਬਰਨਾਲਾ ਵਿਖੇ ਰੋਸ-ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਰੋਸ-ਪ੍ਰਦਰਸ਼ਨ ਦੀ ਪੂਰੀ ਵਿਉਂਤਬੰਦੀ ਲਈ ਫਰੰਟ ਦੇ ਆਗੂਆਂ ਦੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ’ਚ ਸ਼ਾਮਲ ਆਗੂਆਂ ਨਰਾਇਣ ਦੱਤ, ਕ੍ਰਿਸ਼ਨ ਚੌਹਾਨ, ਜਸਪਾਲ ਸਿੰਘ ਮਹਿਲ ਕਲਾਂ, ਲੋਕ ਰਾਜ ਮਹਿਰਾਜ, ਚਰਨਜੀਤ ਕੌਰ, ਨੇ ਦੱਸਿਆ ਕਿ ਇਹ ਰੋਸ-ਪ੍ਰਦਰਸ਼ਨ 28 ਅਗਸਤ ਨੂੰ 11 ਵਜੇ ਅਨਾਜ ਮੰਡੀ, ਬਰਨਾਲਾ, ਵਿੱਚ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਕੀਤਾ ਜਾਵੇਗਾ।
ਇਸ ਰੋਸ-ਪ੍ਰਦਰਸ਼ਨ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ, ਮਜ਼ਦੂਰ, ਔਰਤਾਂ ਅਤੇ ਨੌਜਵਾਨ ਭਾਗ ਲੈਣਗੇ। ਸਮੁੱਚੇ ਪ੍ਰਬੰਧਾਂ ਲਈ ਡਿਊਟੀਆਂ ਦੀ ਵੰਡ ਕੀਤੀ ਗਈ। ਮੀਟਿਗ ’ਚ ਹਾਜ਼ਰ ਸਾਥੀਆਂ ਨੇ ਮਹਿਸੂਸ ਕੀਤਾ ਕਿ ਮੋਦੀ ਹਕੂਮਤ ਆਪਣੇ ਭਗਵਾਂ-ਕਰਨ ਦੇ ਅਜੰਡੇ ਨੂੰ ਅੱਗੇ ਵਧਾਉਣ ਲਈ ਇਨਕਲਾਬੀ-ਜਮਹੂਰੀ ਤਾਕਤਾਂ ਅਤੇ ਬੁੱਧੀਜੀਵੀ ਵਰਗ ਨੂੰ ਮਿਥਕੇ ਨਿਸ਼ਾਨਾ ਬਣਾ ਰਹੀ ਹੈ ਤਾਂ ਜੋ ਕਰੋਨੇ ਦੀ ਆੜ ਹੇਠ ਅਡਾਨੀਆਂ
ਅੰਬਾਨੀਆਂ ਅਤੇ ਮਿੱਤਲਾਂ ਆਦਿ ਨੂੰ ਮੁਨਾਫਾ ਬਖਸ਼ਣ ਲਈ ਆਰਥਿਕ ਸੁਧਾਰਾਂ ਦੀ ਪ੍ਰਕ੍ਰਿਆ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਸਕਦੇ। ਆਗੂਆਂ ਨੇ ਸਮੂਹ ਇਨਸਾਫ-ਪਸੰਦ ਲੋਕਾਂ ਨੂੰ ਇਸ ਰੋਸ ਪ੍ਰਦਰਸ਼ਨ ਵਿੱਚ ਵੱਧ ਚੜ੍ਹਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਮੀਟਿੰਗ ’ਚ ਡਾ.ਰਜਿੰਦਰ ਪਾਲ ਅਤੇ ਦਲਜੀਤ ਸਿੰਘ ਵੀ ਹਾਜ਼ਰ ਸਨ।