ਬਠਿੰਡਾ ਦੀ ਸਹਾਇਕ ਕਮਿਸ਼ਨਰ ਮਨਿੰਦਰਜੀਤ ਕੌਰ ਨੇ ਤਾਜ਼ਾ ਕੀਤੀਆਂ ਆਪਣੀਆਂ ਸਕੂਲ ਨਾਲ ਜੁੜੀਆਂ ਯਾਦਾਂ
ਹਰਿੰਦਰ ਨਿੱਕਾ ਬਰਨਾਲਾ 10 ਅਗਸਤ 2020
ਜਿਲ੍ਹੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੀ ਵਿਦਿਆਰਣ ਮਨਿੰਦਰਜੀਤ ਕੌਰ ਸਪੁੱਤਰੀ ਸਰਦਾਰ ਜਰਨੈਲ ਸਿੰਘ ਅਤੇ ਮਾਤਾ ਬੇਅੰਤ ਕੌਰ ਵਾਸੀ ਸ਼ਹਿਣਾ ਵੱਲੋਂ ਯੂ.ਪੀ.ਐਸ.ਈ. ਦੀ ਪ੍ਰੀਖਿਆ ਚੋਂ 246 ਵਾਂ ਸਥਾਨ ਪ੍ਰਾਪਤ ਕਰਨ ਦੀ ਵੱਡੀ ਸਫਲਤਾ ਪਾਉਣ ਲਈ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਵੱਲੋਂ ਰੱਖੇ ਸਨਮਾਨ ਸਮਾਰੋਹ ਚ, ਮਨਿੰਦਰਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਇੱਨ੍ਹੀ ਦਿਨੀਂ ਬਠਿੰਡਾ ਵਿਖੇ ਸਹਾਇਕ ਕਮਿਸ਼ਨਰ ਦੇ ਅਹੁਦੇ ਤੇ ਤਾਇਨਾਤ ਮਨਿੰਦਰਜੀਤ ਕੌਰ ਨੇ ਇਸ ਮੌਕੇ ਆਪਣੀਆਂ ਸਕੂਲ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਸਕੂਲ ਦੇ ਵਧੀਆ ਸਟਾਫ ਤੇ ਹਰ ਸਮੇਂ ਸਕੂਲ ਦੀ ਪਬੰਧਕ ਕਮੇਟੀ ਵੱਲੋਂ ਮਿਲੇ ਸਹਿਯੋਗ ਨੂੰ ਉਹ ਕਦੇ ਭੁਲਾ ਨਹੀਂ ਸਕਦੀ। ਉਨਾਂ ਕਿਹਾ ਕਿ ਮੈਂਨੂੰ ਨਰਸਰੀ ਤੋਂ ਲੈ ਕੇ 12 ਸ੍ਰੇਣੀ ਤੱਕ ਦੀ ਪੜ੍ਹਾਈ ਬਾਬਾ ਗਾਂਧਾ ਸਿੰਘ ਸਕੂਲ ਤੋਂ ਕਰਨ ਦਾ ਮੌਕਾ ਮਿਲਿਆ। ਉਨਾਂ ਕਿਹਾ ਕਿ ਨੀਂਹ ਚੰਗੀ ਹੋਵੇ ਤਾਂ ਵਧੀਆ ਇਮਾਰਤ ਬਣਨ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।
ਸਕੂਲ ਪਬੰਧਕ ਕਮੇਟੀ ਨੇ ਮਨਿੰਦਰਜੀਤ ਕੌਰ ਅਤੇ ਉਸ ਦੇ ਮਾਤਾ ਪਿਤਾ ਨੂੰ ਵੱਡੀ ਉਪਲੱਭਧੀ ਲਈ ਵਧਾਈ ਦਿੱਤੀ ਅਤੇ ਮਨਿੰਦਰਜੀਤ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਸਨਮਾਨ ਸਮਾਰੋਹ ਮੌਕੇ ਬਾਬਾ ਗਾਂਧਾ ਸਿੰਘ ਵਿੱਦਿਅਕ ਟਰੱਸਟ ਦੇ ਚੇਅਰਮੈਨ ਮਹੰਤ ਸੁਰਜੀਤ ਸਿੰਘ, ਟਰੱਸਟੀ ਸੰਤ ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲਾ, ਨਿਰਪਿੰਦਰ ਸਿੰਘ ਢਿੱਲੋਂ , ਬਾਬਾ ਕੇਵਲ ਕ੍ਰਿਸ਼ਨ , ਮਹੰਤ ਅਮਨਦੀਪ ਸਿੰਘ, ਐਮ.ਡੀ. ਰਣਪ੍ਰੀਤ ਸਿੰਘ ਅਤੇ ਸਕੂਲ ਦੇ ਪ੍ਰਿੰਸੀਪਲ ਯਸ਼ਪਾਲ ਸਿੰਘ, ਵਾਈਸ ਪ੍ਰਿੰਸੀਪਲ ਸੁਨੀਤਾ ਰਾਜ, ਗੁਰਪ੍ਰੀਤ ਸਿੰਘ ਸ਼ਹਿਣਾ, ਡਾਕਟਰ ਵਿਪਨ ਗੁਪਤਾ, ਅਧਿਆਪਕ ਪ੍ਰੀਤ ਮੋਹਨ ਵਿਸ਼ੇਸ਼ ਤੌਰ ਦੇ ਹਾਜ਼ਿਰ ਰਹੇ।