1000 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਅੱਜ ਬਰਨਾਲਾ ਤੋਂ ਨਿੱਕਲਣਗੇ ਬਠਿੰਡਾ
15 ਜੁਲਾਈ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਚੱਲੇ ਦੋਨੋਂ ਕੋਰੋਨਾ ਯੋਧੇ
11.30 ਤੱਕ ਸਟੈਂਡਰਡ ਚੌਂਕ ਬਰਨਾਲਾ ਪਹੁੰਚਣ ਦੀ ਸੰਭਾਵਨਾ
ਹਰਿੰਦਰ ਨਿੱਕਾ ਬਰਨਾਲਾ 28 ਜੁਲਾਈ 2020
ਕੋਰੋਨਾ ਦਾ ਨਾਮ ਸੁਣਦਿਆਂ ਹੀ ਜਿੱਥੇ ਲੋਕਾਂ ਨੂੰ ਮੌਤ ਦਾ ਅਹਿਸਾਸ ਬੜਾ ਨੇੜਿਉਂ ਹੋਣ ਲੱਗ ਪੈਂਦਾ ਹੈ, ਉੱਥੇ ਹੀ ਲੋਕਾਈ ਦਾ ਦਰਦ ਦਿਲ ਚ, ਲੈ ਕੇ ਲੋਕਾਂ ਨੂੰ ਕੋਰੋਨਾ ਦੇ ਖਤਰਿਆਂ ਤੋਂ ਸੁਚੇਤ ਕਰਨ ਲਈ ਅਤੇ ਆਪਣੀ ਜਾਨ ਨੂੰ ਜੋਖਿਮ ਚ, ਪਾਉਂਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ 2 ਕੋਰੋਨਾ ਯੋਧੇ ਕਾਂਸਟੇਬਲ ਸਮਨਦੀਪ ਅਤੇ ਸੀਨੀਅਰ ਕਾਂਸਟੇਬਲ ਗੁਰਸੇਵਕ ਸਿੰਘ ਸਾਈਕਲ ਤੇ ਹੀ ਘਰੋਂ ਤੁਰ ਪਏ। ਇਹ ਹੁਣ ਤੱਕ ਕਰੀਬ 1 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਵੀ ਕਰ ਚੁੱਕੇ ਹਨ। ਇਹ ਦੋਵੇਂ ਕੋਰੋਨਾ ਯੋਧੇ ਹਾਲੇ ਬਰਨਾਲਾ ਤੋਂ ਕਰੀਬ 20 ਕਿਲੋਮੀਟਰ ਦੀ ਦੂਰੀ ਤੇ ਹਨ। ਇਹਨਾਂ ਦੇ ਕਰੀਬ 11.30 ਵਜ਼ੇ ਤੱਕ ਹੰਡਿਆਇਆ ਦੇ ਸਟੈਂਡਰਡ ਚੌਂਕ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਕੀ ਹੈ ਮਿਸ਼ਨ ਕੋਰੋਨਾ ਯੋਧਿਆਂ ਦਾ
ਪੰਜਾਬ ਪੁਲਿਸ ਦਾ ਨਾਮ ਰੌਸ਼ਨ ਕਰਨ ਅਤੇ ਲੋਕਾਂ ਨੂੰ ਕੋਰੋਨਾ ਦੇ ਬਚਾਉ ਲਈ ੳਪਾਅ ਤੇ ਸਮੱਗਰੀ ਵੰਡਣ ਲਈ ਨਿੱਕਲੇ ਇਨਾਂ ਦੋਵੇਂ ਕੋਰੋਨਾ ਯੋਧਿਆਂ ਨੂੰ ਬਰਨਾਲਾ ਟੂਡੇ ਦੀ ਟੀਮ ਸੰਗਰੂਰ ਲਾਗੇ ਮਿਲੀ ਤਾਂ, ਇਹਨਾਂ ਦੀ ਐਕਟੀਵਿਟੀ ਨੇ ਇੱਕ ਦਮ ਧਿਆਨ ਆਪਣੇ ਵੱਲ ਖਿੱਚ ਲਿਆ। ਇਹ ਦੋਵੇਂ ਪੁਲਿਸ ਕਰਮਚਾਰੀ ਸੜ੍ਹਕਾਂ ਕਿਨਾਰੇ ਕੰਮ ਕਰਦੇ ਲੋਕਾਂ ਕੋਲ ਜਾ ਕੇ ਉਨਾਂ ਨੂੰ ਕੋਰੋਨਾ ਮਹਾਂਮਾਰੀ ਸਬੰਧੀ ਬਚਾਉ ਦੇ ਉਪਾਅ ਅਤੇ ਸੁਝਾਅ ਤਾਂ ਦੇ ਹੀ ਰਹੇ ਸਨ। ਬਲਕਿ ਉਨਾਂ ਨੂੰ ਸੈਨੇਟਾਈਜ਼ਰ ਅਤੇ ਮਾਸਕ ਵੀ ਵੰਡ ਰਹੇ ਸਨ। ਪੰਜਾਬ ਅੰਦਰ ਪੁਲਿਸ ਕਰਮਚਾਰੀਆਂ ਦੀ ਇਹ ਨਿਵੇਕਲੀ ਪਹਿਲਕਦਮੀ ਤੋਂ ਲੋਕ ਵੀ ਬੜਾ ਖੁਸ਼ ਨਜ਼ਰ ਆਏ ਅਤੇ ਉਨਾਂ ਦਾ ਹੌਸਲਾ ਵੀ ਵਧਾਉਂਦੇ ਦਿਖੇ। ਇਸ ਮੌਕੇ ਗੱਲਬਾਤ ਕਰਦਿਆਂ ਸਮਨਦੀਪ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਇਹ ਪ੍ਰੇਰਣਾ ਸ੍ਰੀ ਮੁਕਤਸਰ ਸਾਹਿਬ ਦੇ ਡੀਐਸਪੀ ਐਚ ਸ੍ਰੀ ਹੇਮੰਤ ਕੁਮਾਰ ਸ਼ਰਮਾਂ ਤੋਂ ਮਿਲੀ ਹੈ। ਉਨਾਂ ਦੱਸਿਆ ਕਿ ਮਿਸ਼ਨ ਫਤਿਹ ਤੇ ਰਵਾਨਾ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਰਾਜਬਚਨ ਸਿੰਘ ਸੰਧੂ ਨੇ ਹਰੀ ਝੰਡੀ ਦਿਖਾ ਕੇ ਭੇਜਿਆ ਸੀ। ਉਨਾਂ ਦੱਸਿਆ ਕਿ ਹਜਾਰਾਂ ਦੀ ਗਿਣਤੀ ਚ, ਮਾਸਕ ਤੇ ਸੈਨੇਟਾਈਜਰ ਦਾ ਪ੍ਰਬੰਧ ਵੀ ਡੀਐਸਪੀ ਸ੍ਰੀ ਹੇਮੰਤ ਕੁਮਾਰ ਨੇ ਹੀ ਕਰਵਾਇਆ ਹੈ। ਉਨਾਂ ਪੁੱਛਣ ਤੇ ਕਿਹਾ ਕਿ ਉਹ ਭਾਂਵੇ ਸਾਇਕਲਾਂ ਤੇ ਚੱਲ ਰਹੇ ਹਨ, ਪਰੰਤੂ ਪ੍ਰਸਿੱਧ ਸਮਾਜ ਸੇਵੀ ਸ੍ਰੀ ਅਜੇ ਸਰਕਾਰ ਮਾਸਕ ਤੇ ਸਾਈਨੇਟਾਈਜ਼ਰ ਮੋਟਰਸਾਈਕਲ ਤੇ ਲੈ ਕੇ ਨਾਲ ਨਾਲ ਚੱਲ ਰਿਹਾ ਹੈ।
ਮਿਸ਼ਨ ਤੇ ਨਿੱਕਲਣ ਤੋਂ ਪਹਿਲਾਂ ਹੱਥੀਂ ਖੁਦ ਵੀ ਤਿਆਰ ਕੀਤੇ ਮਾਸਕ
ਸਮਨਦੀਪ ਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹਨਾਂ ਇਸ ਮਿਸ਼ਨ ਤੇ ਨਿੱਕਲਣ ਤੋਂ ਪਹਿਲਾਂ ਆਪਣੇ ਪਰਿਵਾਰਾਂ ਦੀ ਮੱਦਦ ਨਾਲ ਸੈਂਕੜਿਆਂ ਦੀ ਗਿਣਤੀ ਚ, ਮਾਸਕ ਘਰ ਚ, ਵੀ ਰਾਤ ਨੂੰ ਡਿਊਟੀ ਸਮਾਪਤ ਕਰਨ ਤੋਂ ਬਾਅਦ ਤਿਆਰ ਕੀਤੇ। ਉਨਾਂ ਨੂੰ ਖੁਸ਼ੀ ਹੈ ਕਿ ਉਹ ਮਾਨਵਤਾ ਤੇ ਆਣ ਪਈ ਇਸ ਮੁਸ਼ਕਿਲ ਘੜੀ ਚ, ਲੋਕਾਂ ਨੂੰ ਜਾਗਰੂਕ ਕਰਨ ਲਈ ਚੱਲੇ ਹਨ। ਉਨਾਂ ਦੱਸਿਆ ਕਿ ਉਹ ਸ੍ਰੀ ਮੁਕਤਸਰ ਸਾਹਿਬ ਤੋਂ ਫਰੀਦਕੋਟ, ਫਿਰੋਜਪੁਰ, ਤਰਨਤਾਰਨ, ਅਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਯਿਆਰਪੁਰ, ਨਵਾਂ ਸ਼ਹਿਰ, ਰੋਪੜ, ਮੋਹਾਲੀ, ਫਤਿਹਗੜ ਸਾਹਿਬ, ਪਟਿਆਲਾ ਤੋਂ ਸੰਗਰੂਰ ਤੇ ਰਾਸਤੇ ਬਰਨਾਲਾ ਪਹੁੰਚ ਰਹੇ ਹਨ।
ਡੀਐਸਪੀ ਹੇਮੰਤ ਕੁਮਾਰ ਖੁਦ ਹਰ ਦਿਨ ਪੁੱਛਦੇ ਹਾਲ-ਚਾਲ
ਸਮਨਦੀਪ ਤੇ ਗੁਰਸੇਵਕ ਨੇ ਕਿਹਾ ਕਿ ਡੀਐਸਪੀ ਹੇਮੰਤ ਕੁਮਾਰ ਸ਼ਰਮਾਂ ਅਜਿਹੇ ਇਨਸਾਨ ਹਨ ਕਿ ਉਹ ਹਰ ਦਿਨ ਉਨਾਂ ਦਾ ਹਾਲ ਚਾਲ ਫੋਨ ਤੇ ਪੁੱਛਦੇ ਰਹਿੰਦੇ ਹਨ। ਉਹ ਰਾਹ ਚ, ਕੋਈ ਤਕਲੀਫ ਸਬੰਧੀ ਦੇ ਰਾਤ ਦੀ ਠਹਿਰ ਤੇ ਰੋਟੀ ਪਾਣੀ ਦਾ ਪ੍ਰਬੰਧ ਹੋ ਜਾਣ ਦਾ ਵੀ ਧਿਆਨ ਰੱਖਦੇ ਹਨ। ਦੋਵਾਂ ਕੋਰੋਨਾ ਯੋਧਿਆਂ ਨੇ ਫਖਰ ਨਾਲ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਪੰਜਾਬ ਪੁਲਿਸ ਦੇ ਜਵਾਨ ਹਨ ਤੇ ਨਾਲ ਹੀ ਸਮਾਜ ਸੇਵਾ ਦੀ ਲਗਨ ਵੀ ਉਨਾਂ ਨੂੰ ਪਰਿਵਾਰਿਕ ਵਿਰਾਸਤ ਚੋਂ ਮਿਲੀ ਹੈ।