ਮਾਨਸਿਕ ਰੋਗੀ ਦੱਸਿਆ ਜਾ ਰਿਹਾ ਕਾਤਿਲ, ਛੁਡਾਉਣ ਲੱਗਿਆ ਬਜੁਰਗ ਵੀ ਗੰਭੀਰ ਜਖਮੀ, ਪਟਿਆਲਾ ਰੈਫਰ
ਲੋਕਾਂ ਨੇ ਦੋਸ਼ੀ ਨੂੰ ਮੌਕੇ ਤੇ ਹੀ ਫੜ੍ਹ ਕੇ ਕੀਤਾ ਪੁਲਿਸ ਹਵਾਲੇ
ਹਰਿੰਦਰ ਨਿੱਕਾ ਬਰਨਾਲਾ 28 ਜੁਲਾਈ 2020
ਜਿਲ੍ਹੇ ਦੇ ਪਿੰਡ ਬਡਬਰ ਦੇ ਗੁਰੂ ਘਰ ਚ, ਬਾਅਦ ਦੁਪਿਹਰ ਲੰਗਰ ਛੱਕਣ ਗਏ ਇੱਕ ਐਨਕਾਂ ਵੇਚਣ ਵਾਲੇ ਦਾ ਗੁਰੂ ਘਰ ਅੰਦਰ ਹੀ ਇੱਕ ਨੌਜਵਾਨ ਨੇ ਨੁਕੀਲੇ ਸਰੀਆਨੁਮਾ ਹਥਿਆਰ ਨਾਲ ਕਤਲ ਕਰ ਦਿੱਤਾ। ਜਦੋਂ ਕਿ ਹਮਲਾਵਰ ਨੌਜਵਾਨ ਨੇ ਛੁਡਾਉਣ ਆਏ ਇੱਕ ਹੋਰ ਬਜੁਰਗ ਨੂੰ ਵੀ ਗੰਭੀਰ ਰੂਪ ਚ, ਜਖਮੀ ਕਰ ਦਿੱਤਾ। ਜਿਸ ਨੂੰ ਡਾਕਟਰਾਂ ਨੇ ਮੁੱਢਲੇ ਇਲਾਜ਼ ਤੋਂ ਬਾਅਦ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ। ਘਟਨਾ ਸਮੇਂ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਹਮਲਾਵਰ ਨੌਜਵਾਨ ਨੂੰ ਬੜੀ ਮੁਸ਼ਕਿਲ ਨਾਲ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਵਾਰਦਾਤ ਵਾਲੀ ਥਾਂ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਚ, ਲੈ ਕੇ ਸਿਵਲ ਹਸਪਤਾਲ ਭੇਜ ਕੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਨੇਕ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਬਰਨਾਲਾ ਪਿੰਡਾਂ ਚ, ਘੁੰਮ ਫਿਰ ਕੇ ਐਨਕਾਂ ਵੇਚਣ ਦਾ ਕੰਮ ਕਰਦਾ ਸੀ। ਮੰਗਲਵਾਰ ਬਾਅਦ ਦੁਪਿਹਰ ਉਹ ਐਨਕਾਂ ਵੇਚਣ ਲਈ ਪਿੰਡ ਬਡਬਰ ਪਹੁੰਚ ਗਿਆ ਅਤੇ ਕਰੀਬ 3 ਕੁ ਵਜੇ ਲੰਗਰ ਖਾਣ ਲਈ ਗੁਰੂਦੁਆਰਾ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਗੋਵਾਲ ਵਿਖੇ ਚਲਾ ਗਿਆ । ਉੱਥੇ ਹੀ ਕਥਿਤ ਤੌਰ ਤੇ ਭੰਗ ਦੇ ਨਸ਼ੇ ਚ, ਧੁੱਤ ਇੱਕ ਨੌਜਵਾਨ ਦੀਵਾਨ ਸਿੰਘ ਕਾਲਾ ਪੁੱਤਰ ਛੱਜੂ ਸਿੰਘ ਵੀ ਮੌਜੂਦ ਸੀ। ਇੱਕ ਦਮ ਤੈਸ਼ ਚ, ਆਏ ਦੀਵਾਨ ਸਿੰਘ ਨੇ ਨੁਕੀਲੇ ਹਥਿਆਰ ਨਾਲ ਹਰਨੇਕ ਸਿੰਘ ਦੇ ਸਿਰ ਤੇ ਕਈ ਵਾਰ ਕਰ ਦਿੱਤੇ। ਜਖਮਾਂ ਦੀ ਤਾਬ ਨਾ ਝੱਲਦਿਆਂ ਹਰਨੇਕ ਸਿੰਘ ਉਮਰ ਕਰੀਬ 40 ਕੁ ਸਾਲ ਨੇ ਦਮ ਤੋੜ ਦਿੱਤਾ।
ਜਦੋਂ ਇੱਕ ਹੋਰ ਕਰੀਬ 70 ਵਰ੍ਹਿਆਂ ਦਾ ਬਜੁਰਗ ਮਲੂਕ ਸਿੰਘ ਪੁੱਤਰ ਸੁੰਦਰ ਸਿੰਘ ਹਮਲਾਵਰ ਨੌਜਵਾਨ ਨੂੰ ਰੋਕਣ ਲਈ ਅੱਗੇ ਵਧਿਆ ਤਾਂ ਹਮਲਾਵਰ , ਬਜੁਰਗ ਤੇ ਵੀ ਹਥਿਆਰ ਲੈ ਕੇ ਝਪਟ ਪਿਆ। ਜਿਸ ਨਾਲ ਮਲੂਕ ਸਿੰਘ ਵੀ ਗੰਭੀਰ ਰੂਪ ਚ, ਜਖਮੀ ਹੋ ਗਿਆ। ਮਾਰਤਾ ਮਾਰਤਾ ਦਾ ਰੌਲਾ ਪਾਉਣ ਤੋਂ ਬਾਅਦ ਇਕੱਠੇ ਹੋਏ ਹੋਰ ਲੋਕਾਂ ਨੇ ਹਮਲਾਵਰ ਨੌਜਵਾਨ ਨੂੰ ਫੜ੍ਹ ਲਿਆ ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਅਤੇ ਦੋਸ਼ੀ ਨੂੰ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਦੇ ਹਵਾਲੇ ਕਰ ਦਿੱਦਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਤਪਾ ਰਵਿੰਦਰ ਸਿੰਘ, ਐਸਐਚਉ ਥਾਣਾ ਸਦਰ ਬਰਨਾਲਾ ਬਲਜੀਤ ਸਿੰਘ ਢਿੱਲੋਂ, ਏਐਸਆਈ ਹਰਦੀਪ ਸਿੰਘ, ਏਐਸਆਈ ਤਰਸੇਮ ਸਿੰਘ ਸਮੇਂ ਮੌਕਾ ਏ ਵਾਰਦਾਤ ਤੇ ਪਹੁੰਚ ਗਏ। ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਹੱਤਿਆ ਦੀ ਵਜ੍ਹਾ ਜਾਨਣ ਲਈ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਦੋਸ਼ੀ ਖਿਲਾਫ ਹੱਤਿਆ ਦਾ ਕੇਸ ਦਰਜ਼ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।