ਕਰਾਮਾਤੀ ਗੱਲਾਂ ਕਰਕੇ ਬਾਬਾ 1.50 ਲੱਖ ਸੋਨਾ ਲੈ ਕੇ ਹੋਇਆ ਫੁਰਰ
ਪੁਲਿਸ ਦੇ 24 ਘੰਟੇ ਰਹਿੰਦੇ ਨਾਕੇ ਤੋਂ ਮਾਮੂਲੀ ਫਾਸਲੇ ਤੇ ਦਿੱਤਾ ਵਾਰਦਾਤ ਨੂੰ ਅੰਜਾਮ
ਸੀਸੀਟੀਵੀ ਕੈਮਰੇ ਚ, ਕੈਦ ਹੋਇਆ ਕਰਾਮਾਤੀ ਬਾਬਾ ਤੇ ਉਹਦੀ ਚੇਲੀ-ਚੇਲਾ
ਰਾਹ ਪੁੱਛਣ ਦਾ ਬਹਾਨਾ ਲਾ ਰੁਕੇ ਬਾਬੇ, ਠੱਗੀ ਮਾਰ ਕੇ ਔਹ ਗਏ ਔਹ ਗਏ
ਮਨੀ ਗਰਗ ਬਰਨਾਲਾ 28 ਜੁਲਾਈ 2020
ਕਰਾਮਾਤੀ ਗੱਲਾਂ ਕਰਕੇ ਇੱਕ ਬਾਬਾ ਆਪਣੀ ਇੱਕ ਚੇਲੀ ਤੇ ਚੇਲੇ ਸਣੇ ਸ਼ਹਿਰ ਦੀ ਇੱਕ ਦੁਕਾਨਦਾਰ ਗੁਰਸਿੱਖ ਬੀਬੀ ਤੋਂ ਕਰੀਬ ਡੇਢ ਲੱਖ ਦਾ ਸੋਨਾ ਖੋਹ ਕੇ ਰਫੂ ਚੱਕਰ ਹੋ ਗਿਆ। ਜਦੋਂ ਤੱਕ ਦੁਕਾਨਦਾਰ ਬੀਬੀ ਨੂੰ ਖੁਦ ਨਾਲ ਹੋਈ ਠੱਗੀ ਦਾ ਪਤਾ ਲੱਗਿਆ, ਉਦੋਂ ਤੱਕ ਬਾਬਾ ਤੇ ਉਹਦੇ ਚੇਲੇ ਔਹ ਗਏ ਔਹ ਗਏ।
ਅਨੋਖੀ ਠੱਗੀ ਦੀ ਇਹ ਵਾਰਦਾਤ ਸ਼ਹਿਰ ਦੇ ਸਭ ਤੋਂ ਭੀੜਭਾੜ ਵਾਲੇ ਖੇਤਰ ਸੇਖਾ ਫਾਟਕ ਦੇ ਨੇੜੇ ਵਾਪਰੀ, ਜਿਸ ਦੇ ਕੁਝ ਕਦਮਾਂ ਦੀ ਦੂਰੀ ਤੇ ਪੁਲਿਸ ਦਾ ਨਾਕਾ 24 ਘੰਟੇ ਲੱਗਿਆ ਰਹਿੰਦਾ ਹੈ। ਨਾਕੇ ਤੇ ਤਾਇਨਾਤ ਕਰਮਚਾਰੀ ਆਪਣੇ ਫੋਨ ਤੇ ਹੀ ਇੱਨ੍ਹੇ ਰੁੱਝੇ ਰਹੇ ਕਿ ਉਹਨਾਂ ਨੂੰ ਘਟਨਾ ਸਬੰਧੀ ਰੌਲਾ ਪੈਣ ਤੋਂ ਬਾਅਦ ਵੀ ਕੁਝ ਪਤਾ ਨਾ ਲੱਗਿਆ। ਜਦੋਂ ਕਿ ਦੂਰ ਇਲਾਕੇ ਚੋਂ ਮੀਡੀਆ ਵਾਲੇ ਤੇ ਹੋਰ ਪੁਲਿਸ ਵਾਲੇ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਛਾਣਬੀਨ ਚ, ਲੱਗ ਗਏ ਸਨ। ਸਾਹਿਬ ਸੀਮੇਂਟ ਸਟੋਰ ਦੀ ਮਾਲਿਕ ਬੀਬੀ ਮਨਜੀਤ ਕੌਰ ਪਤਨੀ ਦਰਸ਼ਨ ਸਿੰਘ ਠੇਕੇਦਾਰ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਪਿਹਰ ਕਰੀਬ ਸਾਢੇ 12 ਵਜੇ ਇੱਕ ਮੋਟਰ ਸਾਈਕਲ ਤੇ ਸਵਾਰ ਇੱਕ ਨੌਜਵਾਨ ਲੜਕਾ ਲੜਕੀ ਦੁਕਾਨ ਤੇ ਰੁਕੇ ਅਤੇ ਨਾਨਕਸਰ ਠਾਠ ਦਾ ਰਾਹ ਪੁੱਛਣ ਲੱਗ ਪਏ। ਇਨ੍ਹੇਂ ਚਿਰ ਚ, ਹੀ ਇੱਕ ਸਿੱਖ ਭੇਸ ਵਾਲਾ ਬਾਬਾ ਵੀ ਉੱਥੇ ਪਹੁੰਚਿਆ, ਜਿਸ ਨੂੰ ਪਹਿਲਾਂ ਦੁਕਾਨ ਦੇ ਰੁਕੇ ਲੜਕੇ ਤੇ ਲੜਕੀ ਨੇ ਬਾਬਾ ਜੀ ਨੂੰ ਬੜੀ ਕਰਨੀ ਵਾਲੇ ਸੰਤ ਦੱਸਿਆ ਕਿ ਤੁਸੀਂ ਬੜੇ ਭਾਗਾਂ ਵਾਲੇ ਹੋ, ਜਿਨ੍ਹਾਂ ਦੀ ਦੁਕਾਨ ਤੇ ਇੱਨਾਂ ਦੇ ਚਰਨ ਪੈ ਗਏ।
ਗੁਰਸਿੱਖ ਹੋਣ ਕਰਕੇ ਉਹ ਗੱਲਾਂ ਕਰਨ ਲੱਗੇ ਅਤੇ ਬਾਬੇ ਨੇ ਇੱਕ ਪੋਟਲੀ ਜਿਹੀ ਫੜਾਈ ਕਿ ਆਹ ਲਉ ਬੀਬੀ, ਇਸ ਨੂੰ ਸ਼ਾਮ ਨੂੰ ਖੋਹਲਣਾ, ਇਸ ਚੋਂ ਅਜਿਹੀ ਚੀਜ਼ ਮਿਲੂਗੀ, ਤੁਸੀਂ ਧੰਨ ਹੋ ਜਾਵੋਗੇ। ਕੁਝ ਸਮਾਂ ਹੋਰ ਗੱਲਾਂ ਕਰਨ ਤੋਂ ਬਾਅਦ ਬਾਬੇ ਨੇ ਕਿਹਾ ਕਿ ਬੀਬਾ ਜੀ ਆਹ ਤੁਹਾਡੇ ਪਾਇਆ ਸੋਨੇ ਦਾ ਕੜਾ ਅਤੇ ਅੰਗੂਠੀ ਲਾਹ ਕੇ ਰੱਖ ਦਿਉ । ਬਾਬੇ ਦੇ ਚੇਲੇ ਤੇ ਚੇਲੀ ਨੇ ਕਿਹਾ ਤੁਸੀਂ ਧੰਨ ਹੋ ਬਾਬੇ ਥੋਡੇ ਦੇ ਦਿਆਲ ਹੋ ਗਏ,ਇੱਨਾਂ ਦੇ ਅਸ਼ੀਰਵਾਦ ਨਾਲ ਤੁਸੀਂ ਨਿਹਾਲ ਹੋ ਜਾਉਗੇ।
ਉਨਾਂ ਦੱਸਿਆ ਕਿ ਜਦੋਂ ਮੈਂ ਉਨਾਂ ਦੇ ਕਹਿਣ ਦੇ ਆਪਣੇ ਪਹਿਣਿਆ ਸੋਨਾ ਲਾਹ ਕੇ ਰੱਖਿਆ ਤਾਂ ਬਾਬੇ ਨੇ ਇੱਕ ਹੋਰ ਡਲੀ ਜਿਹੀ ਮੈਨੂੰ ਫੜਾਈ, ਜਿਸ ਨੂੰ ਫੜ੍ਹਦਿਆਂ ਹੀ ਮੈਂ ਬੌਂਦਲ ਜਿਹੀ ਗਈ, ਕੁਝ ਪਤਾ ਹੀ ਨਹੀਂ ਲੱਗਿਆ ਕਿ ਬਾਬਾ ਤੇ ਉਹਦੇ ਦੋਵੇਂ ਚੇਲੇ ਸੋਨਾ ਚੁੱਕ ਕੇ ਖਿਸਕ ਗਏ। 15/20 ਮਿੰਟ ਬਾਅਦ ਹੋਸ਼ ਆਉਣ ਤੇ ਪਤਾ ਲੱਗਿਆ ਕਿ ਬਾਬਾ ਤੇ ਉਹਦੇ ਚੇਲੇ ਉਸ ਦਾ ਕਰੀਬ ਡੇਢ ਲੱਖ ਰੁਪਏ ਦਾ ਸੋਨਾ ਲੈ ਗਏ। ਫਿਰ ਲੁੱਟ ਲਈ ਲੁੱਟ ਲਈ ਦਾ ਰੌਲਾ ਪਾਇਆ, ਜਦੋਂ ਤੱਕ ਲੋਕ ਇਕੱਠੇ ਹੋਏ ਤਾਂ ਠੱਗਾਂ ਦਾ ਕੋਈ ਪਤਾ ਨਹੀਂ ਲੱਗਿਆ।
-ਸੀਸੀਟੀਵੀ ਚ, ਕੈਦ ਹੋਈ ਪੂਰੀ ਵਾਰਦਾਤ
ਮੌਕੇ ਤੇ ਲੱਗੇ ਸੀਸੀਟੀਵੀ ਕੈਮਰਿਆਂ ਚ, ਪੂਰੀ ਵਾਰਦਾਤ ਅਤੇ ਤਿੰਨੋਂ ਠੱਗ ਸਾਫ ਦਿਖਾਈ ਦੇ ਰਹੇ ਹਨ। ਥਾਣਾ ਸਿਟੀ 1 ਦੇ ਐਸਐਚਉ ਗੁਲਾਬ ਸਿੰਘ ਨੇ ਘਟਨਾ ਸਬੰਧੀ ਪੁੱਛਣ ਤੇ ਦੱਸਿਆ ਕਿ ਡਿਊਟੀ ਅਫਸਰ ਨੂੰ ਮੌਕਾ ਦੇਖਣ ਲਈ ਭੇਜਿਆ ਗਿਆ ਸੀ, ਸੀਸੀਟੀਵੀ ਦੀ ਫੁਟੇਜ ਦੀ ਗਹਿਰਾਈ ਨਾਲ ਘੋਖ ਕੀਤੀ ਜਾ ਰਹੀ ਹੈ। ਸ਼ਕਾਇਤ ਦੇ ਅਧਾਰ ਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਚ, ਲਿਆਂਦੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੇ ਅਧਾਰ ਦੇ ਸ਼ਿਨਾਖਤ ਕਰਕੇ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਨਾਕੇ ਤੇ ਕੋਤਾਹੀ ਕਰਨ ਵਾਲਿਆਂ ਖਿਲਾਫ ਕਰਾਂਗੇ ਵਿਭਾਗੀ ਕਾਰਵਾਈ-ਡੀਐਸਪੀ ਟਿਵਾਣਾ
ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਸੇਖਾ ਫਾਟਕ ਨੇੜੇ ਅੱਜ ਹੋਈ ਵਾਰਦਾਤ ਦੇ ਮੌਕੇ ਨਾਕਾ ਡਿਊਟੀ ਦੌਰਾਨ ਲਾਪਰਵਾਹੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਖਿਲਾਫ ਜਾਂਚ ਉਪਰੰਤ ਵਿਭਾਗੀ ਕਾਰਵਾਈ ਅਮਲ ਚ, ਲਿਆਂਦੀ ਜਾਵੇਗੀ, ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇਸੇ ਨਾਕੇ ਦੀ ਚੈਕਿੰਗ ਦੌਰਾਨ ਕੁਝ ਕਰਮਚਾਰੀ ਡਿਊਟੀ ਤੇ ਸੁੱਤੇ ਪਏ ਮਿਲੇ ਸੀ, ਜਿਨ੍ਹਾਂ ਵਿਰੁੱਧ ਵੀ ਡੀਐਸਪੀ ਟਿਵਾਣਾ ਨੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟਿਵਾਣਾ ਨੇ ਕਿਹਾ ਕਿ ਡਿਊਟੀ ਚ, ਕੋਤਾਹੀ ਕਰਨ ਵਾਲੇ ਕਿਸੇ ਵੀ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।