ਸਾਰੇ ਜ਼ਿਲ੍ਹਾ ਵਾਸੀ ਹਰਿਆਵਲ ਮੁਹਿੰਮ ਵਿਚ ਸਹਿਯੋਗ ਦੇਣ: ਤੇਜ ਪ੍ਰਤਾਪ ਸਿੰਘ ਫੂਲਕਾ
ਹਰਿੰਦਰ ਨਿੱਕਾ ਬਰਨਾਲਾ 24 ਜੁਲਾਈ 2020
ਜੰਗਲਾਤ ਮੰਤਰੀ, ਪੰਜਾਬ ਸ. ਸਾਧੂ ਸਿੰਘ ਧਰਮਸੋਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਜ਼ਿਲ੍ਹਾ ਬਰਨਾਲਾ ਨੂੰ ਹਰਿਆ-ਭਰਿਆ ਬÎਣਾਉਣ ਲਈ ਡੇਢ ਲੱਖ ਪੌਦੇ ਲਾਏ ਜਾਣਗੇ। ਇਸ ਮੁਹਿੰਮ ਦੀ ਸ਼ੁਰੂਆਤ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਪੌਦੇ ਲਗਾ ਕੇ ਕੀਤੀ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਨੇ ਦੱਸਿਆ ਕਿ ਬਰਨਾਲੇ ਨੂੰ ਹਰਿਆ-ਭਰਿਆ ਬਣਾਉਣ ਲਈ ਪੂਰੇ ਜ਼ਿਲ੍ਹੇ ਵਿੱਚ 1.50 ਲੱਖ ਪੌਦੇ ਲਾਏ ਜਾਣਗੇ, ਜਿਸ ਦੀ ਸ਼ੁਰੂਆਤ ਅੱਜ ਬਰਨਾਲਾ ਸ਼ਹਿਰ ’ਚ ਗਰੀਨ ਐਵੇਨਿਊ ਕਲੋਨੀ ਤੋਂ ਕਰ ਦਿੱਤੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਦੀਆਂ ਸੜਕਾਂ, ਆਈਟੀਆਈ ਚੌਕ, ਹੰਢਿਆਇਆ ਚੌਕ ਤੇ ਸ਼ਹਿਰ ਦੀਆਂ ਹੋਰ ਥਾਵਾਂ ’ਤੇ ਵਣ ਵਿਭਾਗ ਵੱਲੋ ਚੰਗੀ ਕਿਸਮ ਦੇ ਬੂਟੇ ਲਗਾਏ ਜਾਣਗ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਅਤੇ ਸਹਾਇਕ ਕਮਿਸ਼ਨਰ (ਜ) ਸ੍ਰੀ ਅਸ਼ੋਕ ਕੁਮਾਰ ਵੱਲੋਂ ਵੀ ਪੌਦੇ ਲਾਏ ਗਏ ਅਤੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਮੁਹਿੰਮ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਸ੍ਰੀਮਤੀ ਵਿਦਿਆ ਸਾਗਰੀ ਆਰਯੂ, ਆਈਐਫਐਸ ਵਣ ਮੰਡਲ ਅਫਸਰ ਸੰਗਰੂਰ ਨੇ ਦੱਸਿਆ ਕਿ ਵਣ ਵਿਭਾਗ ਵੱਲੋਂ ਵਾਤਾਵਰਣ ਸੰਭਾਲ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਅੱਜ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਪੌਦੇ ਲਾਉਣ ਤੋਂ ਵੀ ਅਹਿਮ ਇਨ੍ਹਾਂ ਦੀ ਸੰਭਾਲ ਹੈ, ਜਿਸ ਲਈ ਵਿਭਾਗ ਤਾਂ ਯਤਨ ਕਰਦਾ ਹੀ ਹੈ, ਬਲਕਿ ਸਬੰਧਤ ਇਲਾਕੇ ਦੇ ਵਸਨੀਕ ਵੀ ਆਪਣਾ ਨੈਤਿਕ ਫਰਜ਼ ਨਿਭਾਉਣ।
ਇਸ ਮੌਕੇ ਗਰੀਨ ਐਵੇਨਿਊ ਤੋਂ ਅਸ਼ੋਕ ਕੁਮਾਰ, ਸ੍ਰੀ ਰਾਜ ਮਹਿੰਦਰ , ਐਸ.ਪੀ. ਕੌਸ਼ਲ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਪਰਦੀਪ ਸਿੰਘ ਸੋਢੀ, ਦੀਪ ਸੰਘੇੜਾ, ਹੈਪੀ ਢਿੱਲੋਂ, ਹਰਦੀਪ ਜਾਗਲ, ਚੇਅਰਮੈਨ ਇੰਪਰੂਵਮੈਂਟ ਟਰੱਸਟ ਮੱਖਣ ਸ਼ਰਮਾ ਤੇ ਵਣ ਰੇਂਜ ਬਰਨਾਲਾ ਦਾ ਸਮੂਹ ਸਟਾਫ ਹਾਜ਼ਰ ਸੀ।