9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦਿਵਸ ‘ ਤੇ ਖੇਤੀ-ਕਿਸਾਨੀ ਬਚਾਉ-ਕਾਰਪੋਰੇਟ ਭਜਾਉ ਦੇ ਨਾਅਰੇ ਹੇਠ ਦੇਸ਼ ਵਿਆਪੀ ਕਿਸਾਨ ਅੰਦੋਲਨ ਦਾ ਐਲਾਨ
ਹਰਿੰਦਰ ਨਿੱਕਾ ਬਰਨਾਲਾ 24 ਜੁਲਾਈ 2020
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ (ਭਾਰਤ ਦੀਆਂ 250 ਕਿਸਾਨ ਜਥੇਬੰਦੀਆਂ ਦਾ ਮੋਰਚਾ) ਦੇ ਪੰਜਾਬ ਚੈਪਟਰ ਦੀ ਵਿਸੇਸ਼ ਮੀਟਿੰਗ ਨਿਰਭੈ ਸਿੰਘ ਢੁੱਡੀਕੇ, ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹੋਈ ਚਰਚਾ ਅਤੇ ਫੈਸਲਿਆਂ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਚੈਪਟਰ ਦੇ ਕਨਵੀਨਰ ਡਾ: ਦਰਸ਼ਨ ਪਾਲ ਨੇ ਦੱਸਿਆ ਕਿ ਮੀਟਿੰਗ ਦੇ ਸ਼ੁਰੂ ‘ਚ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਐਮ.ਪੀ. ਸੁਖਬੀਰ ਸਿੰਘ ਬਾਦਲ ਅਤੇ ਕੁੱਝ ਹੋਰ ਸੀਨੀਅਰ ਅਕਾਲੀ ਆਗੂਆਂ ਵੱਲੋਂ ਕੇਦਰ ਸਰਕਾਰ ਦੇ ਮੰਤਰੀਆਂ ਨਾਲ ਕਿਸਾਨ ਜਥੇਬੰਦੀਆਂ ਦੀ ਗੱਲਬਾਤ ਲਈ ਵਿਚੋਲਗੀ ਕਰਨ ਦੇ ਸੱਦੇ ਨੂੰ ਠੁਕਰਾਂਉਂਦਿਆਂ ਉਲਟਾ ਉਹਨਾਂ ਨੂੰ ਪੁੱਛਿਆਂ ਕਿ ਹੁਣ ਅਕਾਲੀ ਦਲ ਪੰਜਾਬ ਅਤੇ ਪੰਜਾਬੀ ਕਿਸਾਨਾਂ ਦੇ ਹੱਕ ਵਿੱਚ ਖੁਦ ਮੋਰਚਾ ਕਿਉਂ ਨਹੀਂ ਲਾਉਂਦਾ ? ਪੰਜਾਬ ਦੀ ਸਰਕਾਰ ਵੱਲੋਂ ਆਰਡੀਨੈਂਸਾਂ ਅਤੇ ਹੋਰ ਕਿਸਾਨੀ ਮੰਗਾਂ ਲਈ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਖਿਲਾਫ਼ ਪਰਚੇ ਦਰਜ ਕਰਨ ਦੀ ਵੀ ਜ਼ੋਰਦਾਰ ਨਿਖੇਧੀ ਦਾ ਮਤਾ ਪਾਸ ਕੀਤਾ ਗਿਆ ਅਤੇ ਤੁਰੰਤ ਕੇਸ ਵਾਪਸ ਲੈਣ ਦੀ ਮੰਗ ਕੀਤੀ।
ਉਹਨਾਂ ਅੱਗੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਵਿਰੋਧੀ ਲਿਆਂਦੇ ਤਿੰਨ ਆਰਡੀਨੈਂਸਾਂ ਅਤੇ ਹੋਰ ਫੈਸਲਿਆਂ ਖਿਲਾਫ਼ 27 ਜੁਲਾਈ ਨੂੰ ਜੋ ਟਰੈਕਰ ਮਾਰਚ ਕਰਨੇ ਹਨ ਦੀ ਤਿਆਰੀ ਦਾ ਜਾਇਜ਼ਾ ਲਿਆ ਗਿਆ। ਵੱਖੋ ਵੱਖ ਜ਼ਿਲ੍ਹਿਆਂ ਦੀ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਜੋ ਆਗੂਆਂ ਨੇ ਰਿਪੋਰਟ ਕੀਤੀ ਉੱਪਰ ਤਸੱਲੀ ਪ੍ਰਗਟ ਕਰਦਿਆਂ ਆਗੂਆਂ ਨੇ ਦੱਸਿਆ ਕਿ ਹਜਾਰਾਂ ਦੀ ਗਿਣਤੀ ਵਿੱਚ ਟਰੈਕਟਰਾਂ ਦੇ ਕਾਫਿਲੇ 27 ਜੁਲਾਈ ਨੂੰ ਅਕਾਲੀਆਂ ਅਤੇ ਭਾਰਤੀ ਜਨਤਾ ਪਾਰਟੀ ਦੇ ਚੁਣੇ ਹੋਏ ਨੁੰਮਾਇੰਦਿਆਂ, ਐਮ.ਪੀ, ਐਮ.ਐਲ.ਏ ਅਤੇ ਉਨ੍ਹਾਂ ਦੇ ਵੱਡੇ ਲੀਡਰਾਂ ਦੇ ਦਫ਼ਤਰਾਂ /ਘਰਾਂ ਤੱਕ ਜਾਣਗੇ ਅਤੇ ਉੱਥੇ ਦੋ ਘੰਟੇ ਕਿਸਾਨ ਲੀਡਰ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਬਿਲ-2020 ਨੂੰ ਵਾਪਸ ਲੈਣ, ਡੀਜ਼ਲ ਪੈਟਰੋਲ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਨੂੰ ਅੱਧੀਆਂ ਕਰਨ ਦੀ ਮੰਗ ਕਰਨ ਦੇ ਨਾਲ ਨਾਲ, ਪੰਜਾਬ ਦੇ ਹੱਕਾਂ ਤੇ ਕੇਂਦਰ ਵੱਲੋਂ ਮਾਰੇ ਜਾ ਛਾਪਿਆਂ ਅਤੇ ਜਮਹੂਰੀ ਕਾਰਕੁੰਨਾਂ, ਪੱਤਰਕਾਰਾਂ, ਕਲਾਕਾਰਾਂ, ਲੇਖਕਾਂ, ਕਵੀਆਂ ਜੋ ਵੱਖਰੇ ਵਿਚਾਰ ਰੱਖਦੇ ਹਨ ਦੇ ਵਿਰੁੱਧ ਝੂਠੇ ਕੇਸ ਦਰਜ ਕਰ ਕੇ ਜੇਲ੍ਹਾਂ ਵਿੱਚ ਡੱਕਣ ਆਦਿ ਦਾ ਵਿਰੋਧ ਕਰਨਗੇ ਅਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਕਰਨਗੇ। ਮੀਟਿੰਗ ਵਿੱਚ ਦੁੱਧ ਦੀਆਂ ਲਗਾਤਾਰ ਡਿੱਗ ਰਹੀਆਂ ਕੀਮਤਾਂ ਅਤੇ ਘੱਟੋ ਘੱਟ ਸਮਰੱਥਨ ਮੁੱਲ ਤੋਂ ਅੱਧੀ ਕੀਮਤ ‘ਤੇ ਲੁੱਟੀ ਜਾ ਰਹੀ ਮੱਕੀ ਦੀ ਚਿੰਤਾ ਵੀ ਪ੍ਰਗਟ ਕੀਤੀ ਗਈ।
ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਦੇ ਕੇਂਦਰੀ ਵਰਕਿੰਗ ਗਰੁੱਪ ਵੱਲੋਂ ਲਏ ਗਏ ਫੈਸਲੇ ਜਿਸ ਅਨੁਸਾਰ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਵਾਲੇ ਦਿਨ ‘ਤੇ ਸਾਰੇ ਭਾਰਤ ਵਿੱਚ ਕਿਸਾਨ ਸੰਘਰਸ਼ ਵੱਲੋਂ ਇਹ ਨਾਅਰਾ ਬੁਲੰਦ ਕੀਤਾ ਜਾਵੇਗਾ ਕਿ “9 ਅਗਸਤ 1942 ਨੂੰ ਸਾਡਾ ਨਾਅਰਾ ਸੀ ਅੰਗਰੇਜ਼ੋ ਭਾਰਤ ਛੱਡੋ , ਹੁਣ 9 ਅਗਸਤ 2020 ਨੂੰ ਸਾਡਾ ਨਾਅਰਾ ਹੈ ,ਕਾਰਪੋਰੇਟ ਘਰਾਣਿਉ- ਖੇਤੀ ਖੇਤਰ ਛੱਡੋ”ਨੂੰ ਪੰਜਾਬ ਵਿੱਚ ਜੋਰ ਸ਼ੋਰ ਨਾਲ ਲਾਗੂ ਕੀਤਾ ਜਾਵੇਗਾ। ਉਸ ਦਿਨ ਪੂਰੇ ਭਾਰਤ ਦੇ ਕਿਸਾਨ ਆਪਣੀਆਂ 9 ਮੰਗਾਂ ਲਈ ਭਾਰਤ ਭਰ ‘ਚ ਅੰਦੋਲਨ ਕਰਦੇ ਹੋਏ, ਮੰਗ ਪੱਤਰ ਕੇਂਦਰ ਸਰਕਾਰ ਨੂੰ ਭੇਜਣਗੇ। 9 ਅਗਸਤ ਦੇ ਪ੍ਰੋਗਰਾਮ ਨੂੰ ਪੰਜਾਬ ਵਿੱਚ ਠੋਸ ਰੂਪ ਵਿੱਚ ਲਾਗੂ ਕਰਨ ਲਈ ਅਤੇ ਸੰਘਰਸ਼ ਦੀ ਠੋਸ ਰੂਪ ਰੇਖਾ ਉਲੀਕਣ ਲਈ 10 ਕਿਸਾਨ ਜਥੇਬੰਦੀਆਂ ਦੀ ਮੀਟਿੰਗ 31 ਜੁਲਾਈ ਨੂੰ ਮੋਗਾ ਵਿਖੇ ਬੁਲਾ ਲਈ ਗਈ ਹੈ।
ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਪ੍ਰਧਾਨ ਸਤਨਾਮ ਸਿੰਘ ਅਜਨਾਲਾ; ਭਾਰਤੀ ਕਿਸਾਨ ਯੂਨੀਅਨ, ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ; ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ: ਦਰਸ਼ਨ ਪਾਲ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿੰਮਾ; ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ; ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਰਵੀ; ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਬਲਕਰਨ ਸਿੰਘ ਬਰਾੜ ਅਤੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ; ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਜਨਰਲ ਸਕੱਤਰ ਨਿਰਵੈਲ ਸਿੰਘ ਡਾਲੇਕੇ; ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁਡੀਕੇ ਅਤੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ; ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨ੍ਹਾਂਵਾਲ ਅਤੇ ਜੈ ਕਿਸਾਨ ਅੰਦੋਲਨ ਦੇ ਪੰਜਾਬ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਰਨਾਲਾ ਹਾਜ਼ਰ ਹੋਏ।