ਜੇਕਰ ਦਰਦੀ ਵਿਰੁੱਧ ਦਰਜ਼ ਕੇਸ ਰੱਦ ਨਾ ਕੀਤਾ ਗਿਆ ਤਾਂ ਪੱਤਰਕਾਰ ਭਾਈਚਾਰਾ ਮਜ਼ਬੂਰਨ ਸੰਘਰਸ਼ ਦਾ ਰਾਹ ਅਖਿਤਆਰ ਕਰੇਗਾ- ਸਿੱਧੂ
ਰਵੀ ਸੈਣ ਬਰਨਾਲਾ 24 ਜੁਲਾਈ 2020
ਚੜ੍ਹਦੀ ਕਲਾ / ਟਾਈਮ ਟੀਵੀ ਗਰੁੱਪ ਦੇ ਚੇਅਰਮੈਨ ਅਤੇ ਪੱਤਰਕਾਰਿਤਾ ਦੇ ਥੰਮ ਜਗਜੀਤ ਸਿੰਘ ਦਰਦੀ ਦੇ ਖਿਲਾਫ਼ ਪਟਿਆਲਾ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰਨ ਦੀ ਅਜਾਦ ਪ੍ਰੈਸ ਕਲੱਬ ਬਰਨਾਲਾ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਬਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਕੁੱਝ ਸ਼ਰਾਰਤੀ ਲੋਕਾਂ ਨਾਲ ਮਿਲ ਕੇ ਇੱਕ ਸਾਜਿਸ਼ ਅਧੀਨ ਸ. ਦਰਦੀ ਦੇ ਅਕਸ਼ ਨੂੰ ਖਰਾਬ ਕਰਨ ਲਈ ਸੰਗੀਨ ਜੁਰਮ ਲਾ ਕੇ ਝੂਠਾ ਪਰਚਾ ਦਰਜ ਕੀਤਾ ਹੈ। ਜਿਸ ਦੀ ਸਮੁੱਚਾ ਪੱਤਰਕਾਰ ਭਾਈਚਾਰਾ ਕਰੜੀ ਨਿੰਦਾ ਕਰਦਾ ਹੈ ਅਤੇ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਤੋਂ ਇਹ ਝੂਠਾ ਕੇਸ ਰੱਦ ਕਰਨ ਦੀ ਮੰਗ ਵੀ ਕਰਦਾ ਹੈ। ਸਿੱਧੂ ਨੇ ਕਿਹਾ ਕਿ ਕਿੰਨ੍ਹੀ ਸ਼ਰਮਨਾਕ ਅਤੇ ਹਾਸੋਹੀਣੀ ਗੱਲ ਹੈ ਕਿ ਭਾਰਤੀ ਪਾਰਲੀਮੈਂਟ ਦੀ ਮੀਡੀਆ ਐਡਵਾਈਜ਼ਰੀ ਕਮੇਟੀ ਦੇ ਸਥਾਈ ਮੈਂਬਰ , ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਦੇ ਮੈਂਬਰ ਅਤੇ ਵੱਖ ਵੱਖ ਸਨਮਾਨ ਹਾਸਿਲ ਕਰ ਚੁੱਕੇ ਕਰੀਬ 73 ਸਾਲਾ ਪ੍ਰਮੁੱਖ ਪੱਤਰਕਾਰ ਜਗਜੀਤ ਸਿੰਘ ਦਰਦੀ ‘ਖਿਲਾਫ ਪੁਲਿਸ ਨੇ ਇਰਾਦਾ ਕਤਲ ਜਿਹਾ ਝੂਠਾ ਦਰਜ ਕਰ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਸ੍ਰ. ਜਗਜੀਤ ਸਿੰਘ ਦਰਦੀ ਵਿਰੁੱਧ ਦਰਜ਼ ਕੀਤਾ ਝੂਠਾ ਕੇਸ ਬਿਨਾਂ ਦੇਰੀ ਰੱਦ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਕਾਨੂੰਨ ਵਿਵਸਥਾ ਚ, ਵਿਸ਼ਵਾਸ਼ ਬਣਿਆ ਰਹੇ। ਉਨਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸ. ਜਗਜੀਤ ਸਿੰਘ ਦਰਦੀ ਵਿਰੁੱਧ ਦਰਜ਼ ਕੇਸ ਰੱਦ ਨਾ ਕੀਤਾ ਗਿਆ ਤਾਂ ਪੱਤਰਕਾਰ ਭਾਈਚਾਰਾ ਮਜ਼ਬੂਰਨ ਸੰਘਰਸ਼ ਦਾ ਰਾਹ ਅਖਿਤਆਰ ਕਰੇਗਾ । ਜਿਸ ਤੋਂ ਬਾਅਦ ਪੈਦਾ ਹੋਣ ਵਾਲੇ ਹਾਲਤ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ।